ਬਰਨਾਲਾ ‘ਚ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਟੱਕਰ, ਵਾਲ-ਵਾਲ ਬਚੇ ਬੱਚੇ, ਪ੍ਰਿੰਸੀਪਲ ਦੇ ਦੇਰੀ ਨਾਲ ਪਹੁੰਚਣ ‘ਤੇ ਭੜਕੇ ਮਾਪੇ
Barnala School Van Accident: ਹਾਦਸੇ ਦੀ ਖ਼ਬਰ ਮਿਲਦੇ ਹੀ ਬੱਚਿਆਂ ਦੇ ਮਾਪੇ ਅਤੇ ਨੇੜਲੇ ਨਿਵਾਸੀ ਮੌਕੇ 'ਤੇ ਪਹੁੰਚ ਗਏ। ਪਰਿਵਾਰ ਨੇ ਬੱਚਿਆਂ ਨੂੰ ਸੁਰੱਖਿਅਤ ਦੇਖ ਕੇ ਰਾਹਤ ਦਾ ਪ੍ਰਗਟਾਵਾ ਕੀਤਾ, ਪਰ ਸਕੂਲ ਪ੍ਰਬੰਧਨ ਦੇ ਦੇਰ ਨਾਲ ਪਹੁੰਚਣ 'ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ।
(Photo Credit: ChatGpt.com)
ਬਰਨਾਲਾ ਦੇ ਤਪਾ-ਅਲੀਕੇ ਰੋਡ ‘ਤੇ ਅੱਜ ਸਵੇਰੇ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਸਕੂਲ ਵੈਨ ਦੀ ਇੱਕ ਕਾਰ ਨਾਲ ਟੱਕਰ ਹੋ ਗਈ। ਮਿਲੀ ਜਾਣਕਾਰੀ ਮੁਤਾਬ ਇਹ ਬੱਚੇ ਦਸ਼ਮੇਸ਼ ਪਬਲਿਕ ਸਕੂਲ (ਢਿੱਲਵਾਂ) ਦੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਵੈਨ ਵਿੱਚ ਸਵਾਰ ਸਾਰੇ ਬੱਚੇ ਵਾਲ-ਵਾਲ ਬਚ ਗਏ।
ਹਾਦਸੇ ਦੀ ਖ਼ਬਰ ਮਿਲਦੇ ਹੀ ਬੱਚਿਆਂ ਦੇ ਮਾਪੇ ਅਤੇ ਨੇੜਲੇ ਨਿਵਾਸੀ ਮੌਕੇ ‘ਤੇ ਪਹੁੰਚ ਗਏ। ਪਰਿਵਾਰ ਨੇ ਬੱਚਿਆਂ ਨੂੰ ਸੁਰੱਖਿਅਤ ਦੇਖ ਕੇ ਰਾਹਤ ਦਾ ਪ੍ਰਗਟਾਵਾ ਕੀਤਾ, ਪਰ ਸਕੂਲ ਪ੍ਰਬੰਧਨ ਦੇ ਦੇਰ ਨਾਲ ਪਹੁੰਚਣ ‘ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਹਾਦਸੇ ਦੀ ਸੂਚਨਾ ਮਿਲਣ ਦੇ ਬਾਵਜੂਦ, ਸਕੂਲ ਦੇ ਪ੍ਰਿੰਸੀਪਲ ਅਤੇ ਮਾਲਕ ਲਗਭਗ ਇੱਕ ਘੰਟੇ ਬਾਅਦ ਘਟਨਾ ਸਥਾਨ ‘ਤੇ ਪਹੁੰਚੇ। ਗੁੱਸੇ ਵਿੱਚ ਆਏ ਮਾਪਿਆਂ ਨੇ ਵੈਨ ਡਰਾਈਵਰ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਉਸਨੂੰ ਹਟਾਉਣ ਅਤੇ ਬੱਚਿਆਂ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧਾਂ ਦੀ ਮੰਗ ਕੀਤੀ।
