ਅੰਮ੍ਰਿਤਸਰ ‘ਚ ਪਾਕਿਸਤਾਨੀ ਡਰੋਨ ਰਾਹੀਂ ਹਥਿਆਰ ਮੰਗਵਾਉਣ ਵਾਲੇ 2 ਤਸਕਰ ਗ੍ਰਿਫ਼ਤਾਰ, 7 ਵਿਦੇਸ਼ੀ ਪਿਸਤੌਲ ਬਰਾਮਦ

Published: 

01 Jul 2026 23:35 PM IST

ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਬਹੁਤ ਹੀ ਵੱਡੇ ਅਤੇ ਸਰਗਰਮ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 2 ਹਥਿਆਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅੰਮ੍ਰਿਤਸਰ ਚ ਪਾਕਿਸਤਾਨੀ ਡਰੋਨ ਰਾਹੀਂ ਹਥਿਆਰ ਮੰਗਵਾਉਣ ਵਾਲੇ 2 ਤਸਕਰ ਗ੍ਰਿਫ਼ਤਾਰ, 7 ਵਿਦੇਸ਼ੀ ਪਿਸਤੌਲ ਬਰਾਮਦ

ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਬਹੁਤ ਹੀ ਵੱਡੇ ਅਤੇ ਸਰਗਰਮ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 2 ਹਥਿਆਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 7 ਅਤਿ-ਆਧੁਨਿਕ ਪਿਸਤੌਲ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਕੀਤੀ ਗਈ ਮੁਢਲੀ ਜਾਂਚ ਦੌਰਾਨ ਇਹ ਬੇਹੱਦ ਅਹਿਮ ਖ਼ੁਲਾਸਾ ਹੋਇਆ ਹੈ ਕਿ ਇਹ ਸਾਰੇ ਘਾਤਕ ਹਥਿਆਰ ਗੁਆਂਢੀ ਮੁਲਕ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਭੇਜੇ ਜਾ ਰਹੇ ਸਨ।

ਫੜੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਾਹਣਾ, ਸੁਰਸਿੰਘ ਦੇ ਰਹਿਣ ਵਾਲੇ ਸੁਰਜੀਤ ਸਿੰਘ ਅਤੇ ਗੁਲਬਾਗ ਸਿੰਘ ਬਾਠ ਵਜੋਂ ਹੋਈ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਸੁਰਜੀਤ ਸਿੰਘ ਪਹਿਲਾਂ ਹੀ ਐਨ.ਡੀ.ਪੀ.ਐਸ. (NDPS) ਐਕਟ ਦੇ ਇੱਕ ਮਾਮਲੇ ਵਿੱਚ ਭਗੌੜਾ ਚੱਲ ਰਿਹਾ ਸੀ।

ਨਸ਼ਾ ਛਡਾਊ ਕੇਂਦਰ ਦੀ ਆੜ ਵਿੱਚ ਚੱਲ ਰਿਹਾ ਸੀ ਕਾਲਾ ਧੰਦਾ

ਇਸ ਪੂਰੇ ਮਾਮਲੇ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਦੂਜਾ ਮੁਲਜ਼ਮ ਗੁਲਬਾਗ ਸਿੰਘ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਚਲਾਉਂਦਾ ਸੀ। ਪੁਲਿਸ ਨੂੰ ਪੂਰਾ ਸ਼ੱਕ ਹੈ ਕਿ ਇਸ ਨਸ਼ਾ ਛਡਾਊ ਕੇਂਦਰ ਦੀ ਆੜ ਵਿੱਚ ਗੈਰ-ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ, ਹੁਣ ਸਿਵਲ ਸਰਜਨ ਦੀ ਟੀਮ ਦੇ ਨਾਲ ਮਿਲ ਕੇ ਉਕਤ ਸੈਂਟਰ ਦੇ ਸਾਰੇ ਰਿਕਾਰਡ ਅਤੇ ਇਸ ਨੂੰ ਮਿਲਣ ਵਾਲੀ ਫੰਡਿੰਗ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਬਰਾਮਦ ਹੋਏ ਹਥਿਆਰਾਂ ਵਿੱਚ ਵਿਦੇਸ਼ੀ ਪਿਸਤੌਲਾਂ ਸ਼ਾਮਲ

ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਥਿਆਰਾਂ ਦੀ ਸੂਚੀ ਕਾਫ਼ੀ ਲੰਬੀ ਅਤੇ ਖ਼ਤਰਨਾਕ ਹੈ। ਇਨ੍ਹਾਂ ਵਿੱਚ ਇੱਕ 9 ਐਮ.ਐਮ. (9 mm) ਦੀ ਗਲੋਕ ਪਿਸਤੌਲ, ਤੁਰਕੀ ਦੀ ਬਣੀ .30 ਬੋਰ ਦੀ ਪਿਸਤੌਲ, ਵਿਸ਼ੇਸ਼ ਤੌਰ ‘ਤੇ ਮੋਡੀਫਾਈ ਕੀਤੀ ਗਈ .30 ਬੋਰ ਦੀ ਪਿਸਤੌਲ, ਚੀਨ ਅਤੇ ਪਾਕਿਸਤਾਨ ਵਿੱਚ ਬਣੀਆਂ .30 ਬੋਰ ਦੀਆਂ ਪਿਸਤੌਲਾਂ ਸਮੇਤ ਕੁੱਲ ਸੱਤ ਮਾਰੂ ਹਥਿਆਰ ਸ਼ਾਮਲ ਹਨ। ਇਸ ਤੋਂ ਇਲਾਵਾ .30 ਬੋਰ ਦੇ 40 ਜ਼ਿੰਦਾ ਕਾਰਤੂਸ ਵੀ ਪੁਲਿਸ ਨੇ ਜ਼ਬਤ ਕੀਤੇ ਹਨ।

ਪਹਿਲਾਂ ਤੋਂ ਤੈਅ ਥਾਵਾਂ ‘ਤੇ ਸੁੱਟੀ ਜਾਂਦੀ ਸੀ ਖੇਪ

ਮਾਮਲੇ ਦੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਖੇਪ ਤਰਨਤਾਰਨ ਦੇ ਸਰਹੱਦੀ ਇਲਾਕਿਆਂ ਵਿੱਚ ਪਹਿਲਾਂ ਤੋਂ ਨਿਰਧਾਰਿਤ (ਤੈਅ) ਕੀਤੀਆਂ ਥਾਵਾਂ ‘ਤੇ ਸੁੱਟੀ ਜਾਂਦੀ ਸੀ। ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਮੁਲਜ਼ਮ ਸਿੱਧੇ ਤੌਰ ‘ਤੇ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਆਪਸੀ ਗੱਲਬਾਤ ਲਈ ਵਟਸਐਪ ਅਤੇ ਸਿਗਨਲ ਵਰਗੀਆਂ ਐਨਕ੍ਰਿਪਟਡ ਮੋਬਾਈਲ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਸਨ।

ਸੁਲਤਾਨਵਿੰਡ ਥਾਣੇ ‘ਚ ਮਾਮਲਾ ਦਰਜ

ਪੁਲਿਸ ਨੇ ਇਸ ਸੰਬੰਧ ਵਿੱਚ ਥਾਣਾ ਸੁਲਤਾਨਵਿੰਡ ਵਿਖੇ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕਰ ਲਈ ਹੈ। ਫਿਲਹਾਲ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਪੂਰੇ ਅੰਤਰਰਾਸ਼ਟਰੀ ਨੈੱਟਵਰਕ ਨੂੰ ਖੰਗਾਲਣ ਵਿੱਚ ਜੁਟੀਆਂ ਹੋਈਆਂ ਹਨ। ਪੁਲਿਸ ਹੁਣ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਮੁਲਜ਼ਮਾਂ ਵੱਲੋਂ ਹੁਣ ਤੱਕ ਕਿੰਨੀ ਵਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਮੰਗਵਾਈ ਜਾ ਚੁੱਕੀ ਹੈ, ਇਹ ਹਥਿਆਰ ਅੱਗੇ ਕਿਨ੍ਹਾਂ ਲੋਕਾਂ ਤੱਕ ਪਹੁੰਚਾਏ ਜਾਣੇ ਸਨ ਅਤੇ ਕੀ ਇਸ ਦੇਸ਼ ਵਿਰੋਧੀ ਨੈੱਟਵਰਕ ਨਾਲ ਕੁਝ ਹੋਰ ਲੋਕ ਜਾਂ ਹੋਰ ਨਸ਼ਾ ਛਡਾਊ ਕੇਂਦਰ ਵੀ ਜੁੜੇ ਹੋਏ ਹਨ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ‘ਚ ਕਈ ਹੋਰ ਵੱਡੇ ਅਤੇ ਹੈਰਾਨੀਜਨਕ ਖ਼ੁਲਾਸੇ ਹੋਣ ਦੀ ਪੂਰੀ ਉਮੀਦ ਹੈ।

Follow Us