ਪੰਜਾਬ ‘ਚ ਮੁੜ ਮੇਹਰਬਾਨ ਹੋਇਆ ਮਾਨਸੂਨ, ਗਰਮੀ ਤੋਂ ਮਿਲੀ ਰਾਹਤ ਤਾਂ ਜਲੰਧਰ ਅਤੇ ਲੁਧਿਆਣਾ ‘ਚ ਵਾਪਰੇ ਹਾਦਸੇ

Updated On: 

05 Jul 2023 13:23 PM

Monsoon Returns: ਮੌਸਮ ਵਿਭਾਗ ਨੇ 8 ਜੁਲਾਈ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਹ ਮੀਂਹ ਰਾਹਤ ਦੇ ਨਾਲ-ਨਾਲ ਆਫਤ ਵੀ ਲੈ ਕੇ ਆਇਆ ਹੈ। ਜਲੰਧਰ ਤੋਂ ਦਵਿੰਦਰ ਕੁਮਾਰ ਦੇ ਨਾਲ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ....

ਪੰਜਾਬ ਚ ਮੁੜ ਮੇਹਰਬਾਨ ਹੋਇਆ ਮਾਨਸੂਨ, ਗਰਮੀ ਤੋਂ ਮਿਲੀ ਰਾਹਤ ਤਾਂ ਜਲੰਧਰ ਅਤੇ ਲੁਧਿਆਣਾ ਚ ਵਾਪਰੇ ਹਾਦਸੇ
Follow Us On

ਜਲੰਧਰ/ਅੰਮ੍ਰਿਤਸਰ/ਲੁਧਿਆਣਾ ਨਿਊਜ਼: ਕਈ ਦਿਨਾਂ ਦੀ ਭਿਆਨਕ ਗਰਮੀ ਤੋਂ ਬਾਅਦ ਇੱਕ ਵਾਰ ਮੁੜ ਤੋਂ ਪੰਜਾਬ ਵਿੱਚ ਮਾਨਸੂਨ ਸਰਗਰਮ ਹੋ ਗਿਆ ਹੈ। ਸੂਬੇ ਦੇ ਜਿਆਦਾਤਰ ਇਲਾਕੇ ਵਿੱਚ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਬੀਤੇ ਚਾਰ-ਪੰਜ ਦਿਨਾਂ ਤੋਂ ਗਰਮੀ ਅਤੇ ਉਮਸ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਵਧਾਈਆਂ ਹੋਈਆਂ ਸਨ। ਪਰ ਬੁੱਧਵਾਰ ਤੜਕੇ 5 ਵਜੇ ਤੋਂ ਸ਼ੁਰੂ ਹੋਈ ਬਾਰਿਸ਼ ਨਾਲ ਮੌਸਮ ਕਾਫੀ ਸੁਹਾਵਣਾ ਹੋ ਗਿਆ।

ਇਸ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਮੀਂਹ ਕਰਕੇ ਸ਼ਰਧਾਲੂਆਂ ਦੇ ਉਤਸ਼ਾਹ ਵਿੱਚ ਜਰਾ ਵੀ ਕਮੀ ਦਿਖਾਈ ਨਹੀਂ ਦਿੱਤੀ। ਹਜਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਪਹੁੰਚੇ।

ਲੁਧਿਆਣਾ ‘ਚ ਭਾਰੀ ਮੀਂਹ ਨਾਲ ਡਿੱਗਿਆ ਸ਼ੈੱਡ, 5 ਜਖ਼ਮੀ

ਉੱਧਰ ਲੁਧਿਆਣਾ ‘ਚ ਭਾਰੀ ਮੀਂਹ ਕਾਰਨ ਕੋਟਮੰਗਲ ਇਲਾਕੇ ‘ਚ ਟਿਊਬਵੈੱਲ ‘ਤੇ ਬਣਿਆ ਲੋਹੇ ਦਾ ਸ਼ੈੱਡ ਡਿੱਗ ਗਿਆ, ਜਿਸ ਕਰਕੇ ਇਸਦੇ ਹੇਠਾਂ ਦੱਬਣ ਕਾਰਨ ਕਰੀਬ 5 ਲੋਕ ਜ਼ਖਮੀ ਹੋ ਗਏ। ਵੇੜਲੇ ਲੋਕਾਂ ਨੇ ਤੁਰੰਤ ਇਨ੍ਹਾਂ ਨੂੰ ਬਾਹਰ ਕੱਢਿਆ। ਇਸ ਤੋਂ ਇਲਾਵਾ ਸ਼ੈੱਡ ਹੇਠਾਂ ਖੜ੍ਹੇ ਟਰੈਕਟਰ ਅਤੇ ਬਾਈਕ ਵੀ ਨੁਕਸਾਨੇ ਗਏ ਹਨ। ਇਸ ਦੇ ਨਾਲ ਹੀ ਬਰਸਾਤ ਕਾਰਨ ਜਨਤਾ ਨਗਰ ਦੀ ਸੜਕ ਧਸ ਗਈ। ਨਾਲ ਹੀ ਜਿਆਦਾਤਰ ਸੜਕਾਂ ਤੇ 2 ਤੋਂ 3 ਫੁੱਟ ਪਾਣੀ ਭਰ ਗਿਆ, ਜਿਸ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਜਲੰਧਰ ‘ਚ ਸ਼ਾਰਟ ਸਰਕਟ ਨਾਲ ਦੋ ਥਾਵਾਂ ਤੇ ਲੱਗੀ ਅੱਗ

ਉੱਧਰ ਜਲੰਧਰ ‘ਚ ਵੀ ਸਵੇਰ ਤੋਂ ਹੋ ਰਹੀ ਤੇਜ਼ ਬਾਰਿਸ਼ ਨੇ ਸੜੀ ਹੋਈ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਪਰ ਨਾਲ ਹੀ ਇਹ ਬਾਰਿਸ਼ ਕਈ ਮੁਸੀਬਤਾਂ ਵੀ ਲੈ ਕੇ ਆਈ। ਮੀਂਹ ਕਰਕੇ ਜਿੱਥੇ ਇਕ ਸੜਕ ਹਾਦਸਾ ਵਾਪਰ ਗਿਆ, ਉਥੇ ਹੀ ਜਲੰਧਰ ਦੇ ਰੌਣਕ ਬਾਜ਼ਾਰ ਸਥਿਤ ਚੱਢਾ ਮਾਰਕੀਟ ਵਿੱਚ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ, ਸ਼ਾਰਟ ਸਰਕਟ ਕਾਰਨ ਇੱਥੋਂ ਲੰਘ ਰਹੀਆਂ ਤਾਰਾਂ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਤਾਰਾਂ ‘ਚ ਜੋਰਦਾਰ ਧਮਾਕਿਆਂ ਦੀ ਆਵਾਜ਼ ਸੁਣਨ ਨੂੰ ਮਿਲੀ। ਅੱਗ ਲੱਗਣ ਤੋਂ ਬਾਅਦ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਅੱਗ ਬੁਝਾਊ ਅਤੇ ਬਿਜਲੀ ਵਿਭਾਗ ਨੂੰ ਇਸਦੀ ਸੂਚਨਾ ਦਿੱਤੀ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵੇਲ੍ਹੇ ਜ਼ਿਆਦਾਤਰ ਦੁਕਾਨਾਂ ਬੰਦ ਸਨ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਦੂਜੇ ਪਾਸੇ, ਜਲੰਧਰਦੇ ਮੋਤਾ ਸਿੰਘ ਨਗਰ ਸਥਿਤ ਇੱਕ ਘਰ ਦੇ ਅੰਦਰ ਲੱਗੇ ਬਿਜਲੀ ਦੇ ਮੀਟਰ ‘ਚ ਵੀ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਤੇਜ਼ ਹਵਾਵਾਂ ਕਾਰਨ ਕੁਝ ਦੇਰ ‘ਚ ਅੱਗ ਨੇ ਭਿਆਨਕ ਰੂਪ ਲੈ ਲਿਆ। ਇਸ ਦਾ ਧੂੰਆਂ ਘਰ ਦੇ ਬਾਹਰ ਦੂਰ-ਦੂਰ ਤੱਕ ਦਿਖਾਈ ਦੇਣ ਲੱਗਾ। ਅੱਗ ਵਧਦੀ ਦੇਖ ਲੋਕਾਂ ‘ਚ ਹੜਕੰਪ ਮੱਚ ਗਿਆ।

ਜਿਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਸਮਾਂ ਰਹਿੰਦੇ ਅੱਗ ‘ਤੇ ਕਾਬੂ ਪਾਇਆ। ਇੱਥੇ ਵੀ ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨ ਦੇ ਨੁਕਸਾਨ ਦੀ ਖਬਰ ਨਹੀਂ ਹੈ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ