ਅੰਮ੍ਰਿਤਸਰ ‘ਚ ‘ਆਪ’ ਆਗੂ ਦੇ ਭਰਾ ਨੂੰ ਮਾਰੀ ਗੋਲੀ, ਸੀਵਰੇਜ ਦੀ ਸਫਾਈ ਨੂੰ ਲੈ ਕੇ ਹੋਇਆ ਝਗੜਾ
ਅੰਮ੍ਰਿਤਸਰ 'ਚ 'ਆਪ' ਆਗੂ ਦੇ ਭਰਾ 'ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਵਿਅਕਤੀ ਦੇ ਪੱਟ 'ਤੇ ਗੋਲੀ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਅੱਜ ਦੁਪਹਿਰ 1 ਵਜੇ ਦੇ ਕਰੀਬ ਵਾਪਰੀ। ਪੀੜਤ ਧਿਰ ਨੇ ਸਾਬਕਾ ਕਾਂਗਰਸੀ ਕੌਂਸਲਰ ਤੇ ਉਸ ਦੇ ਪੁੱਤਰ ਤੇ ਗੋਲੀ ਚਲਾਉਣ ਦਾ ਦੋਸ਼ ਲਾਇਆ ਹੈ। ਜ਼ਖਮੀ ਦੀ ਪਛਾਣ ਅਮਨ ਅਰੋੜਾ ਵਜੋਂ ਹੋਈ ਹੈ।

ਪੰਜਾਬ ਨਿਊਜ। ਅੰਮ੍ਰਿਤਸਰ ਦੇ ਵਿੱਚ ਕ੍ਰਾਈਮ (Crime) ਵੱਧਦਾ ਹੀ ਜਾ ਰਿਹਾ ਹੈ ਪਹਿਲਾਂ ਜੰਡਿਆਲਾ ਗੁਰੂ ਵਿੱਚ ਇੱਕ ਏਐੱਸਆਈ ਦੀ ਗੋਲੀ ਮਾਰਕੇ ਤੇ ਹੱਤਿਆ ਕਰ ਦਿੱਤੀ ਤੇ ਹੁਣ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਆਪ ਆਗੂ ਦੇ ਭਰਾ ਨੂੰ ਗੋਲੀ ਮਾਰ ਦਿੱਤੀ। ਜਾਣਕਾਰੀ ਮੁਤਾਬਕ ਪੁਤਲੀ ਘਰ ਸਥਿਤ ਆਜ਼ਾਦ ਨਗਰ ‘ਚ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਡਿੰਪਲ ਕੁਮਾਰ ਦੇ ਭਰਾ ਅਮਨ ਅਰੋੜਾ ਦੇ ਪੱਟ ‘ਤੇ ਗੋਲੀ ਲੱਗੀ ਹੈ। ਗੋਲੀ ਲੱਗਣ ਕਾਰਨ ਉਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਦੂਜੇ ਪਾਸੇ ਸਾਬਕਾ ਕਾਂਗਰਸੀ ਕੌਂਸਲਰ (Councillor) ਸੁਰਿੰਦਰ ਚੌਧਰੀ ਅਤੇ ਉਸ ਦੇ ਪੁੱਤਰ ਨੂੰ ਗੋਲੀਬਾਰੀ ਮਾਮਲੇ ਵਿੱਚ ਮੁਲਜ਼ਮ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੀਵਰੇਜ ਦੀ ਸਫਾਈ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਸੁਰਿੰਦਰ ਚੌਧਰੀ ਸਫ਼ਾਈ ਮਸ਼ੀਨ ਨੂੰ ਕਿਸੇ ਹੋਰ ਇਲਾਕੇ ਵਿੱਚ ਭੇਜਣਾ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਹੋ ਗਈ। ਵਿਵਾਦ ਇੰਨਾ ਵੱਧ ਗਿਆ ਕਿ ਗੋਲੀਬਾਰੀ ਤੱਕ ਪਹੁੰਚ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਚੋਣ ਰੰਜਿਸ਼ ਕਾਰਨ ਕੀਤਾ ਗਿਆ ਹਮਲਾ
ਆਮ ਆਦਮੀ ਪਾਰਟੀ (Aam Aadmi Party) ਦੇ ਆਗੂ ਦੀਪਾਲ ਨੇ ਦੱਸਿਆ ਕਿ ਗੋਲੀਬਾਰੀ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ, ਉਸ ਦੇ ਪੁੱਤਰ ਅਤੇ ਹੋਰ ਸਮਰਥਕਾਂ ਵੱਲੋਂ ਕੀਤੀ ਗਈ ਸੀ। ਪਿਛਲੀ ਵਾਰ ਉਨ੍ਹਾਂ ਨੇ ਚੌਧਰੀ ਵਿਰੁੱਧ ਚੋਣ ਲੜੀ ਸੀ। ਇਸ ਵਾਰ ਵੀ ਉਹ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਇਸੇ ਰੰਜਿਸ਼ ਕਾਰਨ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਜ਼ਖਮੀ ਅਮਨ ਅਰੋੜਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮੁਲਜ਼ਮਾਂ ਨੂੰ ਜਲਦੀ ਕੀਤਾ ਜਾਵੇਗਾ ਗ੍ਰਿਫਤਾਰ
ਥਾਣਾ ਕੰਟੇਨਮੈਂਟ ਦੇ ਐੱਸਐੱਚਓ (SHO) ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਫਾਈ ਮਸ਼ੀਨ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋ ਗਿਆ ਸੀ। ਸੁਰਿੰਦਰ ਚੌਧਰੀ ਦੇ ਪਾਸਿਓਂ ਗੋਲੀਆਂ ਚਲਾਈਆਂ ਗਈਆਂ ਹਨ। ਦੋਵਾਂ ਸਿਆਸੀ ਪਾਰਟੀਆਂ ਦੇ ਆਗੂ ਹਨ। ਮਾਮਲੇ ਦੀ ਜਾਂਚ ਕਰਕੇ ਹਮਲਾਵਰਾਂ ਨੂੰ ਤੁਰੰਤ ਫੜ ਲਿਆ ਜਾਵੇਗਾ।