GMADA ਖ਼ਿਲਾਫ਼ ਸਾਂਸਦ ਮਾਲਵਿੰਦਰ ਕੰਗ ਨੇ ਖੋਲਿਆ ਮੋਰਚਾ, ਬੋਲੇ- ‘ਇਹ ਲੁੱਟ ਦਾ ਅੱਡਾ, ਹੁਣ ਕਰਾਂਗੇ ਘਿਰਾਓ’

Published: 

26 Aug 2026 17:53 PM IST

ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕੰਗ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਗਮਾਡਾ ਹੁਣ ਸਿਰਫ਼ ਲੁੱਟ-ਖਸੁੱਟ ਦਾ ਕੇਂਦਰ ਬਣ ਕੇ ਰਹਿ ਗਿਆ ਹੈ।

GMADA ਖ਼ਿਲਾਫ਼ ਸਾਂਸਦ ਮਾਲਵਿੰਦਰ ਕੰਗ ਨੇ ਖੋਲਿਆ ਮੋਰਚਾ, ਬੋਲੇ- ਇਹ ਲੁੱਟ ਦਾ ਅੱਡਾ, ਹੁਣ ਕਰਾਂਗੇ ਘਿਰਾਓ

ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕੰਗ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਗਮਾਡਾ ਹੁਣ ਸਿਰਫ਼ ਲੁੱਟ-ਖਸੁੱਟ ਦਾ ਕੇਂਦਰ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ, “ਮੈਂ ਮੁੱਖ ਮੰਤਰੀ ਸਾਹਿਬ ਅੱਗੇ ਅਪੀਲ ਕਰਦਾ ਹਾਂ ਕਿ ਸਾਨੂੰ ਇਸ ਭ੍ਰਿਸ਼ਟ ਸਿਸਟਮ ਨੂੰ ਜੜ੍ਹੋਂ ਖ਼ਤਮ ਕਰਨਾ ਪਵੇਗਾ। ਹੁਣ ਗਮਾਡਾ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ।”

ਸੈਣੀ ਮਾਜਰਾ ‘ਚ ਨਾਜਾਇਜ਼ ਉਸਾਰੀਆਂ ‘ਤੇ ਕਾਰਵਾਈ ਮਗਰੋਂ ਭੜਕਿਆ ਵਿਵਾਦ

ਮਾਮਲਾ ਮਾਲਵਿੰਦਰ ਸਿੰਘ ਕੰਗ ਦੇ ਲੋਕ ਸਭਾ ਹਲਕੇ ਅਧੀਨ ਪੈਂਦੇ ਪਿੰਡ ਸੈਣੀ ਮਾਜਰਾ ਨਾਲ ਜੁੜਿਆ ਹੋਇਆ ਹੈ। ਇੱਥੇ ਗਮਾਡਾ ਵੱਲੋਂ ਨਾਜਾਇਜ਼ ਉਸਾਰੀਆਂ ਦੇ ਹਵਾਲੇ ਨਾਲ ਸਥਾਨਕ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਵਿਭਾਗ ਵੱਲੋਂ ਦੁਕਾਨਾਂ ‘ਤੇ ਪੀਲਾ ਪੰਜਾ ਚਲਾ ਕੇ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਇਸ ਕਾਰਵਾਈ ਨੂੰ ਲੈ ਕੇ ਸਥਾਨਕ ਵਸਨੀਕਾਂ ਅਤੇ ਦੁਕਾਨਦਾਰਾਂ ਨੇ ਗੰਭੀਰ ਇਲਜ਼ਾਮ ਲਗਾਏ ਕਿ ਪ੍ਰਸ਼ਾਸਨ ਵੱਲੋਂ ਪੱਖਪਾਤ ਕੀਤਾ ਜਾ ਰਿਹਾ ਹੈ ਅਤੇ ਚੁਣ-ਚੁਣ ਕੇ ਕੁਝ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੀੜਤ ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਆਪਣੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੂੰ ਦਿੱਤੀ, ਜਿਸ ਤੋਂ ਬਾਅਦ ਕੰਗ ਖ਼ੁਦ ਮੌਕੇ ‘ਤੇ ਪਹੁੰਚੇ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ।

ਸਭ ‘ਤੇ ਕਾਰਵਾਈ ਹੋਵੇ ਜਾਂ ਕਿਸੇ ਦੀ ਦੁਕਾਨ ਨਾ ਤੋੜੀ ਜਾਵੇ: ਕੰਗ

ਮੌਕੇ ‘ਤੇ ਪੁੱਜੇ ਸੰਸਦ ਮੈਂਬਰ ਕੰਗ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਕਿ ਜਦੋਂ ਪਿੰਡ ਵਾਸੀਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਤੁਰੰਤ ਗਮਾਡਾ ਦੇ ਮੁੱਖ ਅਧਿਕਾਰੀ ਨਾਲ ਗੱਲ ਕੀਤੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਨਾਜਾਇਜ਼ ਉਸਾਰੀਆਂ ਦੇ ਨਾਂ ‘ਤੇ ਦੁਕਾਨਾਂ ਤੋੜਨੀਆਂ ਹੀ ਹਨ ਤਾਂ ਸਾਰਿਆਂ ਦੀਆਂ ਤੋੜੀਆਂ ਜਾਣ, ਕਿਉਂਕਿ ਕਾਨੂੰਨ ਸਭ ਲਈ ਬਰਾਬਰ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਬਿਨਾਂ ਪੱਖਪਾਤ ਹਰ ਕਿਸੇ ਵਿਰੁੱਧ ਇਕਸਾਰ ਕਾਰਵਾਈ ਹੋਵੇ ਜਾਂ ਫਿਰ ਕਿਸੇ ਵੀ ਗ਼ਰੀਬ ਦੀ ਰੋਜ਼ੀ-ਰੋਟੀ ਨੂੰ ਨਾ ਉਜਾੜਿਆ ਜਾਵੇ।

ਹਾਈ ਕੋਰਟ ਦੇ ਹੁਕਮਾਂ ਦੀ ਆੜ ‘ਚ ਗ਼ਰੀਬਾਂ ‘ਤੇ ਤਸ਼ੱਦਦ ਦਾ ਦੋਸ਼

ਸੰਸਦ ਮੈਂਬਰ ਨੇ ਦੱਸਿਆ, “ਮੈਨੂੰ ਇਹ ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਹਾਈ ਕੋਰਟ ਦੇ ਹੁਕਮ ਹਨ। ਅੱਜ ਮੈਂ ਖ਼ੁਦ ਜ਼ਮੀਨੀ ਹਕੀਕਤ ਦੇਖਣ ਆਇਆ ਹਾਂ। ਮੈਂ ਮੀਡੀਆ ਰਾਹੀਂ ਮਾਣਯੋਗ ਮੁੱਖ ਮੰਤਰੀ ਤੱਕ ਗੱਲ ਪਹੁੰਚਾਉਣੀ ਚਾਹੁੰਦਾ ਹਾਂ ਕਿ ਗਮਾਡਾ ਪੂਰੀ ਤਰ੍ਹਾਂ ਲੁੱਟ ਦਾ ਅੱਡਾ ਬਣ ਚੁੱਕਾ ਹੈ। ਇਸ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਹੀ ਪਵੇਗੀ ਅਤੇ ਲੋੜ ਪੈਣ ‘ਤੇ ਅਸੀਂ ਇਸ ਦਾ ਘਿਰਾਓ ਵੀ ਕਰਾਂਗੇ।”

ਅਧਿਕਾਰੀਆਂ ‘ਤੇ ਪੈਸੇ ਲੈ ਕੇ ਵੱਡਿਆਂ ਨੂੰ ਛੱਡਣ ਦੇ ਲਾਏ ਦੋਸ਼

ਕੰਗ ਨੇ ਗਮਾਡਾ ਪ੍ਰਸ਼ਾਸਨ ‘ਤੇ ਸ਼ਰੇਆਮ ਧੱਕੇਸ਼ਾਹੀ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਅਧਿਕਾਰੀਆਂ ਵੱਲੋਂ ਕਥਿਤ ਤੌਰ ‘ਤੇ ਪੈਸੇ ਲੈ ਕੇ ਵੱਡੇ ਲੋਕਾਂ ਦੀਆਂ ਉਸਾਰੀਆਂ ਨੂੰ ਛੱਡ ਦਿੱਤਾ ਜਾਂਦਾ ਹੈ, ਜਦਕਿ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਪਾਲਣ ਵਾਲੇ ਗ਼ਰੀਬ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ‘ਤੇ ਪੀਲਾ ਪੰਜਾ ਚਲਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਬੜੀ ਮੁਸ਼ਕਲ ਨਾਲ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਦੇ ਹਨ, ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ। ਕੰਗ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਬੀਤੀ ਰਾਤ ਕਰੀਬ 11 ਵਜੇ ਵੀ ਗਮਾਡਾ ਦੇ ਮੁਖੀ ਨੂੰ ਫ਼ੋਨ ਕਰਕੇ ਇਸ ਪੱਖਪਾਤੀ ਕਾਰਵਾਈ ਬਾਰੇ ਸਖ਼ਤ ਇਤਰਾਜ਼ ਜਤਾਇਆ ਸੀ।

Loading...
Unable to load recommendations.
Follow Us