ਅੰਮ੍ਰਿਤਸਰ ਨਿਊਜ: ਸ਼੍ਰੀ ਹਰਿਮੰਦਿਰ ਸਾਹਿਬ ਨੇੜੇ ਸਥਿਤ ਹੈਰੀਟੇਜ ਸਟ੍ਰੀਟ (Haritage Street) ਵਿੱਚ 31 ਘੰਟਿਆਂ ਦੇ ਵਕਫੇ ਦੌਰਾਨ ਹੌਏ ਦੋ ਧਮਾਕਿਆਂ ਦੀ ਜਾਂਚ ਲਈ ਐਨਆਈਏ ਦੀ ਟੀਮ ਵੀ ਧਮਾਕੇ ਵਾਲੀ ਥਾਂ ਦਾ ਜਾਇਜਾ ਲੈਣ ਪਹੁੰਚੀ। ਟੀਮ ਨੇ ਧਮਾਕੇ ਵਾਲੀ ਥਾਂ ਦਾ ਜਾਇਜਾ ਲੈਣ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੇ ਹੋਰਨਾਂ ਅਧਿਕਾਰੀਆਂ ਨਾਲ ਮੀਟੰਗ ਕਰਕੇ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਲਈ ਹੈ।
ਇਨ੍ਹਾਂ ਧਮਾਕਿਆਂ ਤੋਂ ਬਾਅਦ ਹੁਣ ਵਿਰਾਸਤੀ ਮਾਰਗ ਤੇ ਸਥਿਤ ਸਾਰਾਗੜ੍ਹੀ ਪਾਰਕਿੰਗ ਦੀ ਛੱਤ ਤੇ ਬਣਾਏ ਪੱਕੇ ਮੋਰਚੇ ਬਣਾਏ ਜਾ ਰਹੇ ਹਨ। ਇਨ੍ਹਾਂ ਮੋਰਚਿਆਂ ਨੂੰ ਬਣਾਉਣ ਲਈਰੇਤ ਦੀ ਬੋਰੀਆਂ, ਟੀਨ ਤੇ ਬਾਂਸ ਲਿਆਂਦੇ ਗਏ ਹਨ। ਪੱਕੇ ਮੋਰਚੇ ਬਣਨ ਤੋਂ ਬਾਅਦ ਸਾਰਾਗੜ੍ਹੀ ਪਾਰਕਿੰਗ ਦੀ ਛੱਤ ਤੋਂ ਵਿਰਾਸਤੀ ਮਾਰਗ ਤੇ ਰੱਖੀ ਨਜਰ ਜਾਵੇਗੀ। ਡੀਸੀਬੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਹੈਰੀਟੇਜ ਸਟ੍ਰੀਟ ਤੇ ਪੁਲਿਸ ਦੀ ਚੌਕਸੀ ਵਧਾ ਦਿੱਤੀ ਗਈ ਹੈ। ਵੱਡੀ ਗਿਣਤੀ ਵਿੱਚ ਪੁਲਿਸ ਦੀਆਂ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ। ਹਰ ਆਉਣ-ਜਾਉਣ ਵਾਲੇ ਤੇ ਤਿੱਖੀ ਨਜਰ ਰੱਖੀ ਜਾ ਰਹੀ ਹੈ। ਹਾਲਾਂਕਿ, ਸ਼ਰਧਾਲੂਆਂ ਨੂੰ ਬਿਲਕੁੱਲ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ ਹੈ।
ਪੁਲਿਸ ਨੇ ਕੱਢਿਆ ਫਲੈਗ ਮਾਰਚ
ਇਸ ਤੋਂ ਪਹਿਲਾਂ ਸ਼ਾਮ ਨੂੰ ਪੁਲਿਸ ਵੱਲੋ ਫਲੈਗ ਮਾਰਚ ਕਢਿਆ ਗਿਆ। ਇਸ ਫਲੈਗ ਮਾਰਚ ਵਿੱਚ ਪੈਰਾ ਮਿਲਟਰੀ ਫੋਰਸ ਤੇ ਪੰਜਾਬ ਪੁਲਿਸ ਦੇ ਨਾਲ ਆਰਏਐੱਫ ਦੀ ਕੰਪਨੀ ਵੀ ਸ਼ਾਮਲ ਸੀ। ਸੁਰੱਖਿਆਂ ਦਸਤਿਆਂ ਵੱਲੋਂ ਹੈਰੀਟੇਜ ਸਟ੍ਰੀਟ ਦੇ ਨਾਲ-ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੀ ਫਲੈਗ ਮਾਰਚ ਕੱਢਿਆ ਗਿਆ।
ਇਸ ਮੌਕੇ ਏਡੀਸੀਪੀ ਮਹਿਤਾਬ ਸਿੰਘ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਫਲੈਗ ਮਾਰਚ ਕੱਢਿਆ ਗਿਆ ਹੈ। ਇਸ ਮਾਰਚ ਨੂੰ ਕੱਢਣ ਦੇ ਪਿੱਛੇ ਮੁੱਖ ਮਕਸਦ ਆਮ ਜਨਤਾ ਨੂੰ ਇਹ ਦਸਣਾ ਹੈ ਕਿ ਪੰਜਾਬ ਦਾ ਮਾਹੌਲ ਬਿਲਕੁੱਲ ਸ਼ਾਂਤ ਹੈ। ਬੰਬ ਧਮਾਕਿਆਂ ਨੂੰ ਲੈ ਕੇ ਉਨ੍ਹਾਂ ਦੱਸਿਆ ਕਿ ਫੋਰੇਂਸਿਕ ਟੀਮਾਂ ਨੇ ਮੌਕੇ ਤੋਂ ਸੈਂਪਲ ਲਏ ਹਨ, ਜਿਸਦੀ ਰਿਪੋਰਟ ਆਉਣ ਤੇ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਫੇਕ ਨਿਊਜ ਨਾ ਚਲਾਈ ਜਾਵੇ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋਵੇ।
ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ
ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਫਵਾਹਾਂ ਤੇ ਧਿਆਨ ਨਾ ਦੇਣ। ਉਨ੍ਹਾਂ ਨੇ ਭਰੋਸਾ ਦੁਆਇਆ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਇਨ੍ਹਾਂ ਧਮਾਕਿਆਂ ਪਿੱਛੇ ਜਿਸ ਵੀ ਸ਼ਰਾਰਤੀ ਅਨਸਰ ਦਾ ਹੱਥ ਹੈ, ਉਸਨੂੰ ਬਖ਼ਸ਼ਿਆ ਨਹੀਂ ਜਾਵੇਗੀ।
ਦੱਸ ਦੇਈਏ ਕਿ ਸ਼ਨੀਵਾਰ ਤੋਂ ਬਾਅਦ ਐਤਵਾਰ ਨੂੰ ਮੁੜ ਉਸੇ ਥਾਂ ਯਾਨੀਕੇ ਹਰਿਮੰਦਰ ਸਾਹਿਬ (Harmandir Sahib) ਨੇੜੇ ਵਿਰਾਸਤੀ ਮਾਰਗ ‘ਤੇ ਬਲਾਸਟ ਹੋਇਆ ਹੈ। ਸਵੇਰ ਦਾ ਸਮਾਂ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਧਮਾਕਾ ਉਸੇ ਥਾਂ ਦੇ ਨੇੜੇ ਹੋਇਆ ਜਿੱਥੇ ਸ਼ਨੀਵਾਰ ਦੇਰ ਰਾਤ ਇਹ ਘਟਨਾ ਵਾਪਰੀ ਸੀ। ਹੁਣ ਤੱਕ ਪੁਲਿਸ ਪਹਿਲੇ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੀ ਹੈ ਅਤੇ ਇਸ ਦੌਰਾਨ ਹੁਣ ਫਿਰ ਇਹ ਧਮਾਕਾ ਹੋਇਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ