ਅੰਮ੍ਰਿਤਸਰ ‘ਚ ਜਾਇਦਾਦ ਦੇ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਸ਼ੱਕੀ ਹਾਲਾਤਾਂ ‘ਚ ਝੁਲਸੇ ਵਿਅਕਤੀ ਦੀ ਮੌਤ; ਭੈਣ ਤੇ ਜੀਜਾ ਨਾਮਜ਼ਦ

Updated On: 

01 Sep 2026 15:46 PM IST

ਅੰਮ੍ਰਿਤਸਰ ਵਿਖੇ ਲੰਮੇ ਸਮੇਂ ਤੋਂ ਚੱਲ ਰਹੇ ਇੱਕ ਜਾਇਦਾਦ ਦੇ ਵਿਵਾਦ ਨੇ ਉਸ ਵੇਲੇ ਬੇਹੱਦ ਖ਼ੌਫ਼ਨਾਕ ਰੂਪ ਧਾਰਨ ਕਰ ਲਿਆ, ਜਦੋਂ ਰਾਮਤੀਰਥ ਰੋਡ ਨਜ਼ਦੀਕ ਸ਼ੱਕੀ ਹਾਲਾਤਾਂ ਵਿੱਚ ਅੱਗ ਦੀ ਲਪੇਟ ਵਿੱਚ ਆਏ ਇੱਕ ਵਿਅਕਤੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਲਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਇਹ ਦਰਦਨਾਕ ਘਟਨਾ ਬੀਤੀ 31 ਅਗਸਤ ਦੀ ਦੱਸੀ ਜਾ ਰਹੀ ਹੈ।

ਅੰਮ੍ਰਿਤਸਰ ਚ ਜਾਇਦਾਦ ਦੇ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਸ਼ੱਕੀ ਹਾਲਾਤਾਂ ਚ ਝੁਲਸੇ ਵਿਅਕਤੀ ਦੀ ਮੌਤ; ਭੈਣ ਤੇ ਜੀਜਾ ਨਾਮਜ਼ਦ

ਅੰਮ੍ਰਿਤਸਰ ਵਿਖੇ ਲੰਮੇ ਸਮੇਂ ਤੋਂ ਚੱਲ ਰਹੇ ਇੱਕ ਜਾਇਦਾਦ ਦੇ ਵਿਵਾਦ ਨੇ ਉਸ ਵੇਲੇ ਬੇਹੱਦ ਖ਼ੌਫ਼ਨਾਕ ਰੂਪ ਧਾਰਨ ਕਰ ਲਿਆ, ਜਦੋਂ ਰਾਮਤੀਰਥ ਰੋਡ ਨਜ਼ਦੀਕ ਸ਼ੱਕੀ ਹਾਲਾਤਾਂ ਵਿੱਚ ਅੱਗ ਦੀ ਲਪੇਟ ਵਿੱਚ ਆਏ ਇੱਕ ਵਿਅਕਤੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਲਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਇਹ ਦਰਦਨਾਕ ਘਟਨਾ ਬੀਤੀ 31 ਅਗਸਤ ਦੀ ਦੱਸੀ ਜਾ ਰਹੀ ਹੈ। ਪੀੜਤ ਪਰਿਵਾਰ ਅਨੁਸਾਰ ਪਲਵਿੰਦਰ ਸਿੰਘ ਦਾ ਸਰੀਰ ਕਰੀਬ 70 ਤੋਂ 80 ਫ਼ੀਸਦੀ ਤੱਕ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੀ ਭੈਣ ਸੁਮਨ ਬਾਲਾ ਅਤੇ ਜੀਜਾ ਪ੍ਰੇਮ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦਾਦੇ ਦੀ ਜਾਇਦਾਦ ਨੂੰ ਲੈ ਕੇ 15 ਸਾਲਾਂ ਤੋਂ ਚੱਲ ਰਿਹਾ ਸੀ ਵਿਵਾਦ

ਮ੍ਰਿਤਕ ਦੇ ਪੁੱਤਰ ਹਰਮਨਦੀਪ ਸਿੰਘ ਨੇ ਸਾਰੇ ਘਟਨਾਕ੍ਰਮ ਬਾਰੇ ਦੱਸਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਦਾਦਾ ਸ਼ਾਮ ਸਿੰਘ ਦੀ ਜਾਇਦਾਦ ਨੂੰ ਲੈ ਕੇ ਉਨ੍ਹਾਂ ਦੀ ਭੂਆ ਸੁਮਨ ਬਾਲਾ ਅਤੇ ਫੁੱਫੜ ਪ੍ਰੇਮ ਸਿੰਘ ਨਾਲ ਪਿਛਲੇ ਕਰੀਬ 10 ਤੋਂ 15 ਸਾਲਾਂ ਤੋਂ ਤਕਰਾਰ ਚੱਲ ਰਹੀ ਸੀ। ਪਰਿਵਾਰ ਦਾ ਆਰੋਪ ਹੈ ਕਿ ਜਾਇਦਾਦ ਦੇ ਕਬਜ਼ੇ ਨੂੰ ਲੈ ਕੇ ਉਨ੍ਹਾਂ ਨੂੰ ਲਗਾਤਾਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਮਕਾਨ ਖ਼ਾਲੀ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ। ਇਹ ਵਿਵਾਦ ਅਦਾਲਤ ਤੱਕ ਵੀ ਪਹੁੰਚ ਚੁੱਕਾ ਹੈ।

ਪਾਠ ਕਰਨ ਲਈ ਨਿਕਲੇ ਸੀ ਘਰੋਂ

ਹਰਮਨਦੀਪ ਸਿੰਘ ਅਨੁਸਾਰ ਘਟਨਾ ਵਾਲੇ ਦਿਨ ਉਨ੍ਹਾਂ ਦੇ ਪਿਤਾ ਪਲਵਿੰਦਰ ਸਿੰਘ ਘਰ ਤੋਂ ਪਾਠ ਕਰਨ ਦੀ ਗੱਲ ਕਹਿ ਕੇ ਨਿਕਲੇ ਸਨ। ਕੁਝ ਸਮੇਂ ਬਾਅਦ ਹੀ ਪਰਿਵਾਰ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ ਕਿ ਰਾਮਤੀਰਥ ਰੋਡ ਨੇੜੇ ਪਲਵਿੰਦਰ ਸਿੰਘ ਅੱਗ ਨਾਲ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਤੁਰੰਤ ਮੌਕੇ ‘ਤੇ ਪਹੁੰਚਿਆ ਅਤੇ 108 ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਹੋਸ਼ ਆਉਣ ‘ਤੇ ਭੈਣ ਤੇ ਜੀਜੇ ‘ਤੇ ਲਗਾਏ ਆਰੋਪ

ਪਰਿਵਾਰ ਨੇ ਦੱਸਿਆ ਕਿ ਹਸਪਤਾਲ ਲਿਜਾਂਦੇ ਸਮੇਂ ਜਦੋਂ ਪਲਵਿੰਦਰ ਸਿੰਘ ਨੂੰ ਥੋੜ੍ਹਾ ਹੋਸ਼ ਆਇਆ ਤਾਂ ਉਨ੍ਹਾਂ ਨੇ ਆਪਣੀ ਇਸ ਹਾਲਤ ਲਈ ਸਿੱਧੇ ਤੌਰ ‘ਤੇ ਭੈਣ ਸੁਮਨ ਬਾਲਾ ਅਤੇ ਜੀਜਾ ਪ੍ਰੇਮ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਡਾਕਟਰਾਂ ਮੁਤਾਬਕ ਉਹ 70 ਤੋਂ 80 ਫ਼ੀਸਦੀ ਝੁਲਸ ਚੁੱਕੇ ਸਨ, ਜਿਸ ਕਾਰਨ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਭੱਲਾ ਹਸਪਤਾਲ ਰੈਫ਼ਰ ਕੀਤਾ ਗਿਆ, ਜਿੱਥੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਆਖ਼ਰਕਾਰ ਉਨ੍ਹਾਂ ਨੇ ਦਮ ਤੋੜ ਦਿੱਤਾ।

ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗੀ ਅਗਲੇਰੀ ਕਾਰਵਾਈ

ਮੌਤ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਥਾਣਾ ਛੇਹਰਟਾ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਗੁਹਾਰ ਲਗਾਈ ਗਈ। ਪੁਲਿਸ ਅਧਿਕਾਰੀ ਰਾਜਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕ ਦੀ ਭੈਣ ਅਤੇ ਜੀਜੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਮੌਕੇ ਦੇ ਹਾਲਾਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਹੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Loading...
Unable to load recommendations.
Follow Us