ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਬਿਨਾਂ ਲਾਇਸੰਸ ਤੋਂ ਚੱਲਣ ਵਾਲੀਆਂ ਫੈਕਟਰੀਆਂ ਕੀਤੀਆਂ ਸੀਲ
Punjab Vigilance Bureau: ਪੰਜਾਬ ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਵਿੱਚ ਭੋਜਨ ਸੁਰੱਖਿਆ ਸਬੰਧੀ ਇੱਕ ਵੱਡਾ ਓਪਰੇਸ਼ਨ ਕੀਤਾ। ਸਿਹਤ ਵਿਭਾਗ ਨਾਲ ਮਿਲ ਕੇ, ਉਨ੍ਹਾਂ ਨੇ ਕਈ ਫੂਡ ਪ੍ਰੋਸੈਸਿੰਗ ਫੈਕਟਰੀਆਂ ਅਤੇ ਦੁਕਾਨਾਂ 'ਤੇ ਛਾਪੇ ਮਾਰੇ। ਕਈ ਗੈਰ-ਕਾਨੂੰਨੀ ਅਤੇ ਗੰਦੀਆਂ ਹਾਲਤਾਂ ਵਿੱਚ ਚੱਲ ਰਹੀਆਂ ਫੈਕਟਰੀਆਂ ਨੂੰ ਸੀਲ ਕਰ ਦਿੱਤਾ ਗਿਆ ਅਤੇ ਨਮੂਨੇ ਜਾਂਚ ਲਈ ਭੇਜੇ ਗਏ।

ਪੰਜਾਬ ਵਿਚ ਚੱਲ ਰਹੀ “ਭ੍ਰਿਸ਼ਟਾਚਾਰ ਵਿਰੁੱਧ ਜੰਗ” ਮੁਹਿੰਮ ਦੇ ਤਹਿਤ, ਪੰਜਾਬ ਵਿਜੀਲੈਂਸ ਬਿਊਰੋ ਨੇ ਸਿਹਤ ਅਤੇ ਖੁਰਾਕ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ ਅੰਮ੍ਰਿਤਸਰ ਸ਼ਹਿਰ ਵਿੱਚ ਅਚਨਚੇਤ ਨਿਰੀਖਣ ਕਰਵਾਇਆ। ਇਸ ਦੌਰਾਨ, ਵਿਜੀਲੈਂਸ ਬਿਊਰੋ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਫੂਡ ਪ੍ਰੋਸੈਸਿੰਗ ਫੈਕਟਰੀਆਂ ਅਤੇ ਦੁਕਾਨਾਂ ‘ਤੇ ਛਾਪੇ ਮਾਰੇ, ਜਿਸਦਾ ਮਕਸਦ ਖਾਧ-ਪਦਾਰਥਾਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਖਾਸ ਤੌਰ ‘ਤੇ, ਸੋਇਆ ਚਾਂਪ ਅਤੇ ਮੋਮੋਜ਼ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਉਨ੍ਹਾਂ ਦੀਆਂ ਦੁਕਾਨਾਂ ‘ਤੇ ਰੇਡ ਮਾਰੀ।
ਬੁਲਾਰੇ ਦੇ ਅਨੁਸਾਰ, ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਅਧਾਰ ‘ਤੇ, ਵਿਜੀਲੈਂਸ ਬਿਊਰੋ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਗੈਰ-ਸਵੱਛ ਅਤੇ ਬਿਨਾਂ ਲਾਇਸੈਂਸ ਵਾਲੀਆਂ ਫੈਕਟਰੀਆਂ ਤੇ ਛਾਪੇ ਮਾਰੇ। ਰਾਮਬਾਗ ਖੇਤਰ ਵਿੱਚ ਥੋਕ ਦੁਕਾਨਾਂ ਦੀ ਜਾਂਚ ਕੀਤੀ ਗਈ, ਜਿੱਥੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਗੈਰ-ਸਿਹਤਮੰਦ ਅਤੇ ਗੰਦੇ ਮਾਹੌਲ ਵਿੱਚ ਸਟੋਰ ਕੀਤਾ ਜਾ ਰਿਹਾ ਸੀ।
ਬਿਨਾਂ ਭੋਜਨ ਸੁਰੱਖਿਆ ਲਾਇਸੈਂਸ ਦੇ, ਇਹ ਦੁਕਾਨਾਂ ਖਾਣ-ਪੀਣ ਦੀਆਂ ਚੀਜ਼ਾਂ ਦੀ ਤਿਆਰੀ ਕਰ ਰਹੀਆਂ ਸਨ। ਜ਼ਰੂਰੀ ਲਾਇਸੈਂਸ ਨਾ ਹੋਣ ਦੇ ਕਾਰਨ, ਕੁਝ ਦੁਕਾਨਾਂ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਅਤੇ ਉਨਾਂ ਤੋਂ ਨਮੂਨੇ ਇਕੱਠੇ ਕਰਕੇ ਜਾਂਚ ਲਈ ਭੇਜੇ ਗਏ।
ਫੈਕਟਰੀਆਂ ਤੇ ਹੋਈ ਕਾਰਵਾਈ
ਇਸ ਦੇ ਨਾਲ, ਅੰਗੜ ਖੇਤਰ ਵਿੱਚ ਦੋ ਸੋਇਆ ਚਾਂਪ ਅਤੇ ਮੋਮੋਜ਼ ਫੈਕਟਰੀਆਂ ‘ਤੇ ਵੀ ਛਾਪੇ ਮਾਰੇ ਗਏ। ਇਹ ਫੈਕਟਰੀਆਂ ਬਹੁਤ ਹੀ ਗੈਰ-ਸਿਹਤਮੰਦ ਹਾਲਤਾਂ ਵਿੱਚ ਸਥਿਤ ਸਨ ਅਤੇ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੀਆਂ ਸਨ। ਫੈਕਟਰੀਆਂ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਅਤੇ ਹੋਰ ਜਾਂਚ ਲਈ ਨਮੂਨੇ ਇਕੱਠੇ ਕਰੇ ਗਏ।
ਇਸ ਕਾਰਵਾਈ ਦੌਰਾਨ ਕੁੱਲ ਪੰਜ ਨਮੂਨੇ ਇਕੱਠੇ ਕੀਤੇ ਗਏ, ਜੋ ਕਿ ਜਾਂਚ ਲਈ ਸਟੇਟ ਲੈਬਾਰਟਰੀ ਖਰੜ ਭੇਜੇ ਗਏ ਹਨ। ਲੈਬ ਦੀਆਂ ਰਿਪੋਰਟਾਂ ਦੇ ਆਧਾਰ ‘ਤੇ, ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ