ਸ਼੍ਰੋਮਣੀ ਕਮੇਟੀ ਦਾ ਫੈਸਲਾ ਸਿਰ-ਮੱਥੇ, ਪਹਿਲਾਂ ਵਾਂਗ ਨਿਭਾਉਂਦਾ ਰਹਾਂਗਾ ਗੁਰੂ ਘਰ ਦੀਆਂ ਸੇਵਾਵਾਂ : ਗਿਆਨੀ ਹਰਪ੍ਰੀਤ ਸਿੰਘ

Published: 

22 Jun 2023 14:27 PM

Gyani Harpreet Singh Statement: ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਕੋਈ ਗਿਲਾ ਸ਼ਿਕਵਾ ਨਹੀਂ ਹੈ। ਸ਼੍ਰੋਮਣੀ ਕਮੇਟੀ ਨੇ ਜੋ ਕੀਤਾ ਹੈ ਉਹ ਆਪਣੇ ਹਿਸਾਬ ਨਾਲ ਠੀਕ ਕੀਤਾ ਹੈ। ਉਨ੍ਹਾਂ ਦਾ ਫੈਸਲਾ ਸਿਰ ਮੱਥੇ 'ਤੇ ਹੈ। ਨਾਲ ਹੀ ਉਨ੍ਹਾਂ ਨੇ ਵਲਟੋਹਾ ਨੂੰ ਜਥੇਦਾਰ ਲਾਉਣ ਦੀ ਵੀ ਬੇਨਤੀ ਕੀਤੀ।

ਸ਼੍ਰੋਮਣੀ ਕਮੇਟੀ ਦਾ ਫੈਸਲਾ ਸਿਰ-ਮੱਥੇ, ਪਹਿਲਾਂ ਵਾਂਗ ਨਿਭਾਉਂਦਾ ਰਹਾਂਗਾ ਗੁਰੂ ਘਰ ਦੀਆਂ ਸੇਵਾਵਾਂ : ਗਿਆਨੀ ਹਰਪ੍ਰੀਤ ਸਿੰਘ
Follow Us On

ਅੰਮ੍ਰਿਤਸਰ ਨਿਊਜ਼। ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਨਿਯੁਕਤ ਕੀਤੇ ਗਏ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Gyani Raghbir Singh) ਦੀ ਤਾਜਪੋਸ਼ੀ ਨੂੰ ਲੈ ਕੇ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਪਹੁੰਚੀਆਂ। ਇਸ ਮੌਕੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਪਹੁੰਚੇ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ((Gyani Harpreet Singh) ਨੇ ਕਿਹਾ ਕਿ ਉਹ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਗਿਆਨੀ ਰਘਬੀਰ ਸਿੰਘ ਤੇ ਹਮੇਸ਼ਾ ਮੇਹਰ ਭਰਿਆ ਹੱਥ ਬਣਾਈ ਰਖਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੌਣੇ ਪੰਜ ਸਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਨਾਲ ਨਾਲ ਤੇ ਐਕਟਿੰਗ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾਵਾਂ ਨਿਭਾਈਆਂ ਹਨ ਅਤੇ ਅੱਗੇ ਵੀ ਕਮੇਟੀ ਵੱਲੋਂ ਜੋ ਵੀ ਸੇਵਾ ਬਖ਼ਸ਼ੀ ਗਈ ਹੈ, ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

‘ਕਮੇਟੀ ਚਾਵੇ ਤਾਂ ਦੋਵੇਂ ਤਖਤਾਂ ਦੀ ਸੇਵਾ ਲੈ ਸਕਦੀ ਹੈ’

ਉਨ੍ਹਾਂ ਕਿਹਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸ੍ਰੀ ਗੁਰੂ ਹਰ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਮੇਰੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਆ ਅਤੇ ਮੈਨੂੰ ਪੂਰੀ ਇੱਜਤ ਨਾਲ ਇਸ ਜਿੰਮੇਵਾਰੀ ਤੋਂ ਮੁਕਤ ਕੀਤਾ। ਕਾਰਜਕਾਰੀ ਜਥੇਦਾਰ ਰਹਿੰਦਿਆਂ ਉਨ੍ਹਾਂ ਨੇ ਆਪਣੀ ਸੇਵਾ ਬਿਨਾ ਡਰ ਅਤੇ ਭੈਅ ਦੇ ਖੁਸ਼ੀ-ਖੁਸ਼ੀ ਨਿਭਾਈ ਹੈ। ਅਤੇ ਇੱਕ ਗੁਰੂ ਘਰ ਦੇ ਇੱਕ ਪੈਸੇ ਨੂੰ ਵੀ ਨਿੱਜੀ ਤੌਰ ਤੇ ਨਹੀਂ ਵਰਤਿਆ। ਅੱਗੇ ਵੀ ਅਕਾਲ ਪੁਰਖ ਉਨ੍ਹਾਂ ਦੇ ਸਿਰ ਤੇ ਇਸੇ ਤਰ੍ਹਾਂ ਨਾਲ ਮੇਹਰ ਭਰਿਆ ਹੱਥ ਬਣਾਈ ਰੱਖਣ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਜਦੋਂ ਉਹ ਆਸਟਰੇਲਿਆ ਗਏ ਸਨ ਤਾਂ ਉਨ੍ਹਾਂ ਨੇ ਚੀਫ ਸੈਕਟਰੀ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਹੁਣ ਜਥੇਦਾਰ ਦੀ ਜਿੰਮੇਦਾਰੀ ਤੋਂ ਮੁਕਤ ਹੋਣਾ ਚਾਹੁੰਦੇ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੇ ਕੋਲੋਂ ਦੋ ਤਖਤਾਂ ਦੀ ਸੇਵਾ ਲੈ ਕੇ ਕਿਸੇ ਯੋਗ ਗੁਰਸਿੱਖ ਨੂੰ ਸੌਂਪ ਸਕਦੀ ਹੈ। ਕਮੇਟੀ ਚਾਵੇ ਤਾਂ ਦੋਵੇਂ ਤਖਤਾਂ ਦੀ ਸੇਵਾ ਉਨ੍ਹਾਂ ਕੋਲੋਂ ਲੈ ਸਕਦੀ ਹੈ।

ਸਿਖ ਗੁਰਦੁਆਰਾ ਸੋਧ ਬਿਲ-2023 ‘ਤੇ ਕੀ ਬੋਲੇ

ਸਿਖ ਗੁਰਦੁਆਰਾ ਸੋਧ ਬਿਲ-2023 ਦੇ ਵਿਧਾਨਸਭਾ ਚ ਪਾਸ ਹੋਣ ਦੇ ਮੁੱਦੇ ਤੇ ਜਥੇਦਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜੇ ਬਿਲ ਪਾਸ ਕੀਤੇ ਹਨ, ਉਨ੍ਹਾਂ ਦੀ ਮਾਨਤਾ ਹੈ, ਇਹ ਤਾਂ ਕਾਨੂੰਨੀ ਮਾਹਰ ਹੀ ਦੱਸ ਸਕਦੇ ਹਨ। ਹਾਂ ਉਹ ਇਹ ਜਰੂਰ ਚਾਹੁੰਦੇ ਹਨ ਕਿ ਕਿਸੇ ਵੀ ਤਰ੍ਹਾਂ ਦੇ ਹਾਲਾਤ ਛੁਪਾਉਣੇ ਨਹੀਂ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਨੇ 1925 ਗੁਰਦੁਆਰਾ ਐਕਟ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਅਤੇ ਜਵਾਹਰ ਲਾਲ ਨਹਿਰੂ ਦੇ 1959 ਦੀ ਜਨਵਰੀ ਵਿਚ ਇੱਕ ਸਮਝੌਤਾ ਕੀਤਾ ਸੀ ਜਿਸਨੂੰ ਮਾਸਟਰ ਤਾਰਾ ਸਿੰਘ -ਨਹਿਰੂ ਪੈਕਟ ਕਹਿੰਦੇ ਹਨ। ਕੋਈ ਵੀ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਵਿੱਚ ਪਾਸ ਕੀਤੇ ਇਸ ਤਰ੍ਹਾਂ ਦਾ ਕੋਈ ਵੀ ਬਿਲ ਪਾਸ ਨਹੀਂ ਕਰ ਸਕਦੀ।

‘ਧਾਰਮਿਕ ਮਾਮਲੇ ‘ਚ ਦਖਲਅੰਦਾਜ਼ੀ ਨਾ ਕਰਨ ਸਰਕਾਰਾਂ’

ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਇਹ ਮਤਾ ਪਾਸ ਹੋਇਆ ਸੀ ਕਿ ਸਰਕਾਰਾਂ ਧਾਰਮਿਕ ਮਾਮਲੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਦੀ ਉਲੰਘਨਾ ਕਿਸੇ ਵੀ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ ਇਸ ਨਾਲ ਬੇਭਰੋਸਗੀ ਦਾ ਮਾਹੌਲ ਪੈਦਾ ਹੁੰਦਾ ਹੈ। ਸਿੱਖ ਰਹਿਤ ਮਰਿਆਦਾ ਦੀਆਂ ਦੋ ਤਰ੍ਹਾਂ ਦੀ ਹੈ ਇੱਕ ਇੱਕ ਸ਼ਖ਼ਸੀ ਰਹਿਤ ਅਤੇ ਦੂਜੀ ਪੰਥਕ ਰਹਿਤ।

ਕਮੇਟੀ ਵਿਰਸਾ ਸਿੰਘ ਵਲਟੋਹਾ ਨੂੰ ਲਗਾਵੇ ਜਥੇਦਾਰ

ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਵਿੱਚ ਜਾਣ ਦੇ ਮੁੱਦੇ ਤੇ ਉਨ੍ਹਾਂ ਕਿਹਾ ਇਹ ਕੋਈ ਮੁੱਦਾ ਨਹੀਂ ਹੈ। ਨਾ ਹੀ ਇਸ ਕਰਕੇ ਉਹ ਇਸ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਇਸ ਮੁੱਦੇ ਤੇ ਸਭ ਤੋਂ ਪਹਿਲਾਂ ਅਕਾਲੀ ਅਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਥੇਦਾਰ ਤੇ ਸਵਾਲ ਚੁੱਕੇ ਗਏ ਸਨ। ਮੀਡੀਆ ਵੱਲੋਂ ਇਹ ਸਵਾਲ ਪੁੱਛਣ ਤੇ ਉਨ੍ਹਾਂ ਕਿਹਾ ਵਿਅਕਤੀ ਦਾ ਹਿੰਮਤਵਾਲਾ ਹੋਣਾ ਜਰੂਰੀ ਹੈ,ਕਥਾ ਵਾਚਕ, ਗ੍ਰੰਥੀ, ਰਾਗੀਜਾਂ ਵਿਦਵਾਨ ਹੋਣਾ ਬਹੁਤ ਜਰੂਰੀ ਨਹੀਂ ਹੈ। ਉਹ ਸ਼੍ਰੋਮਣੀ ਅਕਾਲੀ ਕਮੇਟੀ ਨੂੰ ਬੇਨਤੀ ਕਰਦੇ ਹਨ ਕਿ ਅਕਾਲ ਤਖ਼ਤ ਦੇ ਜਥੇਦਾਰ ਦੀ ਸੇਵਾ ਵਿਰਸਾ ਸਿੰਘ ਵਲਟੋਹਾ ਨੂੰ ਦੇ ਦਿੱਤੀ ਜਾਵੇ, ਕਿਉਂਕਿ ਉਨ੍ਹਾਂ ਵਿੱਚ ਬਹੁਤ ਹਿੰਮਤ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ