SGPC YouTube Channel: ਐੱਸਜੀਪਸੀ ਨੇ ਪਵਿੱਤਰ ਗੁਰਬਾਣੀ ਦਾ ਲਾਇਵ ਪ੍ਰਸਾਰਣ ਐਤਵਾਰ ਨੂੰ ਲਾਂਚ ਕੀਤੇ ਗਏ ਆਪਣੇ ਯੂ-ਟਿਊਬ ਚੈਨਲ ‘ਤੇ ਸ਼ੁਰੂ ਕਰ ਦਿੱਤਾ ਹੈ। ਤੇ ਹੁਣ ਵਿਦੇਸ਼ਾਂ ਵਿੱਚ ਬੈਠੀ ਸੰਗਤ ਤੱਕ ਇਲਾਹੀ ਬਾਣੀ
ਯੂ-ਟਿਊਬ ਚੈਨਲ (YouTube channel) ਰਾਹੀਂ ਪਹੁੰਚੇਗੀ। ਇਸ ਚੈਨਲ ਤੇ ਦਿਨ ਵਿੱਚ ਤਿੰਨ ਵਾਰੀ ਗੁਰਬਾਣੀ ਦਾ ਲਾਈਵ ਪ੍ਰਸਾਰਣ ਹੋਇਆ ਕਰੇਗਾ। ਚੈਨਲ ਦਾ ਰਸਮੀ ਉਦਘਾਟਨ ਸ੍ਰੀ ਹਰਿਮੰਦਰ ਸਾਹਿਬ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ।
ਪ੍ਰਧਾਨ ਧਾਮੀ ਨੇ ਜਲਦੀ ਹੀ ਸ਼੍ਰੋਮਣੀ ਕਮੇਟੀ ਦਾ ਆਪਣਾ ਸੈਟੇਲਾਈਟ ਟੀਵੀ ਚੈਨਲ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਾਂ ਅਨੁਸਾਰ ਸ਼੍ਰੋਮਣੀ ਕਮੇਟੀ ਅਗਲੇ ਕੁੱਝ ਮਹੀਨਿਆਂ ਤੱਕ ਇੱਕ ਨਿੱਜੀ ਚੈਨਲ ਰਾਹੀਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਜਾਰੀ ਰੱਖੇਗੀ। ਸੰਗਤਾਂ ਯੂ-ਟਿਊਬ ਚੈਨਲ ‘ਤੇ ਵੀ ਲਾਈਵ ਟੈਲੀਕਾਸਟ ਦੇਖ ਸਕਣਗੀਆਂ।
ਜਲਦ ਆਵੇਗਾ ਸੈਟੇਲਾਈਟ ਚੈਨਲ-ਧਾਮੀ
ਜ਼ਿਕਰਯੋਗ ਹੈ ਕਿ ਕਰੀਬ ਇੱਕ ਸਾਲ ਪਹਿਲਾਂ
ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਚੈਨਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਸਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਟਿਊਬ ਚੈਨਲ ਸ਼ੁਰੂ ਕੀਤਾ ਗਿਆ ਹੈ ਅਤੇ ਪ੍ਰਧਾਨ ਧਾਮੀ ਨੇ ਜਲਦੀ ਹੀ ਸੈਟੇਲਾਈਟ ਟੀਵੀ ਚੈਨਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਨਿੱਜੀ ਚੈਨਲ ਨਾਲ ਸਮਝੌਤਾ ਹੋਇਆ ਖਤਮ
ਇੱਕ ਨਿੱਜੀ ਚੈਨਲ ਨਾਲ ਸ਼੍ਰੋਮਣੀ ਕਮੇਟੀ ਦਾ 11 ਸਾਲ ਪੁਰਾਣਾ ਸਮਝੌਤਾ ਐਤਵਾਰ ਨੂੰ ਹੀ ਖਤਮ ਹੋ ਗਿਆ ਹੈ। ਜਿਸ ਤਹਿਤ ਨਿੱਜੀ ਚੈਨਲ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੁੱਝ ਦਿਨ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਫਰਮਾਨ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਨੂੰ ਨਿੱਜੀ ਚੈਨਲ ਤੋਂ ਸਿੱਧਾ ਪ੍ਰਸਾਰਣ ਜਾਰੀ ਰੱਖਣ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਆਪਣਾ
ਸੈਟੇਲਾਈਟ ਚੈਨਲ (Satellite channel) ਸ਼ੁਰੂ ਨਹੀਂ ਕਰ ਦਿੰਦੀ, ਉਦੋਂ ਤੱਕ ਗੁਰਬਾਣੀ ਦਾ ਪ੍ਰਸਾਰਣ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇ।
‘ਹਾਲੇ ਵੀ ਕਈ ਲੋਕਾਂ ਕੋਲ ਇੰਟਰਨੈੱਟ ਨਹੀਂ’
ਧਾਮੀ ਨੇ ਕਿਹਾ ਕਿ ਦੇਸ਼-ਵਿਦੇਸ਼ ਦੇ ਸਬੰਧਤ ਪ੍ਰਸਾਰਣ ਬੰਦ ਹੋਣ ਕਾਰਨ ਉਹ ਗੁਰਬਾਣੀ ਦਾ ਪ੍ਰਸਾਰਣ ਦੇਖਣ ਅਤੇ ਸੁਣਨ ਤੋਂ ਵਾਂਝੇ ਰਹਿ ਜਾਣਗੇ। ਕਿਉਂਕਿ ਹਰ ਕੋਈ ਇੰਟਰਨੈਟ ਮੀਡੀਆ ਰਾਹੀਂ ਯੂਟਿਊਬ ਚੈਨਲ ‘ਤੇ ਇਸ ਪ੍ਰਬੰਧ ਦਾ ਲਾਭ ਨਹੀਂ ਲੈ ਸਕਦਾ। ਹਾਲੇ ਵੀ ਲੱਖਾਂ ਲੋਕਾਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿੱਜੀ ਚੈਨਲ ਤੋਂ ਪ੍ਰਸਾਰਣ ਜਾਰੀ ਰੱਖਣ ਲਈ ਸੰਗਤਾਂ ਨੇ ਉਨ੍ਹਾਂ ਨੂੰ ਮੋਬਾਈਲ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਹਜ਼ਾਰਾਂ ਸੰਦੇਸ਼ ਭੇਜੇ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ