ਸਰਕਾਰ ਕਿਉਂ ਨਹੀਂ ਸਾਂਝੇ ਕਰ ਰਹੀ ਰੇਤ ਮਾਫੀਆ ਕਿੰਗਸ ਦੇ ਠੇਕੇ ਦੀ ਜਾਣਕਾਰੀ : ਅਕਾਲੀ ਦੱਲ
ਰੇਤ ਮਾਫੀਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦੱਲ ਨੇ ਸੂਬਾ ਸਰਕਾਰ ਨੂੰ ਘੇਰਦਿਆਂ ਪੁੱਛਿਆ ਕਿ ਉਹ ਮਾਫੀਆ ਕਿੰਗਾਂ ਦਾ ਮਾਇਨਿੰਗ ਠੇਕਾ ਰੱਦ ਕਰਨ ਦੇ ਇਕ ਮਹੀਨੇ ਅੰਦਰ ਨਵਿਆਉਣ ਦੇ ਕਾਰਨਾਂ ਦਾ ਜਵਾਬ ਦੇਣ ਤੋਂ ਕਿਉਂ ਭੱਜ ਰਹੇ ਹਨ।
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦੱਲ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਸ਼ੁਕੱਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਉਹ ਦੋ ਰੇਤ ਮਾਫੀਆ ਕਿੰਗਾਂ ਦਾ ਮਾਇਨਿੰਗ ਠੇਕਾ ਰੱਦ ਕਰਨ ਦੇ ਇਕ ਮਹੀਨੇ ਅੰਦਰ ਨਵਿਆਉਣ ਦੇ ਕਾਰਨਾਂ ਦਾ ਜਵਾਬ ਦੇਣ ਤੋਂ ਭੱਜ ਕਿਉਂ ਰਹੇ ਹਨ। ਉਹਨਾਂ ਮੰਗ ਕੀਤੀ ਕਿ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਵਾਲੀ ਮਾਇਨਿੰਗ ਨੀਤੀ ਬਣਾਉਣ ਲਈ ਮਾਇਨਿੰਗ ਡਾਇਰੈਕਟਰ ਡੀਪੀਐਸ ਖਰਬੰਦਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਅਕਾਲੀ ਦੱਲ ਦੇ ਸਵਾਲ
ਪਾਰਟੀ ਦੇ ਮੁੱਖ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਮੈਂ ਕੱਲ੍ਹ ਮੁੱਖ ਮੰਤਰੀ ਤੋਂ ਕੁਝ ਸਿੱਧੇ ਸਵਾਲ ਪੁੱਛੇ ਸਨ ਜਿਹਨਾਂ ਵਿਚ ਰਾਕੇਸ਼ ਚੌਧਰੀ ਤੇ ਅਸ਼ੋਕ ਚੰਡੋਕ ਦੇ ਮਾਇਨਿੰਗ ਠੇਕੇ ਨਵਿਆਉਣ ਦੀ ਗੱਲ ਵੀ ਸ਼ਾਮਲ ਸੀ ਹਾਲਾਂਕਿ ਉਹਨਾਂ ਖਿਲਾਫ ਕਈ ਕੇਸ ਦਰਜ ਹੋਣ। ਸੀਬੀਆਈ ਜਾਂਚ ਸ਼ੁਰੂ ਹੋਣ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗੈਰਕਾਨੂੰਨੀ ਕੰਮ ਕੀਤੇ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੇ ਮਾਇਨਿੰਗ ਠੇਕੇ ਰੱਦ ਕਰ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਬਜਾਏ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਮੁੱਖ ਮੰਤਰੀ ਨੇ ਆਪਣੇ ਬੁਲਾਰੇ ਜਵਾਬ ਦੇਣ ਵਾਸਤੇ ਲਗਾ ਦਿੱਤੇ ਜਿਹਨਾਂ ਦਾਅਵਾ ਕੀਤਾ ਕਿ ਇਕ ਠੇਕੇਦਾਰ ਰਾਕੇਸ਼ ਚੌਧਰੀ ਨੂੰ ਹਾਈ ਕੋਰਟ ਤੋਂ ਸਟੇਅ ਮਿਲੀ ਸੀ। ਉਹਨਾਂ ਕਿਹਾ ਕਿ ਇਹ ਤਾਂ ਕੋਈ ਪੈਰਵੀ ਨਹੀਂ ਬਣਦੀ।
ਨਿਸ਼ਾਨੇ ਤੇ ਸੂਬਾ ਸਰਕਾਰ
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਜਿਹਾ ਹੀ ਸੀ ਤਾਂ ਫਿਰ ਚੌਧਰੀ ਦੇ ਠੇਕੇ ਕਿਸ ਕਾਰਨ ਰੱਦ ਕੀਤੇ ਗਏ ? ਉਹਨਾਂ ਕਿਹਾ ਕਿ ਸਰਕਾਰ ਨੇ ਮਿਲੀ ਸਟੇਅ ਜਨਤਕ ਨਹੀਂ ਕੀਤੀ ਅਤੇ ਜੇਕਰ ਅਜਿਹਾ ਹੈ ਵੀ ਤਾਂ ਵੀ ਸਰਕਾਰ ਚੌਧਰੀ ਖਿਲਾਫ ਚਾਰ ਕੇਸ ਦਰਜ ਹੋਣ, ਉਸ ਕੋਲੋਂ 26 ਕਰੋੜ ਰੁਪਏ ਦੀ ਵਸੂਲੀ ਕਰਨ ਤੇ ਉਸ ਵੱਲੋਂ ਗੁੰਡਾ ਟੈਕਸ ਵਸੂਲੇ ਜਾਣ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਸ਼ੁਰੂ ਹੋਣ ਦੇ ਤੱਥ ਅਦਾਲਤ ਕੋਲੋਂ ਲੁਕਾ ਕੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਦੋਸ਼ੀ ਹੈ। ਮਜੀਠੀਆ ਨੇ ਮਾਇਨਿੰਗ ਡਾਇਰੈਕਟਰ ਡੀ ਪੀ ਐਸ ਖਰਬੰਦਾ ਨੂੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਨਵੀਂ ਮਾਇਨਿੰਗ ਨੀਤੀ ਦਾ ਮਕਸਦ ਪੰਜਾਬ ਨੂੰ ਕਾਲੇ ਧਨ ਵਾਸਤੇ ਸਵਰਗ ਬਣਾ ਕੇ ਵਰਜਿਨ ਆਇਲੈਂਡ ਵਿਚ ਬਦਲਣਾ ਹੈ।
ਉਹਨਾਂ ਕਿਹਾ ਕਿ ਖਰਬੰਦਾ ਦੀ ਗ੍ਰਿਫਤਾਰੀ ਇਸ ਕਰ ਕੇ ਵੀ ਜਰੂਰੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਪੈਸਾ ਕਿਵੇਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੋਲ ਪਹੁੰਚ ਰਿਹਾ ਹੈ।