ਖਾਲਿਸਤਾਨੀ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਨੇ ਪੰਜਾਬ ਪੁਲਿਸ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਫਰਾਰ ਹੈ। ਉਸ ਨੂੰ ਫੜਨ ਲਈ ਪੁਲਿਸ ਦਾ ਸਰਚ ਆਪਰੇਸ਼ਨ (Search Operation) ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਇਸੇ ਲੜੀ ‘ਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਅੰਮ੍ਰਿਤਪਾਲ ਸਿੰਘ ਪਿਛਲੇ ਸਾਲ ਦੁਬਈ ਤੋਂ ਭਾਰਤ ਪਰਤਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਭਾਰਤ ਆਉਣ ਤੋਂ ਪਹਿਲਾਂ ਜਾਰਜੀਆ ਵੀ ਗਿਆ ਸੀ। ਕਾਰਨ ਸੀ ਕਾਸਮੈਟਿਕ ਸਰਜਰੀ। ਖ਼ਬਰ ਇਹ ਵੀ ਹੈ ਕਿ ਉਹ ਦੋ ਮਹੀਨੇ ਤੱਕ ਜਾਰਜੀਆ ਵਿੱਚ ਰੁਕਿਆ ਸੀ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਭਾਰਤ ਆਉਣ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਕਾਸਮੈਟਿਕ ਸਰਜਰੀ ਲਈ ਜਾਰਜੀਆ ਗਿਆ ਸੀ। ਇਸ ਪਿੱਛੇ ਵੱਡਾ ਮਕਸਦ ਸੀ। ਉਹ ਖਾਲਿਸਤਾਨੀ ਅੱਤਵਾਦੀ ਜਰਨੈਲ ਸਿੰਘ ਭਿੰਡਰਾਂਵਾਲੇ ਵਰਗਾ ਦਿਖਣਾ ਚਾਹੁੰਦਾ ਸੀ। ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ।
ਆਪਣੇ ਪੱਧਰ ‘ਤੇ ਜਾਂਚ ਕਰ ਰਹੀ ਹੈ ਪੁਲਿਸ
ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਤੋਂ ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਆਪਣੇ ਪੱਧਰ ‘ਤੇ ਇਸ ਜਾਣਕਾਰੀ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਭਿੰਡਰਾਂਵਾਲਾ ਉਹ ਵਿਅਕਤੀ ਹੈ, ਜਿਸ ਨੇ ਲਗਾਤਾਰ ਭੜਕਾਊ ਭਾਸ਼ਣ ਦੇ ਕੇ ਪੰਜਾਬ ‘ਚ ਅੱਤਵਾਦ ਫੈਲਾਇਆ ਸੀ। ਅੰਮ੍ਰਿਤਪਾਲ ਸਿੰਘ ਦੀ ਤੁਲਨਾ ਭਿੰਡਰਾਂਵਾਲੇ ਨਾਲ ਕੀਤੀ ਜਾਂਦੀ ਹੈ। ਉਸਨੂੰ ਭਿੰਡਰਾਂਵਾਲਾ 2.0 ਵੀ ਕਿਹਾ ਜਾਂਦਾ ਹੈ। ਇੰਨਾ ਹੀ ਨਹੀਂ ਉਹ ਭਿੰਡਰਾਂਵਾਲੇ ਵਾਂਗ ਨੀਲੀ ਪੱਗ ਵੀ ਬੰਨ੍ਹਦਾ ਹੈ।
ਸਰੰਡਰ ਕਰ ਸਕਦਾ ਹੈ ਅੰਮ੍ਰਿਤਪਾਲ ਸਿੰਘ
ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਫਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਵਿਚ ਹਰ ਕੋਨੇ ਵਿਚ ਛਾਪੇਮਾਰੀ ਕਰ ਰਹੀ ਹੈ। ਇਸ ਦੌਰਾਨ ਵਿਸਾਖੀ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਪਾਲ ਸਿੰਘ ਵਿਸਾਖੀ ਮੌਕੇ ਆਤਮ ਸਮਰਪਣ ਕਰ ਸਕਦਾ ਹੈ। ਦਰਅਸਲ 12 ਤੋਂ 15 ਅਪ੍ਰੈਲ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਧਾਰਮਿਕ ਸਮਾਗਮ ਹੋਣ ਜਾ ਰਿਹਾ ਹੈ। ਇਸ ਦੌਰਾਨ ਅੰਮ੍ਰਿਤਪਾਲ ਦੇ ਆਤਮ ਸਮਰਪਣ ਦੀ ਸੰਭਾਵਨਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ