Baisakhi 2023: ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ‘ਤੇ ਲੱਗੀਆਂ ਰੌਣਕਾਂ, ਜੱਥੇਦਾਰ ਅਤੇ ਧਾਮੀ ਨੇ ਦਿੱਤੀ ਸੰਗਤਾਂ ਨੂੰ ਵਧਾਈ

Updated On: 

14 Apr 2023 13:11 PM IST

Jathedar Message: ਜਥੇਦਾਰ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਗੜਬੜ ਨਹੀਂ ਹੈ, ਇੱਥੇ ਪੂਰੀ ਤਰ੍ਹਾਂ ਨਾਲ ਅਮਨ-ਸ਼ਾਂਤੀ ਹੈ। ਪਰ ਕੁਝ ਤਾਕਤਾਂ ਪੰਜਾਬ ਵਿੱਚ ਗੜਬੜ ਦੀਆਂ ਅਫਵਾਹਾਂ ਫੈਲਾ ਰਹੀਆਂ ਹਨ ਤਾਂ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Follow Us On
ਬਠਿੰਡਾ ਨਿਊਜ: ਅੱਜ ਵਿਸਾਖੀ (Baisakhi) ਦੇ ਪਵਿੱਤਰ ਤਿਉਹਾਰ ਮੌਕੇ ‘ਤੇ ਸੂਬੇ ਤੇ ਗੁਰੂ ਘਰਾਂ ‘ਚ ਸੰਗਤਾਂ ਦੀ ਭਾਰੀ ਭੀੜ ਦਿਖਾਈ ਦੇ ਰਹੀ ਹੈ। ਤਲਵੰਡੀ ਸਾਬੋ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿੱਖੇ ਵਿਸਾਖੀ ਦੇ ਸੂਬਾ ਪੱਧਰੀ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਪੰਜ ਪਿਆਰੇ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਉੱਘੇ ਸਿੰਘ ਸਾਹਿਬਾਨ ਮੌਜੂਦ ਹਨ। ਖਾਲਸਾ ਦੇ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰੂਦੁਆਰਾ ਸਾਹਿਬ ਵਿੱਚ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਤਲਵੰਡੀ ਸਾਬੋ ਤੋਂ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਹਰ ਸਿੱਖ ਨੂੰ ਆਪਣੇ ਘਰ ਕਿਰਪਾਨ ਜਰੂਰ ਰੱਖਣੀ ਚਾਹੀਦੀ ਹੈ। ਇਸ ਦਿਨ ਗੁਰੂ ਜੀ ਨੇ ਖਾਲਸੇ ਦੇ ਹੱਥ ਵਿੱਚ ਕਿਰਪਾਨ ਦਿੱਤੀ ਸੀ। ਕਿਰਪਾਨ ਸਾਡੀਆਂ ਪੰਜ ਸ਼੍ਰੇਣੀਆਂ ਵਿੱਚ ਸ਼ਾਮਲ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਉਹ ਤਲਵਾਰਾਂ ਰੱਖਣ ‘ਤੇ ਪਾਬੰਦੀ ਲਾਉਣ ਦੀ ਗੱਲ ਕਰਦੇ ਹਨ। ਕਈ ਸਿੱਖਾਂ ਵੱਲੋਂ ਘਰ ਵਿੱਚ ਤਲਵਾਰ ਰੱਖਣ ਕਰਕੇ ਉਨ੍ਹਾਂ ਖਿਲਾਫ ਆਰਮਜ਼ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ।

ਪੁਲਿਸ ਵੱਲੋਂ ਸੰਗਤ ਦੀ ਚੈਕਿੰਗ ‘ਤੇ ਜਥੇਦਾਰ ਦੇ ਸਵਾਲ

ਜੱਥੇਦਾਰ ਨੇ ਅੱਗੇ ਕਿਹਾ ਕਿ ਜਿਸ ਸੂਬੇ ਵਿੱਚ ਭਾਈਚਾਰਕ ਸਾਂਝ ਟੁੱਟ ਜਾਨੇ ਅਤੇ ਲੋਕ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਭੁੱਲ ਜਾਣ, ਇੱਕ ਵੀ ਸਮੱਸਿਆ ਪੈਦਾ ਹੋਈ ਹੋਵੇ, ਪਰ ਪੰਜਾਬ ਵਿੱਚ ਅਜਿਹਾ ਕੁਝ ਨਹੀਂ ਹੋਇਆ। ਪੰਜਾਬ ਵਿੱਚ ਸਾਰੇ ਭਾਈਚਾਰਿਆਂ ਵਿੱਚ ਭਾਈਚਾਰਕ ਸਾਂਝ ਕਾਇਮ ਹੈ। ਜਥੇਦਾਰ ਨੇ ਕਿਹਾ ਕਿ ਸਰਕਾਰੀ ਰੁਕਾਵਟ ਦੇ ਬਾਵਜੂਦ ਸੰਗਤਾਂ ਮੱਥਾ ਟੇਕਣ ਲਈ ਦਮਦਮਾ ਸਾਹਿਬ ਪਹੁੰਚ ਰਹੀਆਂ ਹਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਗੁਰੂ ਘਰ ਆਉਣ ਵਾਲੀ ਸੰਗਤ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਰਕਾਰ ਦੀ ਆਪਣੀ ਮਜਬੂਰੀ ਹੈ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਸ਼ੋਭਿਤ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਇਤਿਹਾਸ ਬਾਰੇ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਚਾਨਣਾ ਪਾਇਆ।

ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ – ਧਾਮੀ

ਉੱਧਰ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੇਸਰ ਹਰਜਿੰਦਰ ਸਿੰਘ ਧਾਮੀ ਨੇ ਵੀ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਨੇ ਗੁਰ ਘਰਾਂ ਦੇ ਆਲੇ-ਦੁਆਲੇ ਸਖਤ ਪੁਲਿਸ ਪ੍ਰਬੰਧਾਂ ਤੇ ਸਵਾਲ ਵੀ ਚੁੱਕੇ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਗੁਰੂ ਘਰਾਂ ਚ ਇਨ੍ਹੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾ ਕਿਹਾ ਕਿ ਅਬਦਾਲੀ ਵੇਲੇ ਵੀ ਸਿੱਖ ਆਪਣੇ ਧਾਰਮਿਕ ਅਸਥਾਨਾਂ ਤੇ ਪਾਬੰਦੀਆਂ ਦੇ ਬਾਵਜੂਦ ਨਤਮਸਤਕ ਹੁੰਦੇ ਰਹੇ ਨੇ ਫੇਰ ਹੁਣ ਕਿਵੇਂ ਨਤਮਸਤਕ ਨਹੀਂ ਹੋਣਗੇ। ਧਾਮੀ ਨੇ ਪੰਜਾਬ ਚ ਸਿਰਜੇ ਜਾ ਰਹੇ ਮਾਹੌਲ ਬਾਰੇ ਕਿਹਾ ਕਿ ਪੰਜਾਬ ਦਾ ਅਕਸ ਧੁੰਦਲਾ ਕਰਕੇ ਸਾਰੇ ਦੇਸ਼ ਚ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਲਗਦੀ ਹੈ। ਜਿਕਰਯੋਗ ਹੈ ਕਿ ਬਠਿੰਡਾ ਪੁਲਿਸ ਦੇ ਤਰਫੋਂ ਇਸ ਵਾਰ ਵਿਸਾਖੀ ਮੌਕੇ ਸੁਰੱਖਿਆ ਦੇ ਕੜੇ ਬੰਦੋਬਸਤ ਕੀਤੇ ਗਏ ਹਨ। ਖਬਰ ਹੈ ਕਿ ਭਗੋੜਾ ਅੰਮ੍ਰਿਤਪਾਲ ਸਿੰਘ (Amritpal Singh) ਤਿੰਨਾਂ ਤਖ਼ਤਾਂ ਚੋਂ ਕਿਸੇ ਤੇ ਵੀ ਜਾ ਕੇ ਸਰੇਂਡਰ ਕਰ ਸਕਦਾ ਹੈ। ਪਰ ਪੁਲਿਸ ਉਸ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੁੰਦੀ ਹੈ, ਕਿਉਂਕਿ ਉਹ ਗੁਰੂ ਘਰ ‘ਚ ਸਰੇਂਡਰ ਕਰਕੇ ਧਾਰਮਿਕ ਨਾਇਕ ਬਣਨ ਦਾ ਕੋਸ਼ਿਸ਼ ਕਰਨਾ ਚਾਹੁੰਦਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ