ਅੰਮ੍ਰਿਤਸਰ ਏਅਰਪੋਰਟ ਤੇ ਸ਼ੱਕੀ ਡਰੋਨ ਨੇ ਮਚਾਇਆ ਹੜਕੰਪ, 7 ਫਲਾਈਟਾਂ ਡਾਇਵਰਟ

Updated On: 

07 Sep 2026 08:05 AM IST

ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਏਅਰਪੋਰਟ ਤੇ ਆਉਣ ਵਾਲੀਆਂ 7 ਉਡਾਣਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਵੱਲ ਡਾਇਵਰਟ ਕਰ ਦਿੱਤਾ ਗਿਆ। ਇਸ ਕਾਰਨ ਯਾਤਰੀਆਂ ਨੂੰ ਕੁਝ ਸਮੇਂ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਦਿਆਂ ਏਅਰਪੋਰਟ ਅਥਾਰਟੀ ਤੇ ਸੁਰੱਖਿਆ ਏਜੰਸੀਆਂ ਵੱਲੋਂ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਗਈ।

ਅੰਮ੍ਰਿਤਸਰ ਏਅਰਪੋਰਟ ਤੇ ਸ਼ੱਕੀ ਡਰੋਨ ਨੇ ਮਚਾਇਆ ਹੜਕੰਪ, 7 ਫਲਾਈਟਾਂ ਡਾਇਵਰਟ

ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਤਵਾਰ ਦੇਰ ਰਾਤ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਏਅਰਪੋਰਟ ਦੇ ਓਪਰੇਸ਼ਨਲ ਏਰੀਏ ‘ਚ ਦੋ ਤੋਂ ਚਾਰ ਸ਼ੱਕੀ ਡਰੋਨ ਵਰਗੀਆਂ ਉੱਡਦੀਆਂ ਵਸਤੂਆਂ ਨਜ਼ਰ ਆਈਆਂ। ਇਹ ਘਟਨਾ ਰਾਤ ਕਰੀਬ 10 ਵਜੇ ਦੀ ਦੱਸੀ ਜਾ ਰਹੀ ਹੈ। ਰਨਵੇ ਦੇ ਨੇੜੇ ਸ਼ੱਕੀ ਗਤੀਵਿਧੀ ਦਿਖਾਈ ਦੇਣ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲ ਵੱਲੋਂ ਤੁਰੰਤ ਅਲਰਟ ਜਾਰੀ ਕੀਤਾ ਗਿਆ।

ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਏਅਰਪੋਰਟ ਤੇ ਆਉਣ ਵਾਲੀਆਂ 7 ਉਡਾਣਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਵੱਲ ਡਾਇਵਰਟ ਕਰ ਦਿੱਤਾ ਗਿਆ। ਇਸ ਕਾਰਨ ਯਾਤਰੀਆਂ ਨੂੰ ਕੁਝ ਸਮੇਂ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਦਿਆਂ ਏਅਰਪੋਰਟ ਅਥਾਰਟੀ ਤੇ ਸੁਰੱਖਿਆ ਏਜੰਸੀਆਂ ਵੱਲੋਂ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਗਈ।

ਮੁੱਢਲੀ ਜਾਣਕਾਰੀ ਅਨੁਸਾਰ, ਇਹ ਸ਼ੱਕੀ ਉੱਡਦੀਆਂ ਵਸਤੂਆਂ ਪਿੰਡ ਰੁੜਾਲਾ ਵੱਲੋਂ ਏਅਰਪੋਰਟ ਦੀ ਦਿਸ਼ਾ ‘ਚ ਆਉਂਦੀਆਂ ਦਿਖਾਈ ਦਿੱਤੀਆਂ। ਕੁਝ ਸਮੇਂ ਤੱਕ ਇਹ ਵਸਤੂਆਂ ਰਨਵੇ ਤੇ ਇਸ ਦੇ ਆਸ-ਪਾਸ ਦੇ ਸੰਵੇਦਨਸ਼ੀਲ ਇਲਾਕਿਆਂ ‘ਚ ਮੰਡਰਾਉਂਦੀਆਂ ਰਹੀਆਂ। ਇਸ ਗਤੀਵਿਧੀ ਕਾਰਨ ਏਅਰਪੋਰਟ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ।

ਸਰਹੱਦੀ ਜ਼ਿਲ੍ਹਾ ਹੋਣ ਕਾਰਨ ਸੁਰੱਖਿਆ ਏਜੰਸੀਆਂ ਨੇ ਮਾਮਲੇ ਨੂੰ ਖਾਸ ਗੰਭੀਰਤਾ ਨਾਲ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ CISF, ਪੰਜਾਬ ਪੁਲਿਸ ਅਤੇ ਹੋਰ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ। ਸੁਰੱਖਿਆ ਕਰਮਚਾਰੀਆਂ ਵੱਲੋਂ ਏਅਰਪੋਰਟ ਦੇ ਆਸ-ਪਾਸ ਦੇ ਇਲਾਕਿਆਂ ਦੀ ਵੀ ਨਿਗਰਾਨੀ ਕੀਤੀ ਗਈ।

ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਆਸਮਾਨ ‘ਚ ਨਜ਼ਰ ਆਈਆਂ ਵਸਤੂਆਂ ਅਸਲ ‘ਚ ਡਰੋਨ ਸਨ ਜਾਂ ਕੋਈ ਹੋਰ ਉੱਡਣ ਵਾਲੀ ਵਸਤੂ। ਸੁਰੱਖਿਆ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸ਼ੱਕੀ ਵਸਤੂਆਂ ਦੀ ਪਛਾਣ ਕਰਨ ਲਈ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Loading...
Unable to load recommendations.
Follow Us