ਅੰਮ੍ਰਿਤਸਰ ਦੇ ਛੇਹਰਟਾ ਚੌਂਕ ‘ਚ ਭਿਆਨਕ ਹਾਦਸਾ, ਰੋਂਗ ਸਾਈਡ ਤੋਂ ਆਈ ਟਰੈਕਟਰ-ਟਰਾਲੀ ਨੇ ਐਕਟੀਵਾ ਨੂੰ ਮਾਰੀ ਟੱਕਰ, 23 ਸਾਲਾ ਕੁੜੀ ਦੀ ਮੌਕੇ ‘ਤੇ ਮੌਤ

Published: 

28 Apr 2026 17:21 PM IST

ਮੌਕੇ ਤੇ ਮੌਜੂਦ ਚਸ਼ਮਦੀਦ ਗਵਾਹ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਟਰਾਲੀ ਰੋਂਗ ਸਾਈਡ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਮਿੱਟੀ ਨਾਲ ਓਵਰਲੋਡ ਹੋਣ ਕਰਕੇ ਉਸ ਦੇ ਬ੍ਰੇਕ ਵੀ ਢੰਗ ਨਾਲ ਨਹੀਂ ਲੱਗੇ। ਉਸ ਨੇ ਇਲਜ਼ਾਮ ਲਗਾਇਆ ਕਿ ਟਰਾਲੀ ਤੇ ਕੋਈ ਨੰਬਰ ਪਲੇਟ ਵੀ ਨਹੀਂ ਸੀ ਅਤੇ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਇਹ ਵੀ ਕਿਹਾ ਕਿ ਹਾਦਸੇ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਲਾਪਰਵਾਹੀ ਵਰਤੀ ਗਈ।

ਅੰਮ੍ਰਿਤਸਰ ਦੇ ਛੇਹਰਟਾ ਚੌਂਕ ਚ ਭਿਆਨਕ ਹਾਦਸਾ, ਰੋਂਗ ਸਾਈਡ ਤੋਂ ਆਈ ਟਰੈਕਟਰ-ਟਰਾਲੀ ਨੇ ਐਕਟੀਵਾ ਨੂੰ ਮਾਰੀ ਟੱਕਰ, 23 ਸਾਲਾ ਕੁੜੀ ਦੀ ਮੌਕੇ ਤੇ ਮੌਤ

ਅੰਮ੍ਰਿਤਸਰ ਦੇ ਛੇਹਰਟਾ ਚੌਂਕ ਵਿੱਚ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਇੱਕ ਨੌਜਵਾਨ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਲੋਨੀ ਵਜੋਂ ਹੋਈ ਹੈ, ਜੋ ਕਰੀਬ 23 ਸਾਲ ਦੀ ਸੀ ਅਤੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਲੋਨੀ ਅੰਮ੍ਰਿਤਸਰ ਦੇ ਪੋਲਿਟੈਕਨਿਕ ਕਾਲਜ ਵਿੱਚ ਪੜ੍ਹਾਈ ਕਰ ਰਹੀ ਸੀ ਅਤੇ ਆਪਣੀ ਮਾਸੀ ਕੋਲ ਰਹਿੰਦੀ ਸੀ।

ਟਰੈਕਟਰ-ਟਰਾਲੀ ਨਾਲ ਐਕਟੀਵਾ ਦੀ ਟੱਕਰ

ਦੱਸਿਆ ਜਾ ਰਿਹਾ ਹੈ ਕਿ ਸਲੋਨੀ ਆਪਣੇ ਭਰਾ ਨਾਲ ਐਕਟੀਵਾ ਤੇ ਕਿਤੇ ਜਾ ਰਹੀ ਸੀ, ਜਦੋਂ ਅਚਾਨਕ ਰੋਂਗ ਸਾਈਡ ਤੋਂ ਆ ਰਹੀ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਏਨ੍ਹੀ ਭਿਆਨਕ ਸੀ ਕਿ ਲੜਕੀ ਟਰਾਲੀ ਹੇਠਾਂ ਆ ਗਈ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ, ਜਦਕਿ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ।

ਮੌਕੇ ਤੇ ਮੌਜੂਦ ਚਸ਼ਮਦੀਦ ਗਵਾਹ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਟਰਾਲੀ ਰੋਂਗ ਸਾਈਡ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਮਿੱਟੀ ਨਾਲ ਓਵਰਲੋਡ ਹੋਣ ਕਰਕੇ ਉਸ ਦੇ ਬ੍ਰੇਕ ਵੀ ਢੰਗ ਨਾਲ ਨਹੀਂ ਲੱਗੇ। ਉਸ ਨੇ ਇਲਜ਼ਾਮ ਲਗਾਇਆ ਕਿ ਟਰਾਲੀ ਤੇ ਕੋਈ ਨੰਬਰ ਪਲੇਟ ਵੀ ਨਹੀਂ ਸੀ ਅਤੇ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਇਹ ਵੀ ਕਿਹਾ ਕਿ ਹਾਦਸੇ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਲਾਪਰਵਾਹੀ ਵਰਤੀ ਗਈ।

ਹਾਦਸੇ ਤੋਂ ਬਾਅਦ ਲੋਕਾਂ ਵਿੱਚ ਰੋਸ

ਘਟਨਾ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਦਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇੱਥੇ ਅਕਸਰ ਰੋਂਗ ਸਾਈਡ ਵਾਹਨ ਚਲਦੇ ਹਨ, ਪਰ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਡਰਾਈਵਰ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਉੱਧਰ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਡਰਾਈਵਰ ਦੀ ਤਲਾਸ਼ ਜਾਰੀ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਲੋਕਾਂ ਵੱਲੋਂ ਸਖ਼ਤ ਕਾਰਵਾਈ ਦੀ ਮੰਗ

ਇਸ ਦਰਦਨਾਕ ਹਾਦਸੇ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਲੋਕ ਪ੍ਰਸ਼ਾਸਨ ਤੋਂ ਸਖ਼ਤ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ।

Follow Us