ਸ਼ੱਕੀ ਜਾਸੂਸ ਜਸਬੀਰ ਸਿੰਘ ਦੀ ਪੁਲਿਸ ਰਿਮਾਂਡ ਖ਼ਤਮ, ਅੱਜ ਮੋਹਾਲੀ ਕੋਰਟ ‘ਚ ਪੇਸ਼ੀ, ਪੁਲਿਸ ਦੇ ਹੱਥ ਲੱਗੇ ਕਈ ਵੱਡੇ ਸਬੂਤ
ਪੁਲਿਸ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਜਸਬੀਰ ਆਈਐਸਆਈ ਏਜੰਟ ਸ਼ਾਕਿਰ ਉਰਫ਼ ਜੱਟ ਰੰਧਾਵਾ ਦੇ ਸੰਪਰਕ 'ਚ ਸੀ। ਉਸ ਦੇ ਫ਼ੋਨ 'ਚੋਂ ਕਈ ਪਾਕਿਸਤਾਨੀ ਨੰਬਰ ਵੀ ਮਿਲੇ ਹਨ। ਉਸ ਦਾ ਸੰਪਰਕ ਹਰਿਆਣਾ ਤੋਂ ਗ੍ਰਿਫ਼ਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨ ਉੱਚਆਯੋਗ ਤੋਂ ਬਰਖ਼ਾਸਤ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਸਨ।

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ‘ਚ ਗ੍ਰਿਫ਼ਤਾਰ ਰੋਪੜ ਦੇ ਯੂਟਿਊਬਰ ਜਸਬੀਰ ਸਿੰਘ ਦੀ ਅੱਜ ਪੁਲਿਸ ਰਿਮਾਂਡ ਖ਼ਤਮ ਹੋ ਰਹੀ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੁਆਰਾ ਅੱਜ ਜਸਬੀਰ ਨੂੰ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਰਿਮਾਂਡ ਦੌਰਾਨ ਪੁਲਿਸ ਦੇ ਹੱਥ ਕਈ ਵੱਡੇ ਸਬੂਤ ਲੱਗੇ ਹਨ। ਕੋਰਟ ‘ਚ ਪੇਸ਼ੀ ਦੌਰਾਨ ਪੁਲਿਸ ਕੁੱਝ ਦਿਨਾਂ ਦੀ ਹੋਰ ਰਿਮਾਂਡ ਮੰਗ ਸਕਦੀ ਹੈ। ਜਸਬੀਰ ਸਿੰਘ ਰੋਪੜ ਦੇ ਮਹਲਾਂ ਪਿੰਡ ਦਾ ਰਹਿਣ ਵਾਲਾ ਹੈ, ਉਸ ਦੇ ਯੂਟਿਊਬ ਚੈਨਲ ਦਾ ਨਾਂ- ‘ਜਾਨ ਮਹਲ’ ਹੈ।
ਪੁਲਿਸ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਹ ਆਈਐਸਆਈ ਏਜੰਟ ਸ਼ਾਕਿਰ ਉਰਫ਼ ਜੱਟ ਰੰਧਾਵਾ ਦੇ ਸੰਪਰਕ ‘ਚ ਸੀ। ਉਸ ਦੇ ਫ਼ੋਨ ‘ਚੋਂ ਕਈ ਪਾਕਿਸਤਾਨੀ ਨੰਬਰ ਵੀ ਮਿਲੇ ਹਨ। ਉਸ ਦਾ ਸੰਪਰਕ ਹਰਿਆਣਾ ਤੋਂ ਗ੍ਰਿਫ਼ਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨ ਉੱਚਆਯੋਗ ਤੋਂ ਬਰਖ਼ਾਸਤ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਸਨ। ਜੋਤੀ ਮਲਹੋਤਰਾ ਨਾਲ ਇੱਕ ਯੂਟਿਊਬ ਵੀਡੀਓ ਕਰਕੇ ਹੀ ਜਸਬੀਰ ਸਿੰਘ ਪੁਲਿਸ ਦੀ ਰਡਾਰ ‘ਤੇ ਆਇਆ।
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਡੀਐਸਪੀ ਪਵਨ ਸ਼ਰਮਾ ਨੇ ਜਾਣਕਾਰੀ ਦਿੱਤੀ ਸੀ ਕਿ ਜਸਬੀਰ ਸਿੰਘ ਦੇ ਖਿਲਾਫ਼ ਮੋਹਾਲੀ ‘ਚ ਕੇਸ ਦਰਜ਼ ਹੋਇਆ ਹੈ। ਬੱਧਵਾਰ ਨੂੰ ਜਸਬੀਰ ਸਿੰਘ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ ਸੀ, ਜਿੱਥੇ ਉਸ ਨੂੰ ਤਿੰਨ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਪੁਲਿਸ ਦੇ ਹੱਥ ਲੱਗੇ ਸਬੂਤ
ਜਸਬੀਰ ਸਿੰਘ ਮਾਮਲੇ ‘ਚ ਪੁਲਿਸ ਨੇ ਖੁਲਾਸਾ ਕੀਤਾ ਕਿ ਜਸਬੀਰ ਦਾਨਿਸ਼ ਦੇ ਸੱਦੇ ‘ਤੇ ਦਿੱਲੀ ‘ਚ ਪਾਕਿਸਤਾਨ ਨੈਸ਼ਨਲ ਡੇਅ ਪ੍ਰੋਗਰਾਮ ‘ਚ ਸ਼ਾਮਲ ਹੋਇਆ ਸੀ, ਜਿੱਥੇ ਉਸ ਦੀ ਮੁਲਾਕਾਤ ਪਕਿਸਤਾਨ ਦੇ ਅਧਿਕਾਰੀਆਂ ਤੇ ਵਲੋਗਰਸ ਨਾਲ ਹੋਈ ਸੀ। ਉਹ ਸਾਲ 2020, 2021 ਤੇ 2024 ‘ਚ ਪਾਕਿਸਤਾਨ ਜਾ ਚੁੱਕਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਸਬੀਰ ਦੇ ਫ਼ੋਨ ਤੇ ਹੋਰ ਇਲੈਕਟ੍ਰੋਨਿਕ ਡਿਵਾਇਸਾਂ ‘ਚੋਂ ਪਾਕਿਸਤਾਨੀ ਨੰਬਰ ਤੇ ਹੋਰ ਡਾਟਾ ਮਿਲਿਆ ਹੈ। ਉਸ ਦੇ ਫ਼ੋਨ ਤੇ ਲੈਪਟੋਪ ਨੂੰ ਫੋਰੈਂਸਿਕ ਜਾਂਚ ਲਈ ਲੈਬ ਭੇਜਿਆ ਗਿਆ ਹੈ। ਪੁਲਿਸ ਨੂੰ ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਸਬੀਰ ਸਿੰਘ ‘ਤੇ ਸ਼ੱਕ ਹੋਇਆ ਸੀ।
ਇਹ ਵੀ ਪੜ੍ਹੋ
ਜਸਬੀਰ ਸਿੰਘ ਦੇ ਵਕੀਲ ਨੇ ਕੀ ਕਿਹਾ?
ਜਸਬੀਰ ਸਿੰਘ ਦੇ ਵਕੀਲ ਦਾ ਕਹਿਣਾ ਹੈ ਕਿ ਜਸਬੀਰ ਦੇ ਕਰੀਅਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ। ਦੇਸ਼ ਵਿਰੋਧੀ ਆਰੋਪ ਗੰਭੀਰ ਹਨ। ਆਨ ਰਿਕਾਰਡ ਕੋਈ ਵੀ ਚੀਜ਼ ਨਹੀਂ ਹੈ। ਪੁਲਿਸ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਤਿੰਨ ਦਿਨਾਂ ਦੀ ਰਿਮਾਂਡ ਦਿੱਤਾ ਗਿਆ। ਅਸੀ ਮਾਮਲੇ ਦੀ ਪੜਤਾਲ ਕਰ ਰਹੇ ਹਾਂ।