ਇਹ ਦੇਸ਼ ਮੁੰਦਰੀ ਹੈ ਤਾਂ ਪੰਜਾਬ ਉਸਦਾ ਨਗੀਨਾ, ਧੁੰਦਲੀ ਪੈ ਚੁੱਕੀ ਇਸਦੀ ਝਲਕ ਨੂੰ ਮੁੜ ਚਮਕਾਵਾਂਗੇ : ਭਗਵੰਤ ਮਾਨ

Updated On: 

19 Jun 2023 14:15 PM

Bhagwant Mann Interview: ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੀ ਹੀ ਬੇਬਾਕੀ ਨਾਲ ਹਰ ਸਵਾਲ ਦਾ ਜਵਾਬ ਦਿੱਤਾ। ਫੇਰ ਭਾਵੇਂ ਉਨ੍ਹਾਂ 'ਤੇ ਕੀਤੇ ਜਾ ਰਹੇ ਵਿਰੋਧੀਆਂ ਦੇ ਸਿਆਸੀ ਹਮਲੇ ਹੋਣ ਜਾਂ ਨਿੱਜੀ। ਇਸ ਦੌਰਾਨ ਮਾਨ ਨੇ ਇੱਕ ਪੱਕੇ ਸਿਆਸਤਦਾਨ ਤੋਂ ਲੈਕੇ ਆਪਣੇ ਅੰਦਰ ਲੁੱਕੇ ਕਲਾਕਾਰ ਨਾਲ ਵੀ ਰੂ-ਬ-ਰੂ ਕਰਵਾਇਆ। ਇਸ ਇੰਟਰਵਿਊ ਵਿੱਚ ਉਨ੍ਹਾਂ ਵੱਲੋਂ ਕਹੀਆਂ ਗਈਆਂ ਕੁੱਝ ਅਹਿਮ ਗੱਲਾਂ ਨੂੰ ਦਰਸਾਉਂਦੀ ਸਾਡੀ ਇਹ ਖਾਸ ਰਿਪੋਰਟ....

ਇਹ ਦੇਸ਼ ਮੁੰਦਰੀ ਹੈ ਤਾਂ ਪੰਜਾਬ ਉਸਦਾ ਨਗੀਨਾ, ਧੁੰਦਲੀ ਪੈ ਚੁੱਕੀ ਇਸਦੀ ਝਲਕ ਨੂੰ ਮੁੜ ਚਮਕਾਵਾਂਗੇ : ਭਗਵੰਤ ਮਾਨ
Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇੱਕ ਨਿਜੀ ਚੈਨਲ ਵੱਲੋਂ ਲਏ ਗਏ ਇੰਟਰਵਿਊ ਵਿੱਚ ਉਨ੍ਹਾਂ ਦਾ ਬੜਾ ਹੀ ਬੇਬਾਰ ਰੂਪ ਵੇਖਣ ਨੂੰ ਮਿਲਿਆ। ਉਨ੍ਹਾਂ ਨੇ ਐਂਕਰ ਦੇ ਹਰ ਸਵਾਲ ਦਾ ਬੜੀ ਹੀ ਸਮਝਦਾਰੀ ਅਤੇ ਇੱਕ ਘੜੇ ਹੋਏ ਸਿਆਸਦਾਨ ਦੀ ਜੁਬਾਨ ਵਿੱਚ ਜਵਾਬ ਦਿੱਤਾ। ਮਾਨ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਉਨ੍ਹਾਂ ਸਵਾਲਾਂ ਦਾ ਵੀ ਖੁੱਲ੍ਹ ਕੇ ਜਵਾਬ ਦਿੱਤਾ, ਜਿਨ੍ਹਾਂ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਆਗੂ ਹਮੇਸ਼ਾ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ ਕਰਦੇ ਆਏ ਹਨ।

ਭਗਵੰਤ ਮਾਨ ਵੱਲੋਂ ਦਿੱਤੇ ਇਸ ਇੰਟਰਵਿਊ ਦੀ ਪੰਜਾਬ ਦੇ ਸਿਆਸੀ ਗਲਿਆਰਿਆਂ ਚ ਖੂਬ ਚਰਚਾ ਹੋ ਰਹੀ ਹੈ। ਇਸ ਇੰਟਰਵਿਊ ਦੌਰਾਨ ਉਨ੍ਹਾਂ ਵੱਲੋਂ ਕੀਤੇ ਗਏ ਵਿਰੋਧੀਆਂ ਤੇ ਤਿੱਖੇ ਹਮਲਿਆਂ ਤੋਂ ਬਾਅਦ ਹਰ ਵਿਰੋਧੀ ਦਲ ਦਾ ਆਗੂ ਉਨ੍ਹਾਂ ਨੂੰ ਘੇਰਣ ਦੀ ਰਣਨੀਤੀ ਬਣਾਉਣ ਚ ਜੁੱਟ ਗਿਆ ਹੈ। ਉਨ੍ਹਾਂ ਨੇ ਇੰਟਰਵਿਊ ਦੌਰਾਨ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ, ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠਿਆ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਹਮਲਿਆਂ ਤੇ ਤਿੱਖਾ ਪਲਟਵਾਰ ਕੀਤਾ।

ਇਸ ਦੌਰਾਨ ਉਨ੍ਹਾਂ ਦੀ ਨਿੱਜੀ ਜਿੰਦਗੀ ਨੂੰ ਲੈ ਕੇ ਵੀ ਕਈ ਸਵਾਲ ਪੁੱਛੇ ਗਏ। ਭਗਵੰਤ ਮਾਨ ਨੇ ਇਨ੍ਹਾਂ ਸਾਰੇ ਸਵਾਲਾਂ ਦਾ ਵੀ ਲੋਕਾਂ ਦੇ ਸਾਹਮਣੇ ਬਹੁਤ ਹੀ ਸਧੇ ਹੋਏ ਢੰਗ ਨਾਲ ਜਵਾਬ ਦਿੱਤਾ ਅਤੇ ਨਾਲ ਹੀ ਨਾਲ ਇਨ੍ਹਾਂ ਸਵਾਲਾਂ ਨੂੰ ਚੁੱਕਣ ਵਾਲੇ ਵਿਰੋਧੀਆਂ ਨੂੰ ਮੁੰਹ ਤੋੜਵਾਂ ਜਵਾਬ ਵੀ ਦਿੱਤਾ।

ਮੇਰੇ ਕੋਈ ਲੋਹੇ ਦਾ ਲੀਵਰ ਲੱਗਾ ਹੈ – ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬ ਦੇ ਨਸ਼ੇ ਵਿੱਚ ਰਹਿਣ ਦਾ ਦੋਸ਼ ਲਾਉਣ ਵਾਲਿਆਂ ‘ਤੇ ਵੀ ਹਮਲਾ ਬੋਲਿਆ ਹੈ। ਸੀਐਮ ਮਾਨ ਦਾ ਕਹਿਣਾ ਹੈ ਕਿ ਪਿਛਲੇ 12 ਸਾਲਾਂ ਤੋਂ ਉਨ੍ਹਾਂ ‘ਤੇ ਇਹ ਦੋਸ਼ ਲਾਏ ਜਾ ਰਹੇ ਹਨ ਕਿ ਉਹ ਦਿਨ-ਰਾਤ ਸ਼ਰਾਬ ਦੇ ਨਸ਼ੇ ਵਿੱਚ ਰਹਿੰਦੇ ਹਨ। ਕੋਈ ਦੱਸੇ ਕਿ ਜੋ 12 ਸਾਲਾਂ ਤੋਂ ਦਿਨ ਰਾਤ ਸ਼ਰਾਬ ਪੀ ਰਿਹਾ ਹੈ, ਕੀ ਉਹ ਅੱਜ ਜ਼ਿੰਦਾ ਹੈ? ਜੇ ਉਹ ਜਿੰਦਾ ਨਹੀਂ ਤਾਂ ਮੇਰੇ ਨਾਲ ਕਿਹੜਾ ਲੋਹੇ ਦਾ ਲੀਵਰ ਲੱਗਿਆ ਹੋਇਆ ਹੈ। ਜਦੋਂ ਲੋਕਾਂ ਨੂੰ ਜਦੋਂ ਕੋਈ ਮੁੱਦਾ ਨਹੀਂ ਮਿਲਦਾ ਤਾਂ ਉਹ ਅਜਿਹੇ ਦੋਸ਼ ਲਗਾਉਂਦੇ ਹਨ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਸਵੇਰੇ 6 ਵਜੇ ਉੱਠਦੇ ਹਨ ਅਤੇ ਪਹਿਲੀ ਫਾਈਲ ਮੰਗਵਾ ਲੈਂਦੇ ਹਨ। ਡੇਢ ਸਾਲ ਵਿੱਚ ਐਨਾ ਕੰਮ ਕਰ ਦਿੱਤਾ, ਜੋ 70 ਸਾਲਾਂ ਵਿੱਚ ਨਹੀਂ ਹੋਇਆ। ਪੰਜਾਬ ਵਿੱਚ 88 ਫੀਸਦੀ ਘਰਾਂ ਨੂੰ ਬਿਜਲੀ ਮੁਫਤ ਮਿਲਦੀ ਹੈ। ਰਾਜ ਵਿੱਚ ਦੋ ਮਹੀਨਿਆਂ ਬਾਅਦ ਬਿੱਲ ਆਉਂਦਾ ਹੈ, ਜਿਸ ਵਿੱਚ 600 ਯੂਨਿਟ ਮੁਫ਼ਤ ਹਨ। ਸਾਡੇ ਕੋਲ ਬਿਜਲੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਝਾਰਖੰਡ ਵਿੱਚ ਕੋਲੇ ਦੀ ਖਾਨ ਹੈ। ਇਹ 2015 ਤੋਂ ਬੰਦ ਪਈ ਹੋਈ ਹੈ। ਇਸ ਸਮੇਂ ਪੰਜਾਬ ਕੋਲ 52 ਦਿਨਾਂ ਦਾ ਕੋਲਾ ਪਿਆ ਹੈ। ਥਰਮਲ ਪਲਾਂਟਾਂ ਕੋਲ ਇੰਨਾ ਕੋਲਾ ਪਹਿਲਾਂ ਕਦੇ ਨਹੀਂ ਆਇਆ। ਜੇਕਰ ਕੰਮ ਕਰਨ ਦੀ ਇੱਛਾ ਹੋਵੇ ਤਾਂ ਕੋਈ ਵੀ ਕੰਮ ਕੀਤਾ ਜਾ ਸਕਦਾ ਹੈ।

ਪੰਜਾਬ ਦਾ ਪੈਸਾ ਲੁੱਟਣ ਵਾਲਿਆਂ ਦਾ ਹੋਵੇਗਾ ਹਿਸਾਬ-ਮਾਨ

ਭਗਵੰਤ ਮਾਨ ਨੇ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਉਨ੍ਹਾਂ ਦਾ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਪਿੱਛੇ ਇੱਕੋ ਇਕ ਮਕਸਦ ਹੈ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀਆਂ ਨੇ ਮੌਕਾ ਦਿੱਤਾ ਹੈ ਕਿ ਅਸੀਂ ਪੰਜਾਬ ਨੂੰ ਠੀਕ ਕਰੀਏ ਤਾਂ ਅਸੀਂ ਇਸ ਵਿੱਚ ਕੋਈ ਕਸਰ ਨਹੀਂ ਛੱਡਾਂਗੇ। ਜਿਸ ਕਿਸੇ ਨੇ ਵੀ ਪੰਜਾਬ ਦਾ ਪੈਸਾ ਲੁੱਟਿਆ ਹੈ, ਉਸਦਾ ਪੂਰਾ-ਪੂਰਾ ਹਿਸਾਬ ਹੋਵੇਗਾ। ਫੇਰ ਭਾਵੇਂ ਉਹ ਸਾਡੀ ਪਾਰਟੀ ਦਾ ਹੋਵੇ, ਮੇਰਾ ਰਿਸ਼ਤੇਦਾਰ ਹੋਵੇ ਜਾਂ ਫੇਰ ਵਿਰੋਧੀ ਪਾਰਟੀਆਂ ਦਾ ਆਗੂ ਹੋਵੇ। ਲੁੱਟੇ ਗਏ ਇੱਕ-ਇੱਕ ਪੈਸੇ ਦਾ ਹਿਸਾਬ ਹਰ ਕੀਮਤ ਚ ਹੋ ਕੇ ਰਹੇਗਾ।

ਮਾਨ ਦੇ ਕਾਂਗਰਸ ‘ਤੇ ਤਿੱਖੇ ਹਮਲੇ

ਰਾਹੁਲ ਗਾਂਧੀ ਵੱਲੋਂ ਪੰਜਾਬ ਸਰਕਾਰ ਨੂੰ ਕੇਜਰੀਵਾਲ ਵੱਲੋਂ ਚਲਾਉਣ ਦੇ ਸਵਾਲ ਦਾ ਜਵਾਬ ਵੀ ਉਨ੍ਹਾਂ ਨੇ ਬੜੇ ਮਜ਼ਾਕਿਆ ਅੰਦਾਜ਼ ਵਿੱਚ ਦਿੱਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪਹਿਲਾਂ ਆਪਣੀ ਪਾਰਟੀ ਚਲਾ ਲੈਣ, ਬਾਅਦ ਵਿੱਚ ਸਾਨੂੰ ਸਲਾਹ ਦੇਣ। ਉਨ੍ਹਾਂ ਕਿਹਾ ਕਿ ਕਾਂਗਰਸ ਆਪ ਤਾਂ ਇਕ ਕਹਾਣੀ ਬਣ ਕੇ ਰਹਿ ਗਈ ਹੈ। ਦੂਜਿਆਂ ਨੂੰ ਸਲਾਹਾਂ ਦੇਣ ਤੋਂ ਪਹਿਲਾਂ ਰਾਹੁਲ ਜੀ ਆਪਣੀ ਪਾਰਟੀ ਬਾਰੇ ਸੋਚਣ ਕਿ ਉਸ ਦੀ ਅੱਜ ਅਜਿਹੀ ਹਾਲਤ ਕਿਉਂ ਹੋ ਗਈ ਹੈ। ਉਨ੍ਹਾਂ ਨੇ ਤਿੱਖਾ ਤੰਜ ਕੱਸਦਿਆਂ ਇੱਕ ਮਿਸਾਲ ਵੀ ਦਿੱਤੀ ਕਿ ਅੱਜ ਦਿੱਲੀ ਵਿੱਚ ਜੇਕਰ ਕੋਈ ਮਾਂ ਆਪਣੇ ਬੱਚੇ ਨੂੰ ਥੋੜੇ ਸ਼ਬਦਾਂ ਚ ਕਹਾਣੀ ਸੁਣਾਉਣਾ ਚਾਹੇ ਤਾਂ ਉਹ ਸਿਰਫ ਇਹ ਕਹੇਗੀ ਕਿ ‘ਇਕ ਸੀ ਕਾਂਗਰਸ’।

ਪ੍ਰਧਾਨ ਮੰਤਰੀ ਮੋਦੀ ‘ਤੇ ਵੀ ਵਰ੍ਹੇ ਭਗਵੰਤ ਮਾਨ

ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਮਨ ਕੀ ਬਾਤ ਨੂੰ ਲੈ ਕੇ ਵੀ ਮੁੱਖ ਮੰਤਰੀ ਮਾਨ ਨੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ‘ਮਨ ਕੀ ਬਾਤ’ ਤਾਂ ਕਰਦੇ ਨੇ ਪਰ ਕਦੇ ਜਨ ਦੀ ਬਾਤ ਵੀ ਸੁਣ ਲੈਣ। ਦੇਸ਼ ਚ ਮਹਿੰਗਾਈ ਵੱਧ ਰਹੀ ਹੈ, ਪਰ ਮੋਦੀ ਜੀ ਇਸ ਤੋਂ ਬੇਖ਼ਬਰ ਹਨ। ਉਨ੍ਹਾਂ ਨੇ ਬੜੀ ਹੀ ਮਜੇਦਾਰ ਸਿਆਸੀ ਕਵਿਤਾ ਦੇ ਜਰੀਏ ਵਿਰੋਧੀਆਂ ਤੇ ਹਮਲੇ ਕਰਕੇ ਉੱਥੇ ਮੌਜੂਦ ਲੋਕਾਂ ਦਾ ਖੂਬ ਮਨੋਰੰਜਨ ਵੀ ਕੀਤਾ।

ਸਿੱਧੂ-ਮਜੀਠਿਆ ਦੀ ਜੱਫੀ ‘ਤੇ ਮਾਨ ਦਾ ਤੰਜ

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਆਗੂ ਬਿਕਰਮ ਮਜੀਠਿਆਂ ਵੱਲੋਂ ਪਿਛਲੇ ਦਿਨੀ ਇੱਕ ਪ੍ਰੋਗਰਾਮ ਦੌਰਾਨ ਜੱਫੀ ਪਾਉਣ ਨੂੰ ਲੈ ਕੇ ਮਾਨ ਨੇ ਦੋਵਾਂ ਤੇ ਖੂਬ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਦੀ ਦੁਸ਼ਮਣੀ ਇਸ ਹੱਦ ਤੱਕ ਸੀ ਕਿ ਦੋਵਾਂ ਨੇ ਇੱਕ-ਦੂਜੇ ਨੂੰ ਨੀਵੇਂ ਤੋਂ ਨੀਵੇਂ ਪੱਧਰ ਤੱਕ ਜਾ ਕੇ ਗਾਲ੍ਹਾਂ ਕੱਢੀਆਂ। ਐਨਾ ਨੀਵਾਂ ਡਿੱਗਣ ਤੋਂ ਬਾਅਦ ਦੋਵੇਂ ਜੱਫੀ ਪਾ ਕੇ ਦੋਸਤ ਬਣਨ ਦਾ ਦੱਮ ਭਰ ਰਹੇ ਹਨ, ਤਾਂ ਇਹ ਸਭ ਇੱਕ ਨਾਟਕ ਹੈ। ਦੋਵੇਂ ਫਰੇਬ ਕਰ ਰਹੇ ਹਨ, ਅੰਦਰੋ-ਅੰਦਰੀ ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਦੀ ਵਿਓਤਬੰਦੀ ਬਣਾ ਰਹੇ ਹਨ।

ਇਸ ਮੌਕੇ ਨਵਜੋਤ ਸਿੱਧੂ ਵੱਲੋਂ ਉਨ੍ਹਾਂ ਦੇ ਦੂਜੇ ਵਿਆਹ ਨੂੰ ਲੈ ਕੇ ਕੀਤੇ ਗਏ ਨਿਜੀ ਹਮਲੇ ਦਾ ਵੀ ਉਨ੍ਹਾਂ ਨੇ ਸ਼ਾਇਰਾਨਾ ਅੰਦਾਜ ਵਿੱਚ ਜਵਾਬ ਦਿੱਤਾ ਕਿ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੁੰਦੇ ਹਨ, ਉਨ੍ਹਾਂ ਨੂੰ ਦੂਜਿਆਂ ਦੇ ਘਰਾਂ ਤੇ ਪੱਥਰ ਨਹੀਂ ਸੁੱਟਣੇ ਚਾਹੀਦੇ। ਉਨ੍ਹਾਂ ਕਿਹਾ ਕਿ ਸਿੱਧੂ ਦੇ ਪਿਤਾ ਨੇ ਵੀ ਦੂਜਾ ਵਿਆਹ ਕਰਵਾਇਆ ਸੀ। ਉਨ੍ਹਾਂ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਆਪਣੀ ਜਿੰਦਗੀ ਵੱਲ ਝਾਤ ਜਰੂਰ ਮਾਰ ਲੈਣੀ ਚਾਹੀਦੀ ਸੀ।

ਸੁਖਬੀਰ ਦੇ ਪਾਗਲ ਕਹਿਣ ‘ਤੇ ਵੀ ਦਿੱਤਾ ਸਟੀਕ ਜਵਾਬ

ਹਾਲ ਹੀ ਵਿੱਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਪਾਗਲ ਕਹਿਣ ਤੇ ਵੀ ਉਨ੍ਹਾਂ ਨੇ ਤਿੱਖਾ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਜਿਨ੍ਹੇ ਸਮਝਦਾਰ ਹਨ, ਉਹ ਆਪ ਹੀ ਇਸਦੀ ਮਿਸਾਲ ਦੇ ਚੁੱਕੇ ਹਨ। ਸਟੇਜ ਤੇ ਜਦੋਂ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਵਾਰ-ਵਾਰ ਪਿਤਾ ਸਮਾਨ ਕਹਿ ਰਹੇ ਸਨ ਤਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਆਪ ਉੱਠ ਕੇ ਕਹਿਣਾ ਪਿਆ ਕਿ ਉਹ ਉਨ੍ਹਾਂ ਦੇ ਪਿਤਾ ਸਮਾਨ ਨਹੀਂ, ਸਗੋਂ ਪਿਤਾ ਹੀ ਹਨ। ਹੁਣ ਲੋਕ ਆਪੇ ਫੈਸਲਾ ਕਰਨ ਕਿ ਪਾਗਲ ਕੌਣ ਹੈ।

ਨਸ਼ੇ ‘ਤੇ ਠੱਲ ਪਾਉਣ ਨੂੰ ਲੈ ਕੇ ਮਾਨ ਨੇ ਦੱਸੀ ਸਰਕਾਰ ਦੀ ਰਣਨੀਤੀ

ਪੰਜਾਬ ਦੇ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਨਸ਼ੇ ਦੇ ਸਵਾਲ ਚ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮੁੱਦੇ ਨੂੰ ਲੈ ਕੇ ਬਹੁਤ ਗੰਭੀਰ ਹੈ। ਉਨ੍ਹਾਂ ਨੇ ਇਸ ਦੇ ਪਿੱਛੇ ਸਭ ਤੋਂ ਵੱਢਾ ਕਾਰਨ ਬੇਰੁਜ਼ਗਾਰੀ ਦੱਸਿਆ। ਉਹ ਆਪਣੇ ਸੂਬੇ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਚੋਂ ਜਰੂਰ ਕੱਢਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਚ ਨਵੇਂ ਰੁਜ਼ਗਾਰ ਪੈਦਾ ਕਰ ਰਹੀ ਹੈ ਤਾਂ ਜੋਂ ਪੰਜਾਬ ਦੀ ਜਵਾਨੀ ਮੇਹਨਤ ਨਾਲ ਕੰਮ ਕਰ ਸਕੇ। ਪੁਲਿਸ ਵਿੱਚ ਹਰ ਸਾਲ ਵੱਧ ਤੋਂ ਵੱਧ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਇਸ ਦੀ ਤਿਆਰੀ ਕਰਨ ਲਈ ਆਪਣੇ ਸ਼ਰੀਰ ਨਾਲ ਪਿਆਰ ਕਰਨਾ ਸਿੱਖਣ ਅਤੇ ਨਸ਼ੇ ਦੀ ਗਰਤ ਤੋਂ ਦੁਰ ਰਹਿਣ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਵੱਡੇ- ਵੱਡੇ ਉਦਯੋਗਪਤੀ ਉਦੋਯਗ ਸਥਾਪਤ ਕਰ ਰਹੇ ਹਨ, ਜਿਸ ਨਾਲ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਉਨ੍ਹਾਂ ਦਾ ਨਸ਼ੇ ਵੱਲੋਂ ਧਿਆਨ ਹੱਟੇਗਾ।

‘ਪਿਛਲੇ ਜਨਮ ਦੇ ਪੁੰਨ ਹਨ ਜੋ ਲੋਕ ਐਨਾ ਪਿਆਰ ਕਰਦੇ ਨੇ’

ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਨਿੱਜੀ ਅਤੇ ਸਿਆਸੀ ਹਮਲਿਆਂ ਨੂੰ ਲੈ ਕੇ ਕੀਤੇ ਗਏ ਸਵਾਲ ਤੇ ਉਨ੍ਹਾਂ ਕਿਹਾ, ਵਿਰੋਧੀਆਂ ਕੋਲ ਅੱਜ ਕੋਈ ਮੁੱਦਾ ਹੀ ਨਹੀਂ ਹੈ, ਇਸ ਲਈ ਤਾਂ ਸਾਰੇ ਇਕੱਠੇ ਹੋ ਕੇ ਮੇਰੇ ਪਿੱਛੇ ਪਏ ਹੋਏ ਨੇ। ਉਨ੍ਹਾਂ ਕਿਹਾ, ਮੇਰੇ ਲੋਕਾਂ ਦਾ ਸਾਥ ਮੇਰੇ ਨਾਲ ਹੈ, ਮੈਂ ਜਿੱਥੇ ਵੀ ਜਾਂਦਾ ਹਾਂ, ਲੋਕ ਪਿਆਰ ਕਰਦੇ ਨੇ, ਫੁੱਲਾਂ ਨਾਲ ਪੱਗ ਭਰ ਦਿੰਦੇ ਨੇ। ਇਹ ਉਨ੍ਹਾਂ ਦੇ ਪਿਛਲੇ ਜਨਮ ਦੇ ਕੀਤੇ ਪੁੰਨ ਹੀ ਨੇ, ਜੋ ਅੱਜ ਲੋਕ ਉਨ੍ਹਾਂ ਨੂੰ ਐਨਾ ਪਿਆਰ ਕਰਦੇ ਨੇ। ਉਨ੍ਹਾਂ ਵਿਰੋਧੀਆਂ ਦੇ ਹਮਲੇ ਦੇ ਸਵਾਲ ਦੇ ਜਵਾਬ ਚ ਕਿਹਾ ਕਿ ਅੱਜ ਤੱਕ ਜਿਨ੍ਹੇ ਵੀ ਮੁੱਖ ਮੰਤਰੀ ਆਏ ਨੇ ਉਹ ਲੋਕਾਂ ਦੇ ਐਨੇ ਨੇੜੇ ਕਦੇ ਵੀ ਨਹੀਂ ਗਏ। ਆਪਣੇ ਘਰਾਂ ਅਤੇ ਏਸੀ ਦਫਤਰਾਂ ਚ ਬਹਿ ਕੇ ਹੀ ਪੰਜਾਬ ਚਲਾਉਂਦੇ ਰਹੇ ਹਨ। ਜਿਸ ਦੇ ਨਤੀਜੇ ਵੱਜੋਂ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਅਤੇ ਏਸੀ ਕਮਰਿਆਂ ਦੇ ਅੰਦਰ ਹੀ ਬੰਦ ਕਰ ਦਿੱਤਾ ਹੈ। ਲੋਕਾਂ ਨੇ ਸਾਨੂੰ ਮੌਕਾ ਦਿੱਤਾ ਹੈ, ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਵਖਾਵਾਂਗੇ।

ਫਾਦਰਸ ਡੇਅ ਮੌਕੇ ਆਪਣੇ ਪਿਤਾ ਜੀ ਨੂੰ ਕੀਤਾ ਯਾਦ

ਮਾਨ ਨੇ ਫਾਦਰਸ ਡੇਅ ਮੌਕੇ ਆਪਣੇ ਪਿਤਾ ਨਾਲ ਜੁੜੀਆਂ ਦਿਲਚਸਪ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਜਿਸ ਸਕੂਲ ਵਿੱਚ ਉਨ੍ਹਾਂ ਦੇ ਪਿਤਾ ਜੀ ਹੈੱਡ ਮਾਸਟਰ ਸਨ, ਉਹ ਉਸੇ ਸਕੂਲ ਵਿੱਚ ਪੜ੍ਹਦੇ ਸਨ। ਸਾਰੇ ਅਧਿਆਪਕਾਂ ਦੀ ਨਿਗਾਹਾਂ ਉਨ੍ਹਾਂ ਤੇ ਹੀ ਲੱਗੀਆਂ ਰਹਿੰਦੀਆਂ ਸਨ। ਉਨ੍ਹਾਂ ਨੂੰ ਕਲਾਕਾਰ ਬਣਨ ਦਾ ਸ਼ੌਂਕ ਸੀ ਪਰ ਪਿਤਾ ਜੀ ਨੂੰ ਇਹ ਮਨਜੂਰ ਨਹੀਂ ਸੀ। ਉਨ੍ਹਾਂ ਦੇ ਡਰ ਵੱਜੋਂ ਉਹ ਚੋਰੀ-ਚੋਰੀ ਸਟੇਜ ਸ਼ੋਅ ਕਰਦੇ ਅਤੇ ਉੱਥੋਂ ਇਨਾਮ ਦੇ ਤੌਰ ਤੇ ਜੋ ਵੀ ਟਰਾਫੀ ਮਿਲਦੀ, ਉਹ ਦੂਜੇ ਮੁੰਡਿਆਂ ਨੂੰ ਦੇ ਦਿੰਦੇ ਸਨ। ਉਨ੍ਹਾਂ ਅੱਜ-ਕੱਲ ਦੇ ਮਾਪਿਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਟੈਲੇਂਟ ਨੂੰ ਪਹਚਾਣਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੁਤਾਬਕ ਕੰਮ ਜਾਂ ਕੈਰੀਅਰ ਚੁਣਨ ਦਾ ਮੌਕਾ ਦੇਣ।

ਮਾਨ ਨੇ ਆਪਣੇ ਅੰਦਰ ਦੇ ਕਲਾਕਾਰ ਨਾਲ ਵੀ ਮਿਲਵਾਇਆ

ਇੰਟਰਵਿਊ ਦੌਰਾਨ ਉੱਥੇ ਮੌਜੂਦ ਲੋਕਾਂ ਚੋਂ ਇੱਕ ਵੱਲੋਂ ਸਵਾਲ ਪੁੱਛਣ ਤੇ ਉਨ੍ਹਾਂ ਨੇ ਨਾ ਸਿਰਫ ਆਪਣੀ ਕਲਾਕਾਰੀ ਦਾ ਨਮੂਨਾ ਵਿਖਾਇਆ, ਸਗੋਂ ਗੀਤ ਗਾ ਕੇ ਆਪਣੀ ਆਵਾਜ਼ ਦਾ ਜਾਦੂ ਵੀ ਖੂਬ ਚਲਾਇਆ। ਉਨ੍ਹਾਂ ਦੇ ਇਸ ਰੂਪ ਨੂੰ ਵੇਖ ਕੇ ਲੋਕਾਂ ਨੇ ਖੂਬ ਆਨੰਦ ਮਾਣਿਆ ਅਤੇ ਜੰਮਕੇ ਤਾੜੀਆਂ ਵਜਾਈਆਂ। ਇਸ ਮੌਕੇ ਜੱਜ ਦੇ ਰੂਪ ਚ ਮੌਜੂਦ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਆਪਣੀ ਮਿੱਠੀ ਆਵਾਜ਼ ਚ ਹੀਰ ਸੁਣਾ ਕੇ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ