ਅੰਮ੍ਰਿਤਸਰ ‘ਚ ਰੂਹ ਕੰਬਾਊ ਵਾਰਦਾਤ, ਮੋਮੋਜ਼ ਲੈਣ ਗਏ ਇਕਲੌਤੇ ਪੁੱਤਰ ਦਾ ਬੇਰਹਿਮੀ ਨਾਲ ਕਤਲ; ਇਲਾਕੇ ‘ਚ ਭਾਰੀ ਦਹਿਸ਼ਤ
ਅੰਮ੍ਰਿਤਸਰ ਦੇ ਤਹਿਸੀਲਪੁਰਾ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਛਿੱਕੇ ਟੰਗਦਿਆਂ ਬੀਤੀ ਰਾਤ ਇੱਕ 22 ਸਾਲਾ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਖ਼ੂਨੀ ਵਾਰਦਾਤ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਦੇ ਅਤੇ ਘਸੀਟਦੇ ਹੋਏ ਦਿਖਾਈ ਦੇ ਰਹੇ ਹਨ।
ਅੰਮ੍ਰਿਤਸਰ ਦੇ ਤਹਿਸੀਲਪੁਰਾ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਛਿੱਕੇ ਟੰਗਦਿਆਂ ਬੀਤੀ ਰਾਤ ਇੱਕ 22 ਸਾਲਾ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਖ਼ੂਨੀ ਵਾਰਦਾਤ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਦੇ ਅਤੇ ਘਸੀਟਦੇ ਹੋਏ ਦਿਖਾਈ ਦੇ ਰਹੇ ਹਨ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਕੁਨਾਲ ਵਜੋਂ ਹੋਈ ਹੈ, ਜੋ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਅਤੇ ਸਲੂਨ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ।
ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਮ੍ਰਿਤਕ ਦੇ ਪਿਤਾ ਪਵਨ ਕੁਮਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਾਤ ਕਰੀਬ ਸਾਢੇ ਨੌਂ ਵਜੇ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਮੋਮੋਜ਼ ਲੈਣ ਜਾ ਰਿਹਾ ਹੈ। ਕਰੀਬ ਸਾਢੇ ਦੱਸ ਵਜੇ ਜਦੋਂ ਪਿਤਾ ਦੀ ਕੁਨਾਲ ਨਾਲ ਫੋਨ ਤੇ ਗੱਲ ਹੋਈ ਤਾਂ ਉਸ ਨੇ ਕਿਹਾ ਸੀ ਕਿ ਉਹ ਪੰਜ-ਸੱਤ ਮਿੰਟਾਂ ਵਿੱਚ ਵਾਪਸ ਆ ਜਾਵੇਗਾ। ਪਰ ਜਦੋਂ ਕਾਫੀ ਦੇਰ ਤੱਕ ਉਹ ਘਰ ਨਾ ਪਰਤਿਆ, ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਪੁਲਿਸ ਨੂੰ ਇਤਲਾਹ ਦਿੱਤੀ। ਅਗਲੇ ਦਿਨ ਸਵੇਰੇ ਪੁਲਿਸ ਵੱਲੋਂ ਇੱਕ ਲਾਵਾਰਿਸ ਲਾਸ਼ ਮਿਲਣ ਦੀ ਸੂਚਨਾ ਮਿਲੀ, ਜਿਸ ਦੀ ਸ਼ਨਾਖਤ ਕਰਨ ‘ਤੇ ਪਤਾ ਲੱਗਿਆ ਕਿ ਉਹ ਕੁਨਾਲ ਹੀ ਸੀ। ਪਿਤਾ ਅਨੁਸਾਰ ਉਨ੍ਹਾਂ ਨੂੰ ਹਾਲੇ ਤੱਕ ਕਿਸੇ ਵੀ ਪੁਰਾਣੀ ਦੁਸ਼ਮਣੀ ਜਾਂ ਝਗੜੇ ਦੇ ਅਸਲ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਲਾਕੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ
ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਇਲਾਕੇ ਦੇ ਕੌਂਸਲਰ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਮੈਦਾਨ ਨੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਰਾਤ ਵੇਲੇ 25 ਤੋਂ 30 ਦੇ ਕਰੀਬ ਨੌਜਵਾਨਾਂ ਦੇ ਗਰੁੱਪ ਨੇ ਇਲਾਕੇ ਵਿੱਚ ਭਾਰੀ ਹੰਗਾਮਾ ਕੀਤਾ। ਇਨ੍ਹਾਂ ਹਮਲਾਵਰਾਂ ਨੇ ਨਾ ਸਿਰਫ਼ ਕੁਨਾਲ ਦਾ ਕਤਲ ਕੀਤਾ, ਸਗੋਂ ਘਰਾਂ ਅਤੇ ਗੱਡੀਆਂ ਦੀ ਭੰਨ-ਤੋੜ ਵੀ ਕੀਤੀ ਅਤੇ ਔਰਤਾਂ ਨਾਲ ਬਦਤਮੀਜ਼ੀ ਕੀਤੀ। ਮਿੱਠੂ ਮੈਦਾਨ ਨੇ ਕਿਹਾ ਕਿ ਲੋਕਾਂ ਵਿੱਚ ਇੰਨਾ ਡਰ ਹੈ ਕਿ ਉਹ ਰਾਤ 8 ਵਜੇ ਤੋਂ ਬਾਅਦ ਬਾਹਰ ਨਿਕਲਣ ਤੋਂ ਕਤਰਾਉਣ ਲੱਗੇ ਹਨ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਗੁੰਡਾ ਅਨਸਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਸੋਸ਼ਲ ਮੀਡੀਆ ਬਣਿਆ ਝਗੜੇ ਦਾ ਕਾਰਨ
ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਅਤੇ ਦੂਜੀ ਧਿਰ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਤਣਾਅ ਚੱਲ ਰਿਹਾ ਸੀ। ਸੂਤਰਾਂ ਅਨੁਸਾਰ ਫੋਟੋਸ਼ੂਟ ਅਤੇ ਸੋਸ਼ਲ ਮੀਡੀਆ ‘ਤੇ ਪਾਈਆਂ ਗਈਆਂ ਕੁਝ ਪੋਸਟਾਂ ਨੂੰ ਲੈ ਕੇ ਇਹ ਵਿਵਾਦ ਸ਼ੁਰੂ ਹੋਇਆ ਸੀ, ਜੋ ਰਾਤ ਨੂੰ ਹਿੰਸਕ ਰੂਪ ਧਾਰ ਗਿਆ। ਇਲਾਕਾ ਨਿਵਾਸੀਆਂ ਮੁਤਾਬਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ।
ਪੁਲਿਸ ਦੀ ਕਾਰਵਾਈ
ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਰਾਤ ਕਰੀਬ ਇੱਕ ਵਜੇ ਤਹਿਸੀਲਪੁਰਾ ਵਿੱਚ ਹੋਏ ਝਗੜੇ ਅਤੇ ਕਤਲ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਵੰਸ਼ ਕੁਮਾਰ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਰਾਹੀਂ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਸਾਰੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
