ਬਰਨਾਲਾ-ਮਾਨਸਾ ਹਾਈਵੇਅ ‘ਤੇ ਭਿਆਨਕ ਹਾਦਸਾ, ਪਰਾਲੀ ਨਾਲ ਭਰੀ ਟਰਾਲੀ ਨੇ ਕਾਰ ਨੂੰ ਮਾਰੀ ਟੱਕਰ; ਨੌਜਵਾਨ ਦੀ ਮੌਤ

Updated On: 

21 Aug 2026 09:04 AM IST

ਬਰਨਾਲਾ-ਮਾਨਸਾ ਨੈਸ਼ਨਲ ਹਾਈਵੇਅ 'ਤੇ ਸਥਿਤ ਕਸਬਾ ਹੰਡਿਆਇਆ ਨੇੜੇ ਬੀਤੀ ਰਾਤ ਕਰੀਬ ਸਾਢੇ 9 ਵਜੇ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ 22 ਸਾਲਾ ਨੌਜਵਾਨ ਹਰਮਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਮਨਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਖ਼ੁਸ਼ਕਿਸਮਤੀ ਨਾਲ ਕਾਰ ਵਿੱਚ ਸਵਾਰ ਤੀਜਾ ਨੌਜਵਾਨ ਹਰਪ੍ਰੀਤ ਸਿੰਘ ਵਾਲ-ਵਾਲ ਬਚ ਗਿਆ।

ਬਰਨਾਲਾ-ਮਾਨਸਾ ਹਾਈਵੇਅ ਤੇ ਭਿਆਨਕ ਹਾਦਸਾ, ਪਰਾਲੀ ਨਾਲ ਭਰੀ ਟਰਾਲੀ ਨੇ ਕਾਰ ਨੂੰ ਮਾਰੀ ਟੱਕਰ; ਨੌਜਵਾਨ ਦੀ ਮੌਤ

ਬਰਨਾਲਾ-ਮਾਨਸਾ ਨੈਸ਼ਨਲ ਹਾਈਵੇਅ ‘ਤੇ ਸਥਿਤ ਕਸਬਾ ਹੰਡਿਆਇਆ ਨੇੜੇ ਬੀਤੀ ਰਾਤ ਕਰੀਬ ਸਾਢੇ 9 ਵਜੇ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ 22 ਸਾਲਾ ਨੌਜਵਾਨ ਹਰਮਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਮਨਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਖ਼ੁਸ਼ਕਿਸਮਤੀ ਨਾਲ ਕਾਰ ਵਿੱਚ ਸਵਾਰ ਤੀਜਾ ਨੌਜਵਾਨ ਹਰਪ੍ਰੀਤ ਸਿੰਘ ਵਾਲ-ਵਾਲ ਬਚ ਗਿਆ।

ਖ਼ਰੀਦਦਾਰੀ ਕਰਕੇ ਪਿੰਡ ਪਰਤ ਰਹੇ ਸਨ ਤਿੰਨੇ ਦੋਸਤ

ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੇ ਨੌਜਵਾਨ ਖ਼ਰੀਦਦਾਰੀ ਕਰਨ ਉਪਰੰਤ ਆਪਣੀ ਆਲਟੋ ਕਾਰ ਵਿੱਚ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਰੂੜੇਕੇ ਕਲਾਂ ਜਾ ਰਹੇ ਸਨ। ਜਦੋਂ ਉਹ ਹੰਡਿਆਇਆ ਨੇੜੇ ਪਹੁੰਚੇ ਤਾਂ ਮਾਨਸਾ ਵਾਲੇ ਪਾਸਿਓਂ ਬਰਨਾਲਾ ਵੱਲ ਆ ਰਹੀ ਪਰਾਲੀ ਨਾਲ ਓਵਰਲੋਡ ਇੱਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਸਾਹਮਣਿਓਂ ਆ ਰਹੀ ਆਲਟੋ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਆਲਟੋ ਕਾਰ ਦੇ ਪਰਖੱਚੇ ਉੱਡ ਗਏ ਅਤੇ ਉਹ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਚਾਲਕ ਟਰੈਕਟਰ-ਟਰਾਲੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।

ਰਾਹਗੀਰਾਂ ਨੇ ਕਾਰ ਵਿੱਚੋਂ ਕੱਢੇ ਨੌਜਵਾਨ

ਘਟਨਾ ਤੋਂ ਤੁਰੰਤ ਬਾਅਦ ਹਾਈਵੇਅ ਤੋਂ ਲੰਘ ਰਹੇ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਭਾਰੀ ਜੱਦੋ-ਜਹਿਦ ਕਰਕੇ ਕਾਰ ਵਿੱਚ ਫਸੇ ਤਿੰਨਾਂ ਨੌਜਵਾਨਾਂ ਨੂੰ ਬਾਹਰ ਕੱਢਿਆ। ਇਕੱਠੇ ਹੋਏ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਸੜਕ ਸੁਰੱਖਿਆ ਫੋਰਸ (SSF) ਅਤੇ ਸਰਕਾਰੀ ਐਂਬੂਲੈਂਸ ਨੂੰ ਕਈ ਵਾਰ ਫੋਨ ਕੀਤੇ ਗਏ, ਪਰ ਲਗਭਗ 25 ਮਿੰਟ ਤੱਕ ਮੌਕੇ ‘ਤੇ ਕੋਈ ਵੀ ਸਰਕਾਰੀ ਮਦਦ ਨਹੀਂ ਪਹੁੰਚੀ। ਪ੍ਰਸ਼ਾਸਨ ਦੀ ਇਸ ਲਾਪਰਵਾਹੀ ਕਾਰਨ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਆਖ਼ਰਕਾਰ ਰਾਹਗੀਰਾਂ ਨੇ ਨਿੱਜੀ ਐਂਬੂਲੈਂਸ ਦਾ ਪ੍ਰਬੰਧ ਕਰਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

ਇੱਕ ਨੌਜਵਾਨ ਦੀ ਮੌਤ, ਦੂਜਾ ਲੁਧਿਆਣਾ ਰੈਫ਼ਰ

ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਗੰਭੀਰ ਜ਼ਖ਼ਮੀ ਕਾਰ ਚਾਲਕ ਹਰਮਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਜੇ ਨੌਜਵਾਨ ਮਨਪ੍ਰੀਤ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਰਨਾਲਾ ਤੋਂ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਤੀਜਾ ਨੌਜਵਾਨ ਹਰਪ੍ਰੀਤ ਸਿੰਘ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ ਜਾ ਰਿਹਾ ਹੈ।

ਪੁਲਿਸ ਵੱਲੋਂ ਮਾਮਲਾ ਦਰਜ, ਮੁਲਜ਼ਮ ਚਾਲਕ ਦੀ ਭਾਲ ਜਾਰੀ

ਇਸ ਘਟਨਾ ਸਬੰਧੀ ਹੰਡਿਆਇਆ ਪੁਲਿਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਵਿੱਚ ਹਰਮਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਰੂੜੇਕੇ ਕਲਾਂ ਦੀ ਜਾਨ ਚਲੀ ਗਈ ਹੈ, ਜਦਕਿ ਮਨਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਦਾ ਇਲਾਜ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿੱਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਚੇ ਹੋਏ ਤੀਜੇ ਸਾਥੀ ਹਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਟਰੈਕਟਰ ਚਾਲਕ ਖ਼ਿਲਾਫ਼ ਬੀ.ਐੱਨ.ਐੱਸ. (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ.ਆਈ.ਆਰ. ਨੰਬਰ 167 ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਫ਼ਰਾਰ ਟਰੈਕਟਰ ਚਾਲਕ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਓਵਰਲੋਡ ਵਾਹਨ ਬਣ ਰਹੇ ਨੇ ਖ਼ੂਨੀ ਹਾਦਸਿਆਂ ਦਾ ਕਾਰਨ

ਜ਼ਿਕਰਯੋਗ ਹੈ ਕਿ ਹਾਈਵੇਅ ‘ਤੇ ਪਰਾਲੀ ਨਾਲ ਭਰੀਆਂ ਓਵਰਲੋਡ ਟਰੈਕਟਰ-ਟਰਾਲੀਆਂ ਲਗਾਤਾਰ ਜਾਨਲੇਵਾ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਇਸ ਦਰਦਨਾਕ ਹਾਦਸੇ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਅਤੇ ਟ੍ਰੈਫਿਕ ਨਿਗਰਾਨੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਮਹਿਜ਼ 22 ਸਾਲਾ ਨੌਜਵਾਨ ਹਰਮਲ ਸਿੰਘ ਦੀ ਬੇਵਕਤੀ ਮੌਤ ਨਾਲ ਪਿੰਡ ਰੂੜੇਕੇ ਕਲਾਂ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ, ਇੱਕ ਵੱਡਾ ਭਰਾ ਅਤੇ ਇੱਕ ਭੈਣ ਛੱਡ ਗਿਆ ਹੈ। ਨੌਜਵਾਨ ਪੁੱਤ ਦੇ ਤੁਰ ਜਾਣ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

Loading...
Unable to load recommendations.
Follow Us