ਬਰਨਾਲਾ ‘ਚ ਨਸ਼ਾ ਤਸਕਰਾਂ ਦਾ ਕਹਿਰ! ਨਸ਼ਾ ਰੋਕੂ ਕਮੇਟੀ ਦੇ ਨੌਜਵਾਨ ‘ਤੇ ਫਾਇਰਿੰਗ, ਗੰਭੀਰ ਜ਼ਖ਼ਮੀ
ਜਾਣਕਾਰੀ ਅਨੁਸਾਰ ਪਿੰਡ 'ਚ ਵਧ ਰਹੇ ਚਿੱਟੇ ਦੇ ਨਸ਼ੇ ਨੂੰ ਰੋਕਣ ਲਈ ਕਰੀਬ 15 ਦਿਨ ਪਹਿਲਾਂ ਪਿੰਡ ਪੰਚਾਇਤ ਵੱਲੋਂ ਨੌਜਵਾਨਾਂ ਦੀ ਨਸ਼ਾ ਰੋਕੂ ਕਮੇਟੀ ਬਣਾਈ ਗਈ ਸੀ। ਕਮੇਟੀ ਦੇ ਮੈਂਬਰ ਪਿੰਡ 'ਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਰੰਜਿਸ਼ ਤਹਿਤ ਹਮਲੇ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਪੰਜਾਬ ‘ਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਅਧੀਨ ਪੈਂਦੇ ਪਿੰਡ ਕਾਲੇਕੇ’ਚ ਨਸ਼ਾ ਤਸਕਰਾਂ ਵੱਲੋਂ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਦੇ ਘਰ ‘ਚ ਵੜ ਕੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ‘ਚ ਕਮੇਟੀ ਦੇ ਨੌਜਵਾਨ ਮੈਂਬਰ ਅਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਪੇਟ ‘ਚ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਪਿੰਡ ‘ਚ ਵਧ ਰਹੇ ਚਿੱਟੇ ਦੇ ਨਸ਼ੇ ਨੂੰ ਰੋਕਣ ਲਈ ਕਰੀਬ 15 ਦਿਨ ਪਹਿਲਾਂ ਪਿੰਡ ਪੰਚਾਇਤ ਵੱਲੋਂ ਨੌਜਵਾਨਾਂ ਦੀ ਨਸ਼ਾ ਰੋਕੂ ਕਮੇਟੀ ਬਣਾਈ ਗਈ ਸੀ। ਕਮੇਟੀ ਦੇ ਮੈਂਬਰ ਪਿੰਡ ‘ਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਰੰਜਿਸ਼ ਤਹਿਤ ਹਮਲੇ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਸਵਿਫਟ ਕਾਰ ‘ਚ ਆਏ 4-5 ਹਮਲਾਵਰ, ਘਰ ਅੰਦਰ ਚਲਾਈਆਂ ਚਾਰ ਗੋਲੀਆਂ
ਦੱਸਿਆ ਜਾ ਰਿਹਾ ਹੈ ਕਿ ਇੱਕ ਸਵਿਫਟ ਕਾਰ ‘ਚ ਸਵਾਰ ਹੋ ਕੇ 4 ਤੋਂ 5 ਵਿਅਕਤੀ ਪਿੰਡ ਵਿੱਚ ਪਹੁੰਚੇ। ਇਨ੍ਹਾਂ ਨੇ ਨਸ਼ਾ ਰੋਕੂ ਕਮੇਟੀ ਦੇ ਤਿੰਨ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਹਮਲਾਵਰ ਕਮੇਟੀ ਮੈਂਬਰ ਸੁਖਚੈਨ ਸਿੰਘ ਚੀਨਾ ਅਤੇ ਸਤਨਾਮ ਸਿੰਘ ਦੇ ਘਰ ਵੀ ਪਹੁੰਚੇ। ਇਸ ਤੋਂ ਬਾਅਦ ਹਮਲਾਵਰ ਅਮਨਦੀਪ ਸਿੰਘ ਦੇ ਘਰ ਪਹੁੰਚੇ। ਉਸ ਸਮੇਂ ਘਰ ਦਾ ਗੇਟ ਬੰਦ ਸੀ। ਹਮਲਾਵਰਾਂ ਨੇ ਗੇਟ ਦੇ ਹੇਠਾਂ ਲੱਗੀ ਜਾਲੀ ‘ਚੋਂ ਪਿਸਤੌਲ ਨਾਲ ਘਰ ਅੰਦਰ ਚਾਰ ਗੋਲੀਆਂ ਚਲਾਈਆਂ। ਇਨ੍ਹਾਂ ‘ਚੋਂ ਇੱਕ ਗੋਲੀ ਅਮਨਦੀਪ ਸਿੰਘ ਦੇ ਪੇਟ ‘ਤੇ ਲੱਗੀ, ਜਦਕਿ ਬਾਕੀ ਗੋਲੀਆਂ ਦੇ ਨਿਸ਼ਾਨ ਘਰ ਦੀਆਂ ਕੰਧਾਂ ‘ਤੇ ਮਿਲੇ ਹਨ।
ਦੂਜੇ ਕਮੇਟੀ ਮੈਂਬਰ ਨੇ ਸੈਲਫ ਡਿਫੈਂਸ ਲਈ ਕੀਤੇ ਹਵਾਈ ਫਾਇਰ
ਇਸ ਘਟਨਾ ਦੌਰਾਨ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਸੁਖਚੈਨ ਸਿੰਘ ਚੀਨਾ ਨੇ ਆਪਣਾ ਬਚਾਅ ਕਰਨ ਲਈ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਕੀਤੇ। ਇਸ ਤੋਂ ਬਾਅਦ ਹਮਲਾਵਰ ਉੱਥੋਂ ਭੱਜ ਗਏ। ਇਸ ਤਰ੍ਹਾਂ ਉਨ੍ਹਾਂ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ
ਧਨੌਲਾ ਦੇ ਸਰਕਾਰੀ ਹਸਪਤਾਲ ਤੋਂ ਅੱਗੇ ਕੀਤਾ ਰੈਫਰ
ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਅਮਨਦੀਪ ਸਿੰਘ ਨੂੰ ਤੁਰੰਤ ਸਰਕਾਰੀ ਹਸਪਤਾਲ ਧਨੌਲਾ ਲਿਜਾਇਆ ਗਿਆ। ਉੱਥੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੱਗੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਸਰਕਾਰੀ ਹਸਪਤਾਲ ਧਨੌਲਾ ਦੇ ਡਾਕਟਰ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਜ਼ਖ਼ਮੀ ਇੱਕ ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਸ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਅਗਲੇ ਹਸਪਤਾਲ ‘ਚ ਭੇਜ ਦਿੱਤਾ ਗਿਆ।
ਪਿੰਡ ਵਾਸੀਆਂ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਅਮਨਦੀਪ ਸਿੰਘ ਦੇ ਪਿਤਾ ਤੇ ਪਿੰਡ ਦੇ ਸਾਬਕਾ ਸਰਪੰਚ ਚੇਤ ਰਾਮ ਨੇ ਪੁਲਿਸ ਪ੍ਰਸ਼ਾਸਨ ਤੋਂ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕ ਰਿਹਾ ਸੀ ਤੇ ਇਸੇ ਕਾਰਨ ਉਸ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਝੋਟਾ ਵੀ ਨਸ਼ਿਆਂ ਖ਼ਿਲਾਫ਼ ਲੜਾਈ ਲੜ ਰਿਹਾ ਸੀ ਤੇ ਹੁਣ ਉਨ੍ਹਾਂ ਦੇ ਪੁੱਤਰ ਨੂੰ ਵੀ ਇਸੇ ਤਰ੍ਹਾਂ ਗੋਲੀ ਮਾਰੀ ਗਈ ਹੈ। ਪਰਿਵਾਰ ਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਇਨਸਾਫ਼ ਦਿਵਾਇਆ ਜਾਵੇ।
ਪੁਲਿਸ ਨੇ ਦਰਜ ਕੀਤਾ ਮਾਮਲਾ, ਮੁਲਜ਼ਮਾਂ ਦੀ ਭਾਲ ਜਾਰੀ
ਥਾਣਾ ਧਨੌਲਾ ਦੇ ਐਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਅਮਨਦੀਪ ਸਿੰਘ ਦੇ ਦੋ ਗੋਲੀਆਂ ਲੱਗੀਆਂ ਹਨ ਤੇ ਉਹ ਹਸਪਤਾਲ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਪੁਲਿਸ ਅਧਿਕਾਰੀ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
