ASI ਹਰਜੀਤ ਸਿੰਘ ਹੱਤਿਆਕਾਂਡ: ਪੁਲਿਸ ਮੁਕਾਬਲੇ ‘ਚ ਸ਼ੱਕੀ ਮੁਲਜ਼ਮ ਢੇਰ, ਦੂਜਾ ਫ਼ਰਾਰ, ਪਾਕਿਸਤਾਨ ਨਾਲ ਜੁੜੇ ਸਾਜ਼ਿਸ਼ ਦੇ ਤਾਰ

Updated On: 

20 Sep 2026 07:50 AM IST

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਏਐਸਆਈ ਹਰਜੀਤ ਸਿੰਘ ਦੀ ਹੱਤਿਆ ਤੋਂ ਬਾਅਦ ਪੂਰਾ ਪੁਲਿਸ ਵਿਭਾਗ ਮਾਮਲੇ ਨੂੰ ਸੁਲਝਾਉਣ 'ਚ ਜੁਟਿਆ ਹੋਇਆ ਸੀ। ਸ਼ਨੀਵਾਰ ਦੁਪਹਿਰ ਤੋਂ ਹੀ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕਰਦਿਆਂ ਸਖ਼ਤ ਨਾਕਾਬੰਦੀ ਕੀਤੀ ਗਈ ਸੀ। ਪੁਲਿਸ ਨੂੰ ਇਨਪੁਟ ਮਿਲੇ ਸਨ ਕਿ ਸ਼ੱਕੀ ਵਿਅਕਤੀ ਇਲਾਕੇ 'ਚ ਘੁੰਮ ਰਹੇ ਹਨ ਤੇ ਕਿਸੇ ਹੋਰ ਟਾਰਗੇਟ ਦੀ ਤਲਾਸ਼ 'ਚ ਹਨ।

ASI ਹਰਜੀਤ ਸਿੰਘ ਹੱਤਿਆਕਾਂਡ: ਪੁਲਿਸ ਮੁਕਾਬਲੇ ਚ ਸ਼ੱਕੀ ਮੁਲਜ਼ਮ ਢੇਰ, ਦੂਜਾ ਫ਼ਰਾਰ, ਪਾਕਿਸਤਾਨ ਨਾਲ ਜੁੜੇ ਸਾਜ਼ਿਸ਼ ਦੇ ਤਾਰ

18 ਸਤੰਬਰ ਨੂੰ ਡਿਊਟੀ ਦੌਰਾਨ ਸ਼ਹੀਦ ਹੋਏ ਏਐਸਆਈ ਹਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਦੇਰ ਰਾਤ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਮੁਕਾਬਲੇ ਦੌਰਾਨ ਇੱਕ ਹਮਲਾਵਰ ਮਾਰਿਆ ਗਿਆ, ਜਦਕਿ ਉਸ ਦਾ ਦੂਜਾ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਫ਼ਰਾਰ ਹੋ ਗਿਆ। ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਕਾਂਬਿੰਗ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਨਾਕਾਬੰਦੀ ਦੌਰਾਨ ਹੋਇਆ ਮੁਕਾਬਲਾ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਏਐਸਆਈ ਹਰਜੀਤ ਸਿੰਘ ਦੀ ਹੱਤਿਆ ਤੋਂ ਬਾਅਦ ਪੂਰਾ ਪੁਲਿਸ ਵਿਭਾਗ ਮਾਮਲੇ ਨੂੰ ਸੁਲਝਾਉਣ ‘ਚ ਜੁਟਿਆ ਹੋਇਆ ਸੀ। ਸ਼ਨੀਵਾਰ ਦੁਪਹਿਰ ਤੋਂ ਹੀ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ‘ਚ ਰੈੱਡ ਅਲਰਟ ਜਾਰੀ ਕਰਦਿਆਂ ਸਖ਼ਤ ਨਾਕਾਬੰਦੀ ਕੀਤੀ ਗਈ ਸੀ। ਪੁਲਿਸ ਨੂੰ ਇਨਪੁਟ ਮਿਲੇ ਸਨ ਕਿ ਸ਼ੱਕੀ ਵਿਅਕਤੀ ਇਲਾਕੇ ‘ਚ ਘੁੰਮ ਰਹੇ ਹਨ ਤੇ ਕਿਸੇ ਹੋਰ ਟਾਰਗੇਟ ਦੀ ਤਲਾਸ਼ ‘ਚ ਹਨ।

ਇਸ ਦੌਰਾਨ ਤਰਨਤਾਰਨ/ਥਾਂਦੇ ਰੋਡ ਨਾਕੇ ‘ਤੇ ਪੁਲਿਸ ਟੀਮ ਨੇ ਸਕੂਟੀ ‘ਤੇ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ‘ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਆਤਮ-ਰੱਖਿਆ ‘ਚ ਕੀਤੀ ਜਵਾਬੀ ਫਾਇਰਿੰਗ

ਪੁਲਿਸ ਟੀਮ ਵੱਲੋਂ ਪਿੱਛਾ ਕਰਨ ‘ਤੇ ਮੁਲਜ਼ਮਾਂ ਨੇ ਇੱਕ ਥਾਂ ਸਕੂਟੀ ਖੜ੍ਹੀ ਕਰਕੇ ਮੁੜ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਚਾਰ ਗੋਲੀਆਂ ‘ਚੋਂ ਦੋ ਪੁਲਿਸ ਦੀ ਗੱਡੀ ‘ਤੇ ਲੱਗੀਆਂ, ਜਦਕਿ ਇੱਕ ਗੋਲੀ ਸੀ.ਆਈ.ਏ. ਦੇ ਜਵਾਨ ਦੀ ਛਾਤੀ ‘ਤੇ ਲੱਗੀ। ਹਾਲਾਂਕਿ ਜਵਾਨ ਵੱਲੋਂ ਬੁਲੇਟਪਰੂਫ ਜੈਕਟ ਪਹਿਨੀ ਹੋਣ ਕਾਰਨ ਉਸ ਦੀ ਜਾਨ ਬਚ ਗਈ।

ਪੁਲਿਸ ਨੇ ਆਤਮ-ਰੱਖਿਆ ‘ਚ ਛੇ ਰਾਊਂਡ ਜਵਾਬੀ ਫਾਇਰ ਕੀਤੇ। ਇਸ ਦੌਰਾਨ ‘ਕ ਹਮਲਾਵਰ ਨੂੰ ਗੋਲੀ ਲੱਗ ਗਈ। ਜ਼ਖ਼ਮੀ ਮੁਲਜ਼ਮ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਂਚ ਤੇ ਆਧਾਰ ਕਾਰਡ ਮੁਤਾਬਕ ਮ੍ਰਿਤਕ ਮੁਲਜ਼ਮ ਦੀ ਉਮਰ ਕਰੀਬ 25 ਤੋਂ 28 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।

ਪਾਕਿਸਤਾਨ ਨਾਲ ਜੁੜੇ ਸਾਜ਼ਿਸ਼ ਦੇ ਤਾਰ, ਪੈਸਿਆਂ ਤੇ ਚਿੱਟੇ ਦਾ ਲਾਲਚ

ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ‘ਚ ਇਸ ਸਾਜ਼ਿਸ਼ ਦੇ ਤਾਰ ਸਰਹੱਦ ਪਾਰ ਪਾਕਿਸਤਾਨ ‘ਚ ਬੈਠੇ ਹੈਂਡਲਰਾਂ ਨਾਲ ਜੁੜੇ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਪਾਕਿਸਤਾਨੀ ਹੈਂਡਲਰ ਪੰਜਾਬ ਦੇ ਨੌਜਵਾਨਾਂ ਨੂੰ ਪੈਸਿਆਂ ਅਤੇ ਨਸ਼ੇ ਚਿੱਟੇ ਦੇ ਕਾਰੋਬਾਰ ‘ਚ ਹਿੱਸੇਦਾਰੀ ਦਾ ਲਾਲਚ ਦੇ ਕੇ ਆਪਣੇ ਜਾਲ ‘ਚ ਫਸਾਉਂਦੇ ਹਨ।

ਕਮਿਸ਼ਨਰ ਅਨੁਸਾਰ ਸਰਹੱਦ ਪਾਰ ਬੈਠੇ ਆਕਾਵਾਂ ਵੱਲੋਂ ਨੌਜਵਾਨਾਂ ਤੋਂ ਆਪਣੀ ਵਫ਼ਾਦਾਰੀ ਦਾ ਸਬੂਤ ਮੰਗਿਆ ਜਾਂਦਾ ਹੈ ਅਤੇ ਇਸੇ ਤਹਿਤ ਪੁਲਿਸ ਮੁਲਾਜ਼ਮਾਂ ਨੂੰ ਟਾਰਗੇਟ ਕਰਨ ਲਈ ਕਿਹਾ ਜਾਂਦਾ ਹੈ।

ਹੱਤਿਆ ਤੋਂ ਬਾਅਦ ਵੀਡੀਓ ਬਣਾਉਣ ਲਈ ਮੁੜ ਮੌਕੇ ਤੇ ਪਹੁੰਚੇ ਸਨ ਮੁਲਜ਼ਮ

ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਏਐਸਆਈ ਹਰਜੀਤ ਸਿੰਘ ਨੂੰ ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਮੁੜ ਮੌਕੇ ਤੇ ਪਹੁੰਚੇ ਅਤੇ ਕਰੀਬ 30 ਤੋਂ 40 ਸਕਿੰਟ ਦੀ ਵੀਡੀਓ ਬਣਾਈ। ਪੁਲਿਸ ਮੁਤਾਬਕ ਇਹ ਵੀਡੀਓ ਸਰਹੱਦ ਪਾਰ ਬੈਠੇ ਆਪਣੇ ਆਕਾਵਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਦਾ ਸਬੂਤ ਭੇਜਣ ਲਈ ਬਣਾਈ ਗਈ ਸੀ। ਇਹ ਗਤੀਵਿਧੀ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ।

ਪੁਲਿਸ ਵੱਲੋਂ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ, ਤਾਂ ਜੋ ਵਿਦੇਸ਼ੀ ਹੈਂਡਲਰਾਂ ਅਤੇ ਪੂਰੇ ਨੈੱਟਵਰਕ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ।

ਨੌਜਵਾਨਾਂ ਤੇ ਮਾਪਿਆਂ ਨੂੰ ਪੁਲਿਸ ਕਮਿਸ਼ਨਰ ਦੀ ਅਪੀਲ

ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ ਨੌਜਵਾਨ ਸਰਹੱਦ ਪਾਰ ਬੈਠੇ ਤਸਕਰਾਂ ਦੇ ਝਾਂਸੇ ‘ਚ ਆ ਕੇ ਆਪਣੇ ਹੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਸ਼ਹੀਦ ਏਐਸਆਈ ਹਰਜੀਤ ਸਿੰਘ ਨੇ ਸਿਪਾਹੀ ਵਜੋਂ ਆਪਣੀ ਨੌਕਰੀ ਸ਼ੁਰੂ ਕੀਤੀ ਸੀ ਤੇ ਮਿਹਨਤ ਨਾਲ ਤਰੱਕੀ ਕਰਦਿਆਂ ਏਐਸਆਈ ਦੇ ਅਹੁਦੇ ਤੱਕ ਪਹੁੰਚੇ ਸਨ। ਉਨ੍ਹਾਂ ਦੇ ਪਿੱਛੇ ਪੂਰਾ ਪਰਿਵਾਰ ਰਹਿ ਗਿਆ ਹੈ, ਜਿਸ ‘ਚ ਦੋ ਧੀਆਂ ਤੇ ਕਰੀਬ 15 ਸਾਲ ਬਾਅਦ ਜਨਮਿਆ ਇੱਕ ਛੋਟਾ ਪੁੱਤਰ ਵੀ ਹੈ।

ਪੁਲਿਸ ਕਮਿਸ਼ਨਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਗੁੰਮਰਾਹ ਕਰਨ ਵਾਲੇ ਅਸਮਾਜਿਕ ਤੱਤਾਂ ਤੇ ਨਸ਼ਿਆਂ ਦੇ ਜਾਲ ਤੋਂ ਬਚਾਉਣ।

Loading...
Unable to load recommendations.
Follow Us