ਅੰਮ੍ਰਿਤਸਰ: ਫਤਿਹ ਸਿੰਘ ਕਾਲੋਨੀ ‘ਚ ਪਰਿਵਾਰਕ ਰੰਜਿਸ਼ ਕਾਰਨ ਦੇਰ ਰਾਤ ਤਾਬੜਤੋੜ ਫਾਇਰਿੰਗ, ਨੌਜਵਾਨ ਦੀ ਵਾਲ-ਵਾਲ ਬਚੀ ਜਾਨ; ਇਲਾਕੇ ‘ਚ ਦਹਿਸ਼ਤ

Updated On: 

29 Nov 2026 10:52 AM IST

ਪੀੜਤ ਨੌਜਵਾਨ ਪਾਰਸ ਨੇ ਦੱਸਿਆ ਕਿ ਚਾਰ-ਪੰਜ ਦਿਨ ਪਹਿਲਾਂ ਉਸ ਦੇ ਭਰਾ ਬੰਨੀ ਦਾ ਕਿਸੇ ਪਰਿਵਾਰਕ ਮਾਮਲੇ ਨੂੰ ਲੈ ਕੇ ਕੁਝ ਲੋਕਾਂ ਨਾਲ ਵਿਵਾਦ ਹੋਇਆ ਸੀ। ਪਾਰਸ ਆਪਣੇ ਭਰਾ ਬੰਨੀ ਦੇ ਹੱਕ 'ਚ ਖੜ੍ਹਾ ਸੀ। ਉਸ ਦਾ ਇਲਜ਼ਾਮ ਹੈ ਕਿ ਸਮੀਰ, ਵਿਸ਼ਾਲ ਤੇ ਰਾਹੁਲ ਨਾਮਕ ਨੌਜਵਾਨਾਂ ਨੇ ਉਸ ਨੂੰ ਇਸ ਮਾਮਲੇ ਤੋਂ ਦੂਰ ਰਹਿਣ ਤੇ ਆਪਣੇ ਭਰਾ ਦਾ ਸਾਥ ਨਾ ਦੇਣ ਦੀਆਂ ਧਮਕੀਆਂ ਦਿੱਤੀਆਂ ਸਨ।

ਅੰਮ੍ਰਿਤਸਰ: ਫਤਿਹ ਸਿੰਘ ਕਾਲੋਨੀ ਚ ਪਰਿਵਾਰਕ ਰੰਜਿਸ਼ ਕਾਰਨ ਦੇਰ ਰਾਤ ਤਾਬੜਤੋੜ ਫਾਇਰਿੰਗ, ਨੌਜਵਾਨ ਦੀ ਵਾਲ-ਵਾਲ ਬਚੀ ਜਾਨ; ਇਲਾਕੇ ਚ ਦਹਿਸ਼ਤ

ਅੰਮ੍ਰਿਤਸਰ ਦੀ ਫਤਿਹ ਸਿੰਘ ਕਲੋਨੀ ਦੀ ਗਲੀ ਨੰਬਰ 26 ‘ਚ ਦੇਰ ਰਾਤ ਪਰਿਵਾਰਕ ਵਿਵਾਦ ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਕੁਝ ਨਕਾਬਪੋਸ਼ ਹਮਲਾਵਰਾਂ ਨੇ ਇੱਕ ਨੌਜਵਾਨ ਦੇ ਘਰ ਦੇ ਬਾਹਰ ਤਾਬੜਤੋੜ ਫਾਇਰਿੰਗ ਕਰ ਦਿੱਤੀ। ਇਸ ਵਾਰਦਾਤ ‘ਚ ਨੌਜਵਾਨ ਵਾਲ-ਵਾਲ ਬਚ ਗਿਆ, ਜਦਕਿ ਗੋਲੀਆਂ ਘਰ ਦੇ ਮੁੱਖ ਗੇਟ ‘ਚ ਜਾ ਲੱਗੀਆਂ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਪੀੜਤ ਨੌਜਵਾਨ ਪਾਰਸ ਨੇ ਦੱਸਿਆ ਕਿ ਚਾਰ-ਪੰਜ ਦਿਨ ਪਹਿਲਾਂ ਉਸ ਦੇ ਭਰਾ ਬੰਨੀ ਦਾ ਕਿਸੇ ਪਰਿਵਾਰਕ ਮਾਮਲੇ ਨੂੰ ਲੈ ਕੇ ਕੁਝ ਲੋਕਾਂ ਨਾਲ ਵਿਵਾਦ ਹੋਇਆ ਸੀ। ਪਾਰਸ ਆਪਣੇ ਭਰਾ ਬੰਨੀ ਦੇ ਹੱਕ ‘ਚ ਖੜ੍ਹਾ ਸੀ। ਉਸ ਦਾ ਇਲਜ਼ਾਮ ਹੈ ਕਿ ਸਮੀਰ, ਵਿਸ਼ਾਲ ਤੇ ਰਾਹੁਲ ਨਾਮਕ ਨੌਜਵਾਨਾਂ ਨੇ ਉਸ ਨੂੰ ਇਸ ਮਾਮਲੇ ਤੋਂ ਦੂਰ ਰਹਿਣ ਤੇ ਆਪਣੇ ਭਰਾ ਦਾ ਸਾਥ ਨਾ ਦੇਣ ਦੀਆਂ ਧਮਕੀਆਂ ਦਿੱਤੀਆਂ ਸਨ। ਜਦੋਂ ਪਾਰਸ ਨੇ ਆਪਣੇ ਭਰਾ ਦਾ ਸਾਥ ਛੱਡਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ।

ਵਾਲ-ਵਾਲ ਬਚੀ ਜਾਨ

ਪਾਰਸ ਮੁਤਾਬਕ, ਘਟਨਾ ਵਾਲੀ ਰਾਤ ਜਦੋਂ ਉਹ ਆਪਣਾ ਮੋਟਰਸਾਈਕਲ ਘਰ ਦੇ ਅੰਦਰ ਖੜ੍ਹਾ ਕਰ ਰਿਹਾ ਸੀ ਤਾਂ ਇਸੇ ਦੌਰਾਨ ਚਾਰ-ਪੰਜ ਮੂੰਹ ਢਕੇ ਹੋਏ ਨੌਜਵਾਨ ਉੱਥੇ ਪਹੁੰਚੇ ਤੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਚਾਨਕ ਹੋਈ ਫਾਇਰਿੰਗ ਤੋਂ ਘਬਰਾਏ ਪਾਰਸ ਨੇ ਆਪਣੀ ਜਾਨ ਬਚਾਉਣ ਲਈ ਛੱਤ ਤੋਂ ਹਮਲਾਵਰਾਂ ਵੱਲ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਦੂਜੇ ਪਾਸੇ, ਪਾਰਸ ਦੇ ਭਰਾ ਬੰਨੀ ਨੇ ਵੀ ਇਸ ਪੂਰੇ ਵਿਵਾਦ ਪਿੱਛੇ ਪਰਿਵਾਰਕ ਕਲੇਸ਼ ਨੂੰ ਜ਼ਿੰਮੇਵਾਰ ਦੱਸਿਆ ਹੈ। ਬੰਨੀ ਨੇ ਦੱਸਿਆ ਕਿ ਉਸ ਦਾ ਦੂਜਾ ਵਿਆਹ ਭਾਵਨਾ ਸ਼ਰਮਾ ਨਾਲ ਹੋਇਆ ਹੈ ਤੇ ਉਹ ਪਿਛਲੇ ਅੱਠ ਸਾਲਾਂ ਤੋਂ ਉਸ ਦੇ ਨਾਲ ਰਹਿ ਰਿਹਾ ਹੈ। ਇਸ ਪਰਿਵਾਰਕ ਵਿਵਾਦ ਕਾਰਨ ਕੁਝ ਲੋਕਾਂ ਵੱਲੋਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਬੰਨੀ ਨੇ ਕਿਹਾ ਕਿ ਹਮਲਾਵਰਾਂ ਨੇ ਉਸ ਦੇ ਛੋਟੇ ਭਰਾ ‘ਤੇ ਗੋਲੀਆਂ ਚਲਾ ਕੇ ਬਹੁਤ ਮਾੜੀ ਹਰਕਤ ਕੀਤੀ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਜਲਦ ਮਾਮਲਾ ਦਰਜ ਕੀਤਾ ਜਾਵੇ ਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।

ਪੁਲਿਸ ਜਾਂਚ ਜਾਰੀ

ਘਟਨਾ ਦੀ ਸੂਚਨਾ ਮਿਲਦੇ ਹੀ 112 ਨੰਬਰ ਤੇ ਪੀਸੀਆਰ ਦੀ ਗੱਡੀ ਨੰਬਰ 10 ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਤੁਰੰਤ ਮੌਕੇ ‘ਤੇ ਪਹੁੰਚ ਗਏ। ਪੀਸੀਆਰ ਅਧਿਕਾਰੀ ਅਵਤਾਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਾਂਚ ਦੌਰਾਨ ਘਟਨਾ ਸਥਾਨ ਤੋਂ ਗੋਲੀਆਂ ਦੇ ਚਾਰ ਖਾਲੀ ਖੋਲ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਘਰ ਦੇ ਮੁੱਖ ਗੇਟ ‘ਤੇ ਵੀ ਗੋਲੀਆਂ ਲੱਗਣ ਦੇ ਸਪੱਸ਼ਟ ਨਿਸ਼ਾਨ ਮਿਲੇ ਹਨ।

ਇਸ ਤੋਂ ਬਾਅਦ ਫਤਿਹਗੜ੍ਹ ਚੌਕੀ ਤੋਂ ਏਐਸਆਈ ਬਲਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਘਟਨਾ ਸਥਾਨ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਏਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਘਰ ਦੇ ਗੇਟ ‘ਚ ਗੋਲੀਆਂ ਲੱਗਣ ਦੀ ਪੁਸ਼ਟੀ ਹੋਈ।

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪੀੜਤ ਧਿਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮਾਮਲੇ ਦੇ ਸਾਰੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਨਾਮਜ਼ਦ ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Loading...
Unable to load recommendations.
Follow Us