ਹੁਸ਼ਿਆਰਪੁਰ ‘ਚ AAP ਆਗੂ ਦਾ ਕਤਲ, ਹਮਲਾਵਰਾਂ ਨੇ ਚਲਾਈਆਂ ਤਾਬੜ-ਤੋੜ ਗੋਲੀਆਂ, ਪਿੰਡ ਵਿੱਚ ਦਹਿਸ਼ਤ ਦਾ ਮਾਹੌਲ
ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਮਿਆਣੀ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਦਾ ਕਤਲ ਕਰ ਦਿੱਤਾ ਗਿਆ। ਵੀਰਵਾਰ ਸ਼ਾਮ ਨੂੰ ਪਿੰਡ ਵਿੱਚ ਦਹਿਸ਼ਤ ਫੈਲ ਗਈ ਜਦੋਂ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਨੇ ਇੱਕ ਦੁਕਾਨ 'ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਸਤਕਰਤਾਰ ਹਾਰਡਵੇਅਰ ਸਟੋਰ 'ਤੇ ਗੋਲੀਆਂ ਚਲਾਈਆਂ।
ਹੁਸ਼ਿਆਰਪੁਰ ਵਿੱਚ ਇੱਕ ‘ਆਪ’ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉੱਥੇ ਹੀ ਉਨ੍ਹਾਂ ਦਾ ਦੋਸਤ ਜ਼ਖਮੀ ਹੋ ਗਿਆ। ਬਲਵਿੰਦਰ ਸਿੰਘ ਸਤਕਰਤਾਰ (60), ਇੱਕ ‘ਆਪ’ ਆਗੂ, ਮਿਆਣੀ ਪਿੰਡ ਵਿੱਚ ਇੱਕ ਹਾਰਡਵੇਅਰ ਦੀ ਦੁਕਾਨ ਦਾ ਮਾਲਕ ਸੀ। ਵੀਰਵਾਰ ਸ਼ਾਮ ਨੂੰ, ਇੱਕ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ।
ਇਹ ਘਟਨਾ ਸ਼ਾਮ ਕਰੀਬ 4 ਵਜੇ ਦੇ ਕਰੀਬ ਵਾਪਰੀ। ਰਿਪੋਰਟਾਂ ਅਨੁਸਾਰ, ਤਿੰਨ ਅਣਪਛਾਤੇ ਹਮਲਾਵਰ ਇੱਕ ਮੋਟਰਸਾਈਕਲ ‘ਤੇ ਦੁਕਾਨ ਦੇ ਬਾਹਰ ਆਏ। ਇੱਕ ਹਮਲਾਵਰ ਬਾਹਰ ਖੜ੍ਹਾ ਰਿਹਾ, ਜਦੋਂ ਕਿ ਦੋ ਨਕਾਬਪੋਸ਼ ਵਿਅਕਤੀ ਦੁਕਾਨ ਵਿੱਚ ਦਾਖਲ ਹੋਏ। ਬਿਨਾਂ ਕੁਝ ਕਹੇ, ਹਮਲਾਵਰਾਂ ਨੇ ਬਲਵਿੰਦਰ ਅਤੇ ਲਖਵਿੰਦਰ ‘ਤੇ ਆਪਣੇ ਪਿਸਤੌਲਾਂ ਤੋਂ ਸੱਤ ਗੋਲੀਆਂ ਚਲਾਈਆਂ।
ਛਾਤੀ ਵਿੱਚ ਗੋਲੀ ਲੱਗਣ ਕਾਰਨ ਮੌਕੇ ‘ਤੇ ਹੋਈ ਮੌਤ
ਚਸ਼ਮਦੀਦਾਂ ਦੇ ਅਨੁਸਾਰ, ਗੋਲੀ ਬਲਵਿੰਦਰ ਸਿੰਘ ਦੀ ਛਾਤੀ ਵਿੱਚ ਲੱਗੀ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲਖਵਿੰਦਰ ਸਿੰਘ ਦੇ ਮੋਢੇ ਵਿੱਚ ਲੱਗੀ। ਸਥਾਨਕ ਲੋਕਾਂ ਨੇ ਤੁਰੰਤ ਦੋਵਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਬਲਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਲਖਵਿੰਦਰ ਸਿੰਘ ਇਸ ਸਮੇਂ ਖ਼ਤਰੇ ਤੋਂ ਬਾਹਰ ਹੈ।
ਪੁਲਿਸ ਸੀਸੀਟੀਵੀ ਫੁਟੇਜ ਦੀ ਕਰ ਰਹੀ ਜਾਂਚ
ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਟਾਂਡਾ ਦੇ ਡੀਐਸਪੀ ਦਵਿੰਦਰ ਸਿੰਘ ਬਾਜਵਾ ਅਤੇ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਹਮਲਾਵਰਾਂ ਦੇ ਭੱਜਣ ਦੇ ਰਸਤੇ ਦਾ ਪਤਾ ਲਗਾਉਣ ਲਈ ਨੇੜਲੀਆਂ ਦੁਕਾਨਾਂ ਅਤੇ ਸੜਕਾਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਉਹ ਹਮਲੇ ਦੇ ਪਿੱਛੇ ਦੇ ਉਦੇਸ਼ ਦੀ ਵੀ ਜਾਂਚ ਕਰ ਰਹੇ ਹਨ।
ਬਲਵਿੰਦਰ ਸਿੰਘ ਸਤਕਰਤਾਰ ਦਾ ਕੋਈ ਵਿਵਾਦ ਨਹੀਂ
ਰਿਪੋਰਟਾਂ ਅਨੁਸਾਰ, ਬਲਵਿੰਦਰ ਸਿੰਘ ਸਤਕਰਤਾਰ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦਾ ਵਰਕਰ ਸੀ, ਹਾਲਾਂਕਿ ਉਨ੍ਹਾਂ ਨੇ ਨਾ ਤਾਂ ਕੋਈ ਪਾਰਟੀ ਅਹੁਦਾ ਸੰਭਾਲਿਆ ਅਤੇ ਨਾ ਹੀ ਕੋਈ ਚੋਣ ਲੜੀ। ਹੁਣ ਤੱਕ, ਕਿਸੇ ਵੀ ਧਮਕੀ, ਦੁਸ਼ਮਣੀ ਜਾਂ ਵਿਵਾਦ ਦੀ ਰਿਪੋਰਟ ਨਹੀਂ ਕੀਤੀ ਗਈ ਹੈ।
