ਬਠਿੰਡਾ ‘ਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਕਾਪਾ ਤੇ ਬਾਈਕ ਬਰਾਮਦ

Updated On: 

22 May 2026 20:06 PM IST

ਬਠਿੰਡਾ ਪੁਲਿਸ ਨੇ ਭੁੱਚੋ ਮੰਡੀ ਇਲਾਕੇ ਵਿੱਚ ਇੱਕ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਵਾਰਦਾਤ ਵਿੱਚ ਸ਼ਾਮਲ ਹੋਰਨਾਂ ਅਣਪਛਾਤੇ ਵਿਅਕਤੀਆਂ ਦੀ ਵੀ ਪਛਾਣ ਕਰ ਲਈ ਹੈ।

ਬਠਿੰਡਾ ਚ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਕਾਪਾ ਤੇ ਬਾਈਕ ਬਰਾਮਦ

ਬਠਿੰਡਾ ਪੁਲਿਸ ਨੇ ਭੁੱਚੋ ਮੰਡੀ ਇਲਾਕੇ ਵਿੱਚ ਇੱਕ ਵਿਅਕਤੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਵਾਰਦਾਤ ਵਿੱਚ ਸ਼ਾਮਲ ਹੋਰਨਾਂ ਅਣਪਛਾਤੇ ਵਿਅਕਤੀਆਂ ਦੀ ਵੀ ਪਛਾਣ ਕਰ ਲਈ ਹੈ। ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਭੁੱਚੋ ਮੰਡੀ ਵਿੱਚ ਹੋਏ ਝਗੜੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਹਮਲੇ ਦੇ ਸਬੰਧ ਵਿੱਚ ਦਰਜ ਮੁਕੱਦਮੇ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਵੇਲੇ ਵਰਤਿਆ ਗਿਆ ਮੋਟਰਸਾਈਕਲ ਅਤੇ ਇੱਕ ਤੇਜ਼ਧਾਰ ‘ਕਾਪਾ’ ਵੀ ਬਰਾਮਦ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਹਿੰਸਕ ਝੜਪ ਵਿੱਚ ਜੈਦੀਪ ਗਰਗ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਆਦੇਸ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। 17 ਮਈ, 2026 ਨੂੰ ਹਸਪਤਾਲ ਵਿੱਚ ਜ਼ਖ਼ਮੀ ਦੇ ਦਰਜ ਕੀਤੇ ਗਏ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਸੀ।

ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਵੱਲੋਂ ਅਣਪਛਾਤੇ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲਿਸ ਟੀਮਾਂ ਦੀ ਮੁਸਤੈਦੀ ਸਦਕਾ 21 ਮਈ, 2026 ਨੂੰ ਇਸ ਅੰਨ੍ਹੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ ਅਤੇ ਜਾਂਚ ਤੋਂ ਬਾਅਦ ਚਾਰ ਵਿਅਕਤੀਆਂ ਨੂੰ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਗਿਆ।

ਪੁੱਛਗਿੱਛ ਦੌਰਾਨ ਮੁਲਜ਼ਮਾਂ ਦੇ ਖੁਲਾਸੇ

ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਸੁੰਦਰ ਸਿੰਘ ਉਰਫ਼ ਖੁਸ਼ੀ (ਸਪੁੱਤਰ ਕੁਲਦੀਪ ਸਿੰਘ, ਨਿਵਾਸੀ ਗੁਰੂ ਅਰਜਨ ਦੇਵ ਨਗਰ, ਭੁੱਚੋ ਮੰਡੀ), ਗੁਰਪ੍ਰੀਤ ਸਿੰਘ (ਸਪੁੱਤਰ ਕਰਨੈਲ ਸਿੰਘ, ਨਿਵਾਸੀ ਵਰਮਾ ਬਸਤੀ ਵਾਰਡ ਨੰਬਰ 07, ਭੁੱਚੋ ਮੰਡੀ), ਕਰਨ ਸਿੰਘ ਉਰਫ਼ ਫਿਰੰਗੀ (ਸਪੁੱਤਰ ਮਹਾਵੀਰ, ਨਿਵਾਸੀ ਭੁੱਚੋ ਮੰਡੀ) ਅਤੇ ਭੰਗੂ (ਨਿਵਾਸੀ ਭੁੱਚੋ ਮੰਡੀ) ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿੱਚੋਂ ਪੁਲਿਸ ਨੇ ਸੁੰਦਰ ਸਿੰਘ ਉਰਫ਼ ਖੁਸ਼ੀ ਅਤੇ ਗੁਰਪ੍ਰੀਤ ਸਿੰਘ ਨੂੰ ਸਫ਼ਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ ਹੈ।

ਮੁਢਲੀ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਲਹਿਰਾ ਬੇਗਾ ਰੋਡ ਤੋਂ ਲੰਘ ਰਹੇ ਸਨ। ਉਸੇ ਵੇਲੇ ਉੱਥੋਂ ਲੰਘ ਰਹੀ ਇੱਕ ਸਕੋਰਪੀਓ ਗੱਡੀ ਵਿੱਚ ਸਵਾਰ ਵਿਅਕਤੀ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ਵਿੱਚ ਸੀ। ਜਦੋਂ ਉਹ ਉਸ ਦੇ ਨੇੜੇ ਪਹੁੰਚੇ ਤਾਂ ਗੱਡੀ ਸਵਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਕੋਈ ਹੋਰ ਵਾਹਨ ਸਮਝ ਲਿਆ ਅਤੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਗਾਲੀ-ਗਲੋਚ ਕਰਨ ਲੱਗ ਪਿਆ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ, ਜੋ ਦੇਖਦੇ ਹੀ ਦੇਖਦੇ ਖੂਨੀ ਹਮਲੇ ਵਿੱਚ ਬਦਲ ਗਈ।

ਤੇਜ਼ਧਾਰ ਹਥਿਆਰ ਨਾਲ ਸਿਰ ‘ਤੇ ਕੀਤਾ ਵਾਰ

ਮੁਲਜ਼ਮਾਂ ਮੁਤਾਬਕ ਉਕਤ ਗੱਡੀ ਸਵਾਰ ਵਿਅਕਤੀ ਕਾਫ਼ੀ ਨਸ਼ੇ ਵਿੱਚ ਸੀ ਅਤੇ ਬਹਿਸਬਾਜ਼ੀ ਦੌਰਾਨ ਹੀ ਇੱਕ ਮੁਲਜ਼ਮ ਨੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ (ਚਾਕੂ/ਕਾਪੇ) ਨਾਲ ਜ਼ੋਰਦਾਰ ਵਾਰ ਕਰ ਦਿੱਤਾ। ਹਮਲੇ ਕਾਰਨ ਉਹ ਵਿਅਕਤੀ ਲਹੂ-ਲੁਹਾਨ ਹੋ ਕੇ ਉੱਥੇ ਹੀ ਡਿੱਗ ਪਿਆ, ਜਿਸ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਅਗਲੀ ਸਵੇਰ ਉਨ੍ਹਾਂ ਨੂੰ ਖ਼ਬਰਾਂ ਰਾਹੀਂ ਪਤਾ ਲੱਗਿਆ ਕਿ ਜਿਸ ਵਿਅਕਤੀ ਨਾਲ ਰਾਤ ਨੂੰ ਉਨ੍ਹਾਂ ਦੀ ਲੜਾਈ ਹੋਈ ਸੀ, ਉਹ ਅਸਲ ਵਿੱਚ ਕੌਣ ਸੀ।

ਗ੍ਰਿਫ਼ਤਾਰ ਮੁਲਜ਼ਮ ਨਿਕਲਿਆ ਅੰਤਰਰਾਜੀ ਚੋਰ

ਪੁਲਿਸ ਜਾਂਚ ਦੌਰਾਨ ਫੜੇ ਗਏ ਮੁਲਜ਼ਮ ਗੁਰਪ੍ਰੀਤ ਸਿੰਘ ਬਾਰੇ ਇੱਕ ਹੋਰ ਵੱਡਾ ਅਤੇ ਹੈਰਾਨੀਜਨਕ ਖੁਲਾਸਾ ਹੋਇਆ ਹੈ। ਉਹ ਮੁੰਬਈ ਵਿੱਚ ਏਟੀਐਮ (ATM) ਤੋੜ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਨ ਦੇ ਦੋ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਸੀ। ਉਸ ਦੇ ਖ਼ਿਲਾਫ਼ ਜੁਲਾਈ 2025 ਵਿੱਚ ਮੁੰਬਈ ਦੇ ਨਹਿਰੂ ਨਗਰ ਪੁਲਿਸ ਸਟੇਸ਼ਨ ਵਿੱਚ 3 ਲੱਖ ਰੁਪਏ ਦੀ ਨਕਦੀ ਚੋਰੀ ਕਰਨ ਦਾ ਮੁਕੱਦਮਾ ਦਰਜ ਹੈ, ਜਦਕਿ ਦੂਜਾ ਮਾਮਲਾ ਮੁੰਬਈ ਦੇ ਹੀ ਘਾਟਕੋਪਰ ਪੁਲਿਸ ਸਟੇਸ਼ਨ ਵਿੱਚ 9 ਲੱਖ ਰੁਪਏ ਦੀ ਨਕਦੀ ਚੋਰੀ ਕਰਨ ਦਾ ਦਰਜ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਵਾਰਦਾਤ ਵਿੱਚ ਸ਼ਾਮਲ ਬਾਕੀ ਫ਼ਰਾਰ ਮੁਲਜ਼ਮਾਂ ਨੂੰ ਵੀ ਜਲਦ ਹੀ ਸਲਾਖਾਂ ਪਿੱਛੇ ਧੱਕ ਦਿੱਤਾ ਜਾਵੇਗਾ।

Follow Us
Related Stories
ਲੁਧਿਆਣਾ ‘ਚ ਗਾਹਕ ਬਣ ਆਏ ਬਦਮਾਸ਼ਾਂ ਨੇ ਸੁਨਿਆਰੇ ‘ਤੇ ਕੀਤੇ ਚਾਕੂਆਂ ਨਾਲ ਵਾਰ, ਸੋਨਾ ਲੈ ਕੇ ਹੋਏ ਫ਼ਰਾਰ; CCTV ਫੂਟੇਜ ਆਈ ਸਾਹਮਣੇ
ਗੈਂਗਰੇਪ ਦੇ ਇਲਜ਼ਾਮਾਂ ਨੂੰ ਗ਼ਲਤਫ਼ਹਿਮੀ ਦੱਸਣ ਵਾਲੀ ਮਹਿਲਾ ‘ਤੇ ਹਾਈ ਕੋਰਟ ਸਖ਼ਤ, ਲਗਾਇਆ 1 ਲੱਖ ਦਾ ਜੁਰਮਾਨਾ
ਪੰਜਾਬ ‘ਚ SIR: ਵੋਟਰ ਮੈਪਿੰਗ ‘ਚ ਮਾਨਸਾ-ਤਰਨਤਾਰਨ ਸਮੇਤ 4 ਜ਼ਿਲ੍ਹੇ ਮੋਹਰੀ, ਮੋਹਾਲੀ ਰਫ਼ਤਾਰ ਦੇ ਮਾਮਲੇ ‘ਚ ਸਭ ਤੋਂ ਪਿੱਛੇ
ਕਪੂਰਥਲਾ ‘ਚ ਧਾਰਮਿਕ ਥਾਂ ਨੂੰ ਲੈ ਕੇ ਦੋ ਧਿਰਾਂ ਭਿੜੀਆਂ, ਪੁਲਿਸ ਨਾਲ ਵੀ ਹੋਈ ਧੱਕਾਮੁੱਕੀ; ਪੋਸਟਰ ਲਗਾਉਣ ਨਾਲ ਭੱਖਿਆ ਮਾਹੌਲ
ਨਮ ਅੱਖਾਂ ਨਾਲ ਹੋਇਆ ਸਿੰਗਰ ਇੰਦਰ ਕੌਰ ਦਾ ਅੰਤਿਮ ਸਸਕਾਰ, ਮੁੱਖ ਮੁਲਜ਼ਮ NRI ਨੂੰ ਭਾਰਤ ਲਿਆਉਣ ਦੀ ਮੰਗ ਤੇਜ਼
ਹੁਸ਼ਿਆਰਪੁਰ ਨੇੜੇ ਸਕੂਲ ਵੈਨ ਅਤੇ ਟਿੱਪਰ ਦੀ ਟਰੱਕ, ਕਈ ਬੱਚੇ ਜਖ਼ਮੀ, ਮੰਤਰੀ ਰਵਜੋਤ ਸਿੰਘ ਨੇ ਜਾਣਿਆ ਹਾਲ