ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫ਼ੀ ਦਾ ਹੁਸ਼ਿਆਰਪੁਰ ਪੁੱਜਣ ‘ਤੇ ਸ਼ਾਨਦਾਰ ਸਵਾਗਤ, ਰੇਲਵੇ ਮੰਡੀ ਗਰਾਊਂਡ ‘ਚ ਖੇਡਿਆ ਗਿਆ ਫ਼ਰੈਂਡਲੀ ਮੈਚ
ਪੰਜਾਬ ਵਿੱਚ 'ਹੀਰੋ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫ਼ੀ-2026' ਦਾ ਟਰਾਫ਼ੀ ਟੂਰ ਸ਼ੁੱਕਰਵਾਰ ਸ਼ਾਮ ਹੁਸ਼ਿਆਰਪੁਰ ਪਹੁੰਚਿਆ। ਸ਼ਹਿਰ ਦੇ ਇਤਿਹਾਸਕ ਰੇਲਵੇ ਮੰਡੀ ਗਰਾਊਂਡ ਵਿਖੇ ਇਸ ਵੱਕਾਰੀ ਟਰਾਫ਼ੀ ਦਾ ਖੇਡ ਪ੍ਰੇਮੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਤੇ ਨਿੱਘਾ ਸਵਾਗਤ ਕੀਤਾ ਗਿਆ।
ਪੰਜਾਬ ਵਿੱਚ ‘ਹੀਰੋ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫ਼ੀ-2026’ ਦਾ ਟਰਾਫ਼ੀ ਟੂਰ ਸ਼ੁੱਕਰਵਾਰ ਸ਼ਾਮ ਹੁਸ਼ਿਆਰਪੁਰ ਪਹੁੰਚਿਆ। ਸ਼ਹਿਰ ਦੇ ਇਤਿਹਾਸਕ ਰੇਲਵੇ ਮੰਡੀ ਗਰਾਊਂਡ ਵਿਖੇ ਇਸ ਵੱਕਾਰੀ ਟਰਾਫ਼ੀ ਦਾ ਖੇਡ ਪ੍ਰੇਮੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਖ਼ਾਸ ਮੌਕੇ ‘ਤੇ ਰਾਊਂਡ ਗਲਾਸ ਫ਼ਾਊਂਡੇਸ਼ਨ ਅਤੇ ਰੇਲਵੇ ਮੰਡੀ ਦੀਆਂ ਹਾਕੀ ਟੀਮਾਂ ਦਰਮਿਆਨ ਇੱਕ ਵਿਸ਼ੇਸ਼ ਦੋਸਤਾਨਾ (ਫ਼ਰੈਂਡਲੀ) ਹਾਕੀ ਮੈਚ ਵੀ ਕਰਵਾਇਆ ਗਿਆ। ਸਮਾਗਮ ਦੌਰਾਨ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਗੁਰਪ੍ਰੀਤ ਕੌਰ ਅਤੇ ਕੌਂਸਲਰ ਰਾਜੇਸ਼ਵਰ ਦਿਆਲ ਬੱਬੀ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।
ਸਮਾਗਮ ਵਿੱਚ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ, ਅਧਿਕਾਰੀਆਂ ਅਤੇ ਖੇਡ ਪ੍ਰੇਮੀਆਂ ਨੇ ਜਿੱਥੇ ਚੈਂਪੀਅਨਸ਼ਿਪ ਟਰਾਫ਼ੀ ਦਾ ਸਵਾਗਤ ਕੀਤਾ, ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਪੰਜਾਬ ਦੀ ਅਮੀਰ ਹਾਕੀ ਵਿਰਾਸਤ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣ ਦਾ ਸੱਦਾ ਦਿੱਤਾ।
ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕੌਮਾਂਤਰੀ ਮੁਕਾਬਲਾ
ਜ਼ਿਕਰਯੋਗ ਹੈ ਕਿ ‘ਹੀਰੋ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫ਼ੀ-2026’ ਦਾ ਆਯੋਜਨ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਇਸ ਪੱਧਰ ਦੇ ਵੱਕਾਰੀ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਖੇਡ ਮਾਹਰਾਂ ਅਨੁਸਾਰ ਇਹ ਆਯੋਜਨ ਸੂਬੇ ਦੇ ਖੇਡ ਇਤਿਹਾਸ, ਖ਼ਾਸ ਤੌਰ ‘ਤੇ ਹਾਕੀ ਦੀ ਅਮੀਰ ਵਿਰਾਸਤ ਅਤੇ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਤੇ ਮੀਲ ਪੱਥਰ ਸਾਬਤ ਹੋਵੇਗਾ।
ਦਰਸ਼ਕਾਂ ਲਈ ਮੁਫ਼ਤ ਰਹੇਗਾ ਦਾਖ਼ਲਾ: ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ
ਸਮਾਗਮ ਨੂੰ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਰਾਜ-ਪੱਧਰੀ ਟਰਾਫ਼ੀ ਟੂਰ ਦਾ ਮੁੱਖ ਮੰਤਵ ਪੰਜਾਬ ਦੇ ਕੋਨੇ-ਕੋਨੇ ਵਿੱਚ ਨੌਜਵਾਨਾਂ ਅੰਦਰ ਹਾਕੀ ਪ੍ਰਤੀ ਮੁੜ ਦਿਲਚਸਪੀ ਤੇ ਉਤਸ਼ਾਹ ਪੈਦਾ ਕਰਨਾ ਹੈ। ਉਨ੍ਹਾਂ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਚੈਂਪੀਅਨਸ਼ਿਪ ਦੇ ਸਾਰੇ ਮੈਚਾਂ ਦੌਰਾਨ ਦਰਸ਼ਕਾਂ ਲਈ ਸਟੇਡੀਅਮ ਵਿੱਚ ਦਾਖ਼ਲਾ ਬਿਲਕੁਲ ਮੁਫ਼ਤ ਰੱਖਿਆ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਖੇਡ ਪ੍ਰੇਮੀ ਪਰਿਵਾਰਾਂ ਸਮੇਤ ਮੈਦਾਨ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰ ਸਕਣ।
ਰੇਲਵੇ ਮੰਡੀ ਗਰਾਊਂਡ ਵਿਖੇ ਕਰਵਾਏ ਗਏ ਦੋਸਤਾਨਾ ਮੈਚ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਬਿਹਤਰੀਨ ਖੇਡ ਭਾਵਨਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਹਾਜ਼ਰ ਮਹਿਮਾਨਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਦੀ ਪਿੱਠ ਥਾਪੜਦਿਆਂ ਭਵਿੱਖ ਵਿੱਚ ਦੇਸ਼ ਤੇ ਸੂਬੇ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ, ਤਹਿਸੀਲਦਾਰ ਮਨਦੀਪ ਸਿੰਘ, ਵਰਿੰਦਰ ਵੈਦ ਸਮੇਤ ਖੇਡ ਵਿਭਾਗ ਦੇ ਕਈ ਸੀਨੀਅਰ ਕੋਚ ਅਤੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
