ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, 3.491 ਕਿਲੋ ਹੈਰੋਇਨ, 2 ਪਿਸਤੌਲ ਤੇ 1 ਹੈਂਡ ਗ੍ਰਨੇਡ ਬਰਾਮਦ; 7 ਕਾਬੂ

Published: 

21 Oct 2026 10:56 AM IST

ਪੰਜਾਬ ਦੇ ਡੀਜੀਪੀ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਮਾਮਲੇ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਥਿਤ ਤੌਰ 'ਤੇ ਵਿਦੇਸ਼ਾਂ 'ਚ ਬੈਠੇ ਤਸਕਰਾਂ ਦੇ ਸੰਪਰਕ 'ਚ ਸਨ। ਇਨ੍ਹਾਂ ਤਸਕਰਾਂ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕੀਤੇ ਜਾਣ ਤੇ ਬਾਅਦ 'ਚ ਉਨ੍ਹਾਂ ਨੂੰ ਅਪਰਾਧਿਕ ਅਨਸਰਾਂ ਤੱਕ ਪਹੁੰਚਾਉਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ

ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, 3.491 ਕਿਲੋ ਹੈਰੋਇਨ, 2 ਪਿਸਤੌਲ ਤੇ 1 ਹੈਂਡ ਗ੍ਰਨੇਡ ਬਰਾਮਦ; 7 ਕਾਬੂ

ਪੰਜਾਬ ‘ਚ ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇੱਕ ਕਥਿਤ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਤਾਰ ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਤੇ ਵਿਸਫੋਟਕਾਂ ਦੀ ਤਸਕਰੀ ਨਾਲ ਜੁੜੇ ਹੋਣ ਦਾ ਸ਼ੱਕ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 1 ਹੈਂਡ ਗ੍ਰਨੇਡ, 2 ਪਿਸਤੌਲ ਤੇ 3.491 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਪੰਜਾਬ ਦੇ ਡੀਜੀਪੀ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਮਾਮਲੇ ਦੀ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਥਿਤ ਤੌਰ ‘ਤੇ ਵਿਦੇਸ਼ਾਂ ‘ਚ ਬੈਠੇ ਤਸਕਰਾਂ ਦੇ ਸੰਪਰਕ ‘ਚ ਸਨ। ਇਨ੍ਹਾਂ ਤਸਕਰਾਂ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕੀਤੇ ਜਾਣ ਤੇ ਬਾਅਦ ‘ਚ ਉਨ੍ਹਾਂ ਨੂੰ ਅਪਰਾਧਿਕ ਅਨਸਰਾਂ ਤੱਕ ਪਹੁੰਚਾਉਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਵਿਦੇਸ਼ਾਂ ‘ਚ ਬੈਠੇ ਤਸਕਰਾਂ ਨਾਲ ਸੰਪਰਕ ਦੀ ਜਾਂਚ

ਪੁਲਿਸ ਹੁਣ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨ ‘ਚ ਜੁਟੀ ਹੋਈ ਹੈ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਮੁਲਜ਼ਮਾਂ ਨੂੰ ਹੈਰੋਇਨ, ਹਥਿਆਰ ਤੇ ਵਿਸਫੋਟਕ ਕਿੱਥੋਂ ਮਿਲਦੇ ਸਨ ਤੇ ਇਨ੍ਹਾਂ ਦੀ ਸਪਲਾਈ ਕਿਨ੍ਹਾਂ ਲੋਕਾਂ ਤੱਕ ਕੀਤੀ ਜਾਣੀ ਸੀ। ਪੁਲਿਸ ਇਸ ਮਾਮਲੇ ‘ਚ ਨੈੱਟਵਰਕ ਦੇ ਪਿੱਛੇ ਕੰਮ ਕਰ ਰਹੇ ਲੋਕਾਂ ਤੇ ਇਸ ਦੇ ਸੰਭਾਵਿਤ ਕੌਮਾਂਤਰੀ ਸੰਪਰਕਾਂ ਦੀ ਵੀ ਜਾਂਚ ਕਰ ਰਹੀ ਹੈ।

ਛੇਹਰਟਾ ਤੇ ਲੋਪੋਕੇ ਥਾਣਿਆਂ ‘ਚ ਮਾਮਲੇ ਦਰਜ

ਇਸ ਸਬੰਧੀ ਪੁਲਿਸ ਥਾਣਾ ਛੇਹਰਟਾ ਤੇ ਪੁਲਿਸ ਥਾਣਾ ਲੋਪੋਕੇ ਵਿੱਚ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਪੁਰਾਣੇ ਸੰਪਰਕਾਂ, ਸਪਲਾਈ ਦੇ ਸਰੋਤਾਂ ਤੇ ਅੱਗੇ ਹੋਣ ਵਾਲੀ ਡਿਲੀਵਰੀ ਨਾਲ ਸਬੰਧਤ ਕੜੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਦਾ ਸਖ਼ਤ ਰੁਖ਼

ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ‘ਚ ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਤੇ ਵਿਸਫੋਟਕਾਂ ਦੀ ਤਸਕਰੀ ਦੇ ਨਾਲ-ਨਾਲ ਸੰਗਠਿਤ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ। ਪੁਲਿਸ ਅਨੁਸਾਰ, ਅਜਿਹੀਆਂ ਗਤੀਵਿਧੀਆਂ ‘ਤੇ ਰੋਕ ਲਗਾ ਕੇ ਪੰਜਾਬ ‘ਚ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣਾ ਪਹਿਲ ਹੈ।

ਫਿਲਹਾਲ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਤੇ ਅਗਲੀ ਜਾਂਚ ਦੇ ਆਧਾਰ ‘ਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Loading...
Unable to load recommendations.
Follow Us