ਜਲੰਧਰ ‘ਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦਾ ਆਗਾਜ਼, CM ਮਾਨ ਨੇ ਨਵੇਂ ਸਟੇਡੀਅਮ ਦਾ ਕੀਤਾ ਉਦਘਾਟਨ; ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ
ਟੂਰਨਾਮੈਂਟ ਦੇ ਪੂਲ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ 'ਚ ਖੇਡੇ ਜਾਣਗੇ। ਇਸ ਤੋਂ ਬਾਅਦ 4 ਨਵੰਬਰ ਨੂੰ ਮੋਹਾਲੀ 'ਚ ਕਲਾਸੀਫਿਕੇਸ਼ਨ ਤੇ ਸੈਮੀਫਾਈਨਲ ਮੁਕਾਬਲੇ ਹੋਣਗੇ। ਟੂਰਨਾਮੈਂਟ ਦਾ ਕਾਂਸੀ ਤਮਗੇ ਲਈ ਮੁਕਾਬਲਾ ਤੇ ਫਾਈਨਲ 5 ਨਵੰਬਰ 2026 ਨੂੰ ਮੋਹਾਲੀ 'ਚ ਖੇਡਿਆ ਜਾਵੇਗਾ।
ਪੰਜਾਬ ਦੇ ਜਲੰਧਰ ‘ਚ ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੀ ਸ਼ੁਰੂਆਤ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਟੇਡੀਅਮ ਦਾ ਉਦਘਾਟਨ ਕਰਦਿਆਂ ਟੂਰਨਾਮੈਂਟ ਦਾ ਰਸਮੀ ਆਗਾਜ਼ ਕੀਤਾ। ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਮੁਕਾਬਲੇ ਤੋਂ ਪਹਿਲਾਂ ਹੋਈ ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਟਰਾਫੀ ਚੁੱਕ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ। ਇਸ ਤੋਂ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੰਗਲਾਦੇਸ਼ ਨੂੰ 13-0 ਨਾਲ ਕਰਾਰੀ ਹਾਰ ਦਿੱਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਟੂਰਨਾਮੈਂਟ ‘ਚ ਹਿੱਸਾ ਲੈ ਰਹੀਆਂ ਸਾਰੀਆਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਭਾਰਤੀ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਭਾਰਤੀ ਹਾਕੀ ਟੀਮ ਦੇ ਕਈ ਸਾਬਕਾ ਤਮਗਾ ਜੇਤੂ ਖਿਡਾਰੀ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਵਿਦੇਸ਼ੀ ਟੀਮਾਂ ਦੇ ਕਪਤਾਨਾਂ ਦਾ ਸਨਮਾਨ ਕਰਦਿਆਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ।
ਹਰਮਨਪ੍ਰੀਤ ਸਿੰਘ ਦਾ ਕੀਤਾ ਜ਼ਿਕਰ
ਮੁੱਖ ਮੰਤਰੀ ਨੇ ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਹਰਮਨਪ੍ਰੀਤ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪਣੀ ਧਰਤੀ ਤੇ ਖੇਡਣਾ ਹਰ ਖਿਡਾਰੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਹਰਮਨਪ੍ਰੀਤ ਸਿੰਘ ਨੇ ਦੁਨੀਆ ਭਰ ਦੇ ਮੈਦਾਨਾਂ ‘ਚ ਖੇਡਿਆ ਹੈ, ਪਰ ਆਪਣੇ ਮਾਪਿਆਂ ਸਾਹਮਣੇ ਘਰੇਲੂ ਧਰਤੀ ਤੇ ਖੇਡਣ ਦਾ ਮੌਕਾ ਮਿਲਣਾ ਉਨ੍ਹਾਂ ਲਈ ਖ਼ਾਸ ਅਹਿਮੀਅਤ ਰੱਖਦਾ ਹੈ।
ਮਲੇਸ਼ੀਆ ਤੇ ਜਾਪਾਨ ਨੇ ਵੀ ਜਿੱਤੇ ਆਪਣੇ ਮੁਕਾਬਲੇ
ਟੂਰਨਾਮੈਂਟ ਦੇ ਹੋਰ ਮੁਕਾਬਲਿਆਂ ‘ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾਇਆ, ਜਦਕਿ ਜਾਪਾਨ ਨੇ ਦੱਖਣੀ ਕੋਰੀਆ ਨੂੰ 3-2 ਨਾਲ ਮਾਤ ਦਿੱਤੀ। ਇਸ ਟੂਰਨਾਮੈਂਟ ‘ਚ ਭਾਰਤ, ਮਲੇਸ਼ੀਆ, ਜਾਪਾਨ, ਦੱਖਣੀ ਕੋਰੀਆ, ਚੀਨ ਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।
ਮੋਹਾਲੀ ‘ਚ ਹੋਣਗੇ ਨਾਕਆਊਟ ਤੇ ਫਾਈਨਲ ਮੁਕਾਬਲੇ
ਟੂਰਨਾਮੈਂਟ ਦੇ ਪੂਲ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ‘ਚ ਖੇਡੇ ਜਾਣਗੇ। ਇਸ ਤੋਂ ਬਾਅਦ 4 ਨਵੰਬਰ ਨੂੰ ਮੋਹਾਲੀ ‘ਚ ਕਲਾਸੀਫਿਕੇਸ਼ਨ ਤੇ ਸੈਮੀਫਾਈਨਲ ਮੁਕਾਬਲੇ ਹੋਣਗੇ। ਟੂਰਨਾਮੈਂਟ ਦਾ ਕਾਂਸੀ ਤਮਗੇ ਲਈ ਮੁਕਾਬਲਾ ਤੇ ਫਾਈਨਲ 5 ਨਵੰਬਰ 2026 ਨੂੰ ਮੋਹਾਲੀ ‘ਚ ਖੇਡਿਆ ਜਾਵੇਗਾ। ਪੰਜਾਬ ‘ਚ ਇਸ ਵੱਡੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੇ ਆਯੋਜਨ ਨੂੰ ਸੂਬੇ ਦੀ ਖੇਡ ਵਿਰਾਸਤ ਲਈ ਅਹਿਮ ਮੌਕਾ ਮੰਨਿਆ ਜਾ ਰਿਹਾ ਹੈ।
