6 ਸਾਲ ਤੋਂ ਇਟਲੀ ਰਹਿ ਰਿਹਾ ਅੰਮ੍ਰਿਤਸਰ ਦਾ ਨੌਜਵਾਨ ਅਚਾਨਕ ਹੋਇਆ ਲਾਪਤਾ, ਪਿਤਾ ਦੀ ਸਰਕਾਰਾਂ ਨੂੰ ਅਪੀਲ
ਹਰਮਨਦੀਪ ਦੀ ਗੁਮਸ਼ੁਦਗੀ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ। ਪਿਤਾ ਕਾਬਲ ਸਿੰਘ ਨੇ ਭਾਵੁਕ ਹੋ ਕੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਵੱਡੇ ਚਾਵਾਂ ਨਾਲ ਇੱਕ ਚੰਗੇ ਭਵਿੱਖ ਦੀ ਲੋੜ ਕਾਰਨ ਵਿਦੇਸ਼ ਭੇਜਿਆ ਸੀ।
ਕਰੀਬ 6 ਸਾਲ ਪਹਿਲਾਂ ਸੁਨਹਿਰੀ ਭਵਿੱਖ ਦੀ ਆਸ ਵਿੱਚ ਇਟਲੀ ਗਿਆ ਸਰਹੱਦੀ ਪਿੰਡ ਮਾਹਵਾ ਅਟਾਰੀ ਦੇ ਕਿਸਾਨ ਆਗੂ ਕਾਬਲ ਸਿੰਘ ਦਾ ਪੁੱਤਰ ਹਰਮਨਦੀਪ ਸਿੰਘ 22 ਜੁਲਾਈ ਤੋਂ ਲਾਪਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਜਿੱਥੇ ਡੇਅਰੀ ‘ਤੇ ਕੰਮ ਕਰਦਾ ਸੀ, ਉਥੋਂ ਆਪਣੇ ਚਾਚੇ ਨੂੰ ਮਿਲਣ ਲਈ ਸਾਈਕਲ ਤੇ ਨਿਕਲਿਆ ਸੀ, ਪਰ ਨਾ ਉਹ ਆਪਣੇ ਚਾਚੇ ਕੋਲ ਪਹੁੰਚਿਆ ਤੇ ਨਾ ਹੀ ਉਸ ਤੋਂ ਬਾਅਦ ਕੋਈ ਸੰਪਰਕ ਹੋਇਆ ਹੈ।
ਹਰਮਨਦੀਪ ਦੀ ਗੁਮਸ਼ੁਦਗੀ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ। ਪਿਤਾ ਕਾਬਲ ਸਿੰਘ ਨੇ ਭਾਵੁਕ ਹੋ ਕੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਵੱਡੇ ਚਾਵਾਂ ਨਾਲ ਇੱਕ ਚੰਗੇ ਭਵਿੱਖ ਦੀ ਲੋੜ ਕਾਰਨ ਵਿਦੇਸ਼ ਭੇਜਿਆ ਸੀ। ਕਾਬਲ ਸਿੰਘ ਨੇ ਕਿਹਾ ਸੀ ਕਿ ਉਹ ਪਿਛਲੇ 6 ਸਾਲ ਤੋਂ ਇੱਕੋ ਹੀ ਡੇਅਰੀ ‘ਤੇ ਮਿਹਨਤ ਕਰ ਰਿਹਾ ਸੀ, ਪਰ ਅਚਾਨਕ ਐਨਾ ਵੱਡਾ ਝਟਕਾ ਮਿਲੇਗਾ, ਕਦੇ ਸੋਚਿਆ ਨਹੀਂ ਸੀ।
ਪਰਿਵਾਰ ਨੇ ਇਟਲੀ ਵਿੱਚ ਹਰਮਨਦੀਪ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਹੈ। ਭਾਰਤ ਤੇ ਪੰਜਾਬ ਸਰਕਾਰਾਂ ਕੋਲ ਅਪੀਲ ਕੀਤੀ ਹੈ ਕਿ ਇਟਲੀ ਅੰਬੈਸੀ ਦੇ ਜ਼ਰੀਏ ਉਹਨਾਂ ਦੇ ਪੁੱਤਰ ਦੀ ਭਾਲ ਕਰਵਾਈ ਜਾਵੇ।
ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਪੀੜਤ ਪਰਿਵਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਮਾਮਲਾ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਇਟਲੀ ਸਰਕਾਰ ਨਾਲ ਮਿਲ ਕੇ ਹਰਮਨਦੀਪ ਦੀ ਭਾਲ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
ਪਰਿਵਾਰ ਨੇ ਕੀਤੀ ਮੰਗ
ਕਾਬਲ ਸਿੰਘ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਭਾਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਸਾਡੇ ਲਈ ਹਰ ਮਿੰਟ ਭਾਰੀ ਪੈ ਰਿਹਾ ਹੈ, ਸਾਨੂੰ ਸਿਰਫ ਆਪਣੇ ਪੁੱਤਰ ਦੀ ਸਲਾਮਤੀ ਦੀ ਖ਼ਬਰ ਚਾਹੀਦੀ ਹੈ।”
