ਅੰਮ੍ਰਿਤਸਰ ਪੁਲਿਸ ਕਮਿਸ਼ਨਰ ਫ਼ੋਰਸ ਸਮੇਤ ਮੈਦਾਨ ‘ਚ ਉੱਤਰੇ, ਨਸ਼ਾ ਹੌਟਸਪੌਟਾਂ ਦਾ ਲਿਆ ਜ਼ਮੀਨੀ ਜਾਇਜ਼ਾ

Updated On: 

31 Oct 2026 17:43 PM IST

ਅੰਮ੍ਰਿਤਸਰ ਨੂੰ ਅਪਰਾਧ ਅਤੇ ਨਸ਼ਾ ਮੁਕਤ ਕਰਨ ਲਈ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਫ਼ੋਰਸ ਸਮੇਤ ਸੰਵੇਦਨਸ਼ੀਲ ਇਲਾਕਿਆਂ ਵਿੱਚ ਪਹੁੰਚੇ। ਉਨ੍ਹਾਂ ਦੱਸਿਆ ਕਿ ਸਖ਼ਤ ਕਾਰਵਾਈ ਕਾਰਨ ਨਸ਼ੇ ਦਾ ਧੰਦਾ 95% ਘਟਿਆ ਹੈ। ਉਨ੍ਹਾਂ ਨਸ਼ਾ ਪੀੜਤਾਂ ਦੇ ਮੁਫ਼ਤ ਇਲਾਜ ਲਈ ਪਰਿਵਾਰਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਗ਼ੈਰ-ਕਾਨੂੰਨੀ ਪਟਾਕੇ ਬਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ।

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਫ਼ੋਰਸ ਸਮੇਤ ਮੈਦਾਨ ਚ ਉੱਤਰੇ, ਨਸ਼ਾ ਹੌਟਸਪੌਟਾਂ ਦਾ ਲਿਆ ਜ਼ਮੀਨੀ ਜਾਇਜ਼ਾ

ਅੰਮ੍ਰਿਤਸਰ ਨੂੰ ਪੂਰੀ ਤਰ੍ਹਾਂ ਜੁਰਮ ਅਤੇ ਨਸ਼ਾ ਮੁਕਤ ਬਣਾਉਣ ਦੇ ਮੰਤਵ ਨਾਲ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਸਮੁੱਚੀ ਪੁਲਿਸ ਫੋਰਸ ਸਮੇਤ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਆਮ ਲੋਕਾਂ ਅਤੇ ਸਥਾਨਕ ਵਸਨੀਕਾਂ ਨਾਲ ਆਹਮੋ-ਸਾਹਮਣੇ ਹੋ ਕੇ ਖੇਤਰ ਦੀ ਸੁਰੱਖਿਆ ਵਿਵਸਥਾ, ਨਸ਼ਿਆਂ ਦੀ ਮੌਜੂਦਾ ਸਥਿਤੀ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਬਾਰੇ ਸਿੱਧਾ ਰਾਬਤਾ ਕਾਇਮ ਕੀਤਾ। ਪੁਲਿਸ ਕਮਿਸ਼ਨਰ ਦੇ ਇਸ ਜ਼ਮੀਨੀ ਦੌਰੇ ਨਾਲ ਜਿੱਥੇ ਆਮ ਸ਼ਹਿਰੀਆਂ ਅੰਦਰ ਸੁਰੱਖਿਆ ਦੀ ਭਾਵਨਾ ਅਤੇ ਵਿਸ਼ਵਾਸ ਵਧਿਆ ਹੈ, ਉੱਥੇ ਹੀ ਸਮਾਜ ਵਿਰੋਧੀ ਅਨਸਰਾਂ ਵਿੱਚ ਭਾਜੜਾਂ ਪੈ ਗਈਆਂ ਹਨ।

ਨਸ਼ਿਆਂ ਦੇ ਪੁਰਾਣੇ ਹੌਟਸਪੌਟ ਤੇ 95 ਫ਼ੀਸਦੀ ਤੱਕ ਲਗਾਈ ਗਈ ਰੋਕ

ਇਲਾਕੇ ਦੇ ਦੌਰੇ ਦੌਰਾਨ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਖ਼ੁਲਾਸਾ ਕੀਤਾ ਕਿ ਜਿਸ ਇਲਾਕੇ ਵਿੱਚ ਉਹ ਅੱਜ ਪਹੁੰਚੇ ਹਨ, ਉਹ ਪਿਛਲੇ ਸਮੇਂ ਦੌਰਾਨ ਚਿੱਟੇ ਸਮੇਤ ਹੋਰ ਮਾਰੂ ਨਸ਼ਿਆਂ ਦੀ ਤਸਕਰੀ ਦਾ ਇੱਕ ਵੱਡਾ ਹੌਟਸਪੌਟ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਸਥਾਨਕ ਨਾਗਰਿਕਾਂ ਅਤੇ ਮੋਹਤਬਰਾਂ ਨਾਲ ਮੁਲਾਕਾਤ ਕਰਕੇ ਜ਼ਮੀਨੀ ਹਕੀਕਤਾਂ ਦਾ ਜਾਇਜ਼ਾ ਲਿਆ। ਇਲਾਕਾ ਨਿਵਾਸੀਆਂ ਨੇ ਤਸੱਲੀ ਪ੍ਰਗਟ ਕਰਦਿਆਂ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਪੁਲਿਸ ਦੀ ਸਖ਼ਤ ਨਾਕਾਬੰਦੀ ਅਤੇ ਲਗਾਤਾਰ ਛਾਪੇਮਾਰੀ ਕਾਰਨ ਖੇਤਰ ਵਿੱਚੋਂ ਨਸ਼ੇ ਦਾ ਗ਼ੈਰ-ਕਾਨੂੰਨੀ ਧੰਦਾ 95 ਫ਼ੀਸਦੀ ਤੱਕ ਖ਼ਤਮ ਹੋ ਚੁੱਕਾ ਹੈ।

ਮੌਕੇ ਤੇ ਮੌਜੂਦ ਇੱਕ ਸਥਾਨਕ ਨਾਗਰਿਕ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਜਦੋਂ ਤੋਂ ਪੁਲਿਸ ਕਮਿਸ਼ਨਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਕਮਾਨ ਸੰਭਾਲੀ ਹੈ, ਉਦੋਂ ਤੋਂ ਇਲਾਕੇ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਪਹਿਲਾਂ ਜਿੱਥੇ ਗਲੀਆਂ-ਮੁਹੱਲਿਆਂ ਵਿੱਚ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਰੁਲਦੇ ਵਿਖਾਈ ਦਿੰਦੇ ਸਨ, ਉੱਥੇ ਹੁਣ ਪੁਲਿਸ ਅਧਿਕਾਰੀਆਂ ਦੀ ਚੌਕਸੀ ਅਤੇ ਬੇਖ਼ੌਫ਼ ਕਾਰਜਸ਼ੈਲੀ ਕਾਰਨ ਨਸ਼ਾ ਤਸਕਰ ਇਲਾਕਾ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ ਹਨ।

ਨਸ਼ਾ ਪੀੜਤਾਂ ਦੇ ਮੁਫ਼ਤ ਇਲਾਜ ਅਤੇ ਮੁੜ-ਵਸੇਬੇ ਲਈ ਅੱਗੇ ਆਉਣ ਦੀ ਅਪੀਲ

ਪੁਲਿਸ ਕਮਿਸ਼ਨਰ ਨੇ ਜਨਤਾ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਜਾਂ ਪਰਿਵਾਰ ਵਿੱਚ ਕੋਈ ਨੌਜਵਾਨ ਅਜੇ ਵੀ ਚਿੱਟੇ ਜਾਂ ਕਿਸੇ ਹੋਰ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ, ਤਾਂ ਉਸ ਨੂੰ ਲੁਕਾਉਣ ਦੀ ਬਜਾਏ ਨਿਡਰ ਹੋ ਕੇ ਸਾਹਮਣੇ ਲਿਆਂਦਾ ਜਾਵੇ। ਪਰਿਵਾਰਕ ਮੈਂਬਰ ਬਿਨਾਂ ਕਿਸੇ ਝਿਜਕ ਜਾਂ ਡਰ ਤੋਂ ਆਪਣੇ ਨਜ਼ਦੀਕੀ ਥਾਣਾ ਮੁਖੀ (ਐੱਸ.ਐੱਚ.ਓ.), ਚੌਕੀ ਇੰਚਾਰਜ, ਡੀ.ਐੱਸ.ਪੀ. ਜਾਂ ਐੱਸ.ਪੀ. ਨਾਲ ਸੰਪਰਕ ਕਰ ਸਕਦੇ ਹਨ।

ਜੇਕਰ ਉਹ ਖ਼ੁਦ ਥਾਣੇ ਜਾਣ ਤੋਂ ਅਸਮਰੱਥ ਹਨ ਤਾਂ ਪੁਲਿਸ ਨੂੰ ਸੂਚਿਤ ਕਰਨ; ਪੁਲਿਸ ਦੀ ਵਿਸ਼ੇਸ਼ ਟੀਮ ਖ਼ੁਦ ਉਨ੍ਹਾਂ ਦੇ ਘਰ ਜਾ ਕੇ ਪਰਿਵਾਰ ਅਤੇ ਪੀੜਤ ਨੌਜਵਾਨ ਨਾਲ ਗੱਲਬਾਤ ਕਰੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਅਜਿਹੇ ਪੀੜਤਾਂ ਨੂੰ ਜ਼ਿੰਦਗੀ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਸਰਕਾਰ ਵੱਲੋਂ ਉਨ੍ਹਾਂ ਦਾ ਮੁਫ਼ਤ ਇਲਾਜ ਅਤੇ ਮੁੜ-ਵਸੇਬਾ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਵਿਭਾਗ ਦਾ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਸਮਾਜ ਵਿਰੋਧੀ ਅਨਸਰਾਂ ਨਾਲ ਮਿਲੀਭੁਗਤ ਵਿੱਚ ਸ਼ਾਮਲ ਪਾਇਆ ਜਾਂਦਾ ਹੈ, ਤਾਂ ਉਸ ਦੀ ਗੁਪਤ ਜਾਣਕਾਰੀ ਸਿੱਧੀ ਉਨ੍ਹਾਂ ਤੱਕ ਪਹੁੰਚਾਈ ਜਾਵੇ, ਜਿਸ ‘ਤੇ ਤੁਰੰਤ ਸਖ਼ਤ ਵਿਭਾਗੀ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਗ਼ੈਰ-ਕਾਨੂੰਨੀ ਪਟਾਕਿਆਂ ਤੇ ਸਖ਼ਤ ਚੇਤਾਵਨੀ

ਆਗਾਮੀ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਰਿਹਾਇਸ਼ੀ ਖੇਤਰਾਂ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਪਟਾਕੇ ਬਣਾਉਣ ਅਤੇ ਉਨ੍ਹਾਂ ਦੇ ਭੰਡਾਰਨ ਨੂੰ ਲੈ ਕੇ ਬੇਹੱਦ ਸਖ਼ਤ ਰੁਖ਼ ਅਪਣਾਇਆ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਅਨਗੜ੍ਹ ਅਤੇ ਆਸ-ਪਾਸ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਤਿਆਰ ਕੀਤੇ ਜਾਣ ਦੀਆਂ ਜਾਣਕਾਰੀਆਂ ਮਿਲਦੀਆਂ ਰਹੀਆਂ ਹਨ। ਉਨ੍ਹਾਂ ਨੇ ਦੋ-ਟੂਕ ਚੇਤਾਵਨੀ ਦਿੱਤੀ ਕਿ ਜੇਕਰ ਰਿਹਾਇਸ਼ੀ ਜਾਂ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਅਣਅਧਿਕਾਰਤ ਪਟਾਕੇ ਬਣਾਉਣ ਜਾਂ ਜਮ੍ਹਾਂ ਰੱਖਣ ਕਾਰਨ ਕੋਈ ਧਮਾਕਾ ਜਾਂ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਅਤੇ ਕਿਸੇ ਨਾਗਰਿਕ ਦੀ ਜਾਨ ਜਾਂਦੀ ਹੈ, ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਿੱਧੇ ਤੌਰ ਤੇ ਕਤਲ ਦੀ ਧਾਰਾ (ਆਈਪੀਸੀ ਦੀ ਧਾਰਾ 302 / ਬੀਐੱਨਐੱਸ ਤਹਿਤ) ਤਹਿਤ ਪਰਚਾ ਦਰਜ ਕੀਤਾ ਜਾਵੇਗਾ।

ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਸਿਰਫ਼ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਵੱਲੋਂ ਮਨਜ਼ੂਰਸ਼ੁਦਾ ਖੁੱਲ੍ਹੇ ਸਥਾਨਾਂ ਤੇ ਹੀ ਸਰਕਾਰੀ ਨਿਯਮਾਂ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਪਟਾਕੇ ਵੇਚਣ ਦੀ ਆਗਿਆ ਦਿੱਤੀ ਜਾਵੇਗੀ, ਜਿੱਥੇ ਫ਼ਾਇਰ ਬ੍ਰਿਗੇਡ ਅਤੇ ਪਾਣੀ ਦੇ ਪੁਖ਼ਤਾ ਪ੍ਰਬੰਧ ਮੌਜੂਦ ਹੋਣਗੇ। ਬਿਨਾਂ ਲਾਇਸੰਸ ਤੋਂ ਰਿਹਾਇਸ਼ੀ ਜਾਂ ਸੰਘਣੇ ਇਲਾਕਿਆਂ ਵਿੱਚ ਪਟਾਕੇ ਵੇਚਣ ਜਾਂ ਤਿਆਰ ਕਰਨ ਵਾਲਿਆਂ ਖ਼ਿਲਾਫ਼ ਐਕਸਪਲੋਸਿਵ ਐਕਟ ਤਹਿਤ ਸਖ਼ਤ ਕਾਰਵਾਈ ਕਰਦਿਆਂ ਸਮੁੱਚਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ। ਮੌਕੇ ਤੇ ਇਕੱਤਰ ਹੋਏ ਸਮੂਹ ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੀ ਇਸ ਸਖ਼ਤ ਪਹਿਲਕਦਮੀ ਦਾ ਸਵਾਗਤ ਕਰਦਿਆਂ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੂਰਨ ਸਹਿਯੋਗ ਦੇਣ ਦਾ ਅਹਿਦ ਲਿਆ।

Loading...
Unable to load recommendations.
Follow Us