Amritpal ਕੋਲ ਨਹੀਂ ਬਚਿਆ ਸੀ ਕੋਈ ਰਾਹ, ਨਾਕੇਬੰਦੀ ਕਰ ਕੀਤਾ ਗ੍ਰਿਫਤਾਰ: Punjab Police

Updated On: 

23 Apr 2023 13:39 PM

Amritpal Singh Arrested: ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਦੱਸਿਆ ਕਿ ਉਸ ਨੂੰ ਫੜਨ ਲਈ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਸੀ।

Follow Us On

Amritpal Singh News: ਅਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਉਸਨੂੰ ਬਠਿੰਡਾ ਲੈ ਕੇ ਆਈ ਅਤੇ ਇੱਥੋਂ ਉਸਨੂੰ ਹੈਲੀਕਾਪਟਰ ਰਾਹੀਂ ਡਿਬਰੂਗੜ੍ਹ ਜੇਲ੍ਹੇ ਲੈ ਜਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮ੍ਰਿਤਪਾਲ ਸਿੰਘ ਨੂੰ ਲੈ ਕੇ ਪੁਲਿਸ ਸਵੇਰੇ 8.25 ਵਜੇ ਡਿਬਰੂਗੜ੍ਹ ਲਈ ਰਵਾਨਾ ਹੋ ਗਈ। ਪੰਜਾਬ ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਅਮ੍ਰਿਤਪਾਲ ਸਿੰਘ ਨੂੰ ਸਵੇਰੇ 6 ਵਜੇ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਆਈਜੀ ਸੁਖਚੈਨ ਸਿੰਘ ਨੇ ਦੱਸਿਆ ਕਿ ਅਮ੍ਰਿਤਪਾਲ ਸਿੰਘ ਨੇ ਸਰੇਂਡਰ ਨਹੀਂ ਕੀਤਾ, ਸਗੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੰਜਾਬ ਪੁਲਿਸ ਨੇ ਦਿੱਤੀ ਜਾਣਕਾਰੀ

ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ (ਆਈਜੀ) ਸੁਖਚੈਨ ਸਿੰਘ ਨੇ ਦੱਸਿਆ ਕਿ ਅਮ੍ਰਿਤਪਾਲ ਸਿੰਘ ਨੂੰ ਸਪੈਸ਼ਲ ਹੈਲੀਕਾਪਟਰ ਰਾਹੀਂ ਡਿਬ੍ਰੂਗੜ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿਹਾ ਕਿ ਅਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਦੇ ਸਮੇਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਗਿਆ। ਅਮ੍ਰਿਤਪਾਲ ਸਿੰਘ ਖਿਲਾਫ ਐਨਐਸਏ ਲੱਗਿਆ ਹੋਇਆ ਹੈ। ਉਨ੍ਹਾਂ ਦੱਸਿਆ ਗਿਆ ਕਿ ਅਮ੍ਰਿਤਪਾਲ ਸਿੰਘ ਨੂੰ ਲੈ ਜਾ ਰਹੇ ਪੁਲਿਸ ਅਫਸਰਾਂ ਨੂੰ ਮੋਬਾਇਲ ਇਸਤੇਮਾਲ ਨਾ ਕਰਨ ਦੀ ਹਿਦਾਇਤ ਦਿੱਤੀ ਗਈ ਸੀ।

ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਉਸ ਨੂੰ ਐਨਐਸਏ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।ਉਸ ਕੋਲ ਬਚਣ ਦਾ ਕੋਈ ਰਸਤਾ ਨਹੀਂ ਸੀ। ਪੰਜਾਬ ਪੁਲਿਸ ਨੇ 6:45 ‘ਤੇ NSA ਦੇ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਉਸ ਨੂੰ ਡਿਬਰੂਗੜ੍ਹ ਲੈ ਕੇ ਰਵਾਨਾ ਹੋ ਗਈਆਂ ਹਨ।

ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ

ਪੁਲਿਸ ਮੁਤਾਬਕ ਇਹ ਆਪਰੇਸ਼ਨ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਦੀ ਸਾਂਝੀ ਸੀ। ਅਮਰਪਾਲ ਸਿੰਘ 35 ਦਿਨਾਂ ਤੋਂ ਦਬਾਅ ਵਿੱਚ ਸੀ ਅਤੇ ਭੱਜ ਰਿਹਾ ਸੀ। ਕਾਨੂੰਨ ਆਪਣਾ ਕੰਮ ਕਰੇਗਾ ਅਤੇ ਪੰਜਾਬ ਦੇ ਲੋਕਾਂ ਨੇ ਹੁਣ ਤੱਕ ਸ਼ਾਂਤੀ ਬਣਾਈ ਰੱਖੀ ਹੈ, ਜਿਸ ਲਈ ਲੋਕਾਂ ਦਾ ਧੰਨਵਾਦ। ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਅਜਿਹਾ ਕੋਈ ਵੀ ਕੰਮ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪਹਿਲਾਂ ਪਿੰਡ ਨੂੰ ਘੇਰਿਆ, ਫਿਰ ਗ੍ਰਿਫਤਾਰ ਕੀਤਾ

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਵੇਰੇ ਪੁਲਿਸ ਨੇ ਸੰਜਮ ਨਾਲ ਪਿੰਡ ਨੂੰ ਘੇਰ ਲਿਆ ਅਤੇ ਜਾਣਕਾਰੀ ਸੀ ਕਿ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਹੈ | ਪੁਲਿਸ ਨੇ ਗੁਰਦੁਆਰਾ ਸਾਹਿਬ ਦਾ ਸਤਿਕਾਰ ਕੀਤਾ ਅਤੇ ਅੰਦਰ ਨਹੀਂ ਗਈ। ਉਸ ਨੂੰ ਸੁਨੇਹਾ ਮਿਲ ਗਿਆ ਸੀ ਕਿ ਉਸ ਨੂੰ ਘੇਰ ਲਿਆ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ।

ਡਿਬਰੂਗੜ੍ਹ ਜੇਲ੍ਹ ‘ਚ ਪੁਖਤਾ ਸੁੱਰਖਿਆ ਪ੍ਰਬੰਧ

ਉੱਧਰ ਡਿਬਰੂਗੜ੍ਹ ਜੇਲ੍ਹ ਵਿੱਚ ਅਮ੍ਰਿਤਪਾਲ ਸਿੰਘ ਨੂੰ ਰੱਖੇ ਜਾਣ ਨੂੰ ਲੈ ਕੇ ਉਥੋਂ ਦੀ ਪੁਲਿਸ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਅਮ੍ਰਿਤਪਾਲ ਸਿੰਘ ਨੂੰ ਡਿਬ੍ਰਗੜ੍ਹ ਜੇਲ੍ਹ ਵਿੱਚ ਵੱਖ ਤੋਂ ਰੱਖਿਆ ਜਾਵੇਗਾ। ਉੱਥੇ ਉਸਤੋਂ ਆਈਬੀ ਅਤੇ ਐਨਆਈਏ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦੇਈਏ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਹੈਲੀਕਾਪਟਰ ਰਾਹੀਂ ਡਿਬਰੂਗੜ੍ਹ ਲੈ ਕੇ ਜਾ ਰਹੀ ਹੈ। ਉਸ ਨੂੰ ਬਠਿੰਡਾ ਹਵਾਈ ਅੱਡੇ ਤੋਂ ਵਿਸ਼ੇਸ਼ ਚੌਪਰ ਰਾਹੀਂ ਡਿਬਰੂਗੜ੍ਹ ਲਿਜਾਇਆ ਜਾ ਰਿਹਾ ਹੈ।

ਦੇਸ਼ ਭਰ ‘ਚ ਜਾਰੀ ਹੋਇਆ ਸੀ ਅਲਰਟ

ਪੁਲੀਸ ਨੇ ਉਸ ਦੀ ਭਾਲ ਵਿੱਚ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਈ ਸੀ ਪਰ ਉਹ ਵਾਰ-ਵਾਰ ਪੁਲਿਸ ਨੂੰ ਚਕਮਾ ਦੇਣ ਵਿੱਚ ਕਾਮਯਾਬ ਹੋ ਰਿਹਾ ਸੀ। ਹਾਲਾਂਕਿ 23 ਅਪ੍ਰੈਲ ਨੂੰ ਸੂਚਨਾ ਮਿਲਦੇ ਹੀ ਪੁਲਿਸ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਕੇ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਫਰਾਰ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਚਕਮਾ ਦੇਣ ਲਈ ਵਾਰ-ਵਾਰ ਗੱਡੀਆਂ ਅਤੇ ਆਪਣਾ ਟਿਕਾਣਾ ਬਦਲਿਆ। ਕਿਸੇ ਤਰ੍ਹਾਂ ਉਹ ਪੰਜਾਬ ਤੋਂ ਬਾਹਰ ਭੱਜਣ ਵਿੱਚ ਵੀ ਕਾਮਯਾਬ ਹੋ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਦੇਸ਼ ਭਰ ਵਿੱਚ ਅਲਰਟ ਜਾਰੀ ਕਰ ਦਿੱਤਾ ਸੀ।ਇਸ ਸਰਚ ਆਪਰੇਸ਼ਨ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਕਈ ਕਰੀਬੀ ਸਾਥੀ ਵੀ ਗ੍ਰਿਫਤਾਰ ਹੋਏ ਸਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ