ਅਜਨਾਲਾ ਤੇ ਰਮਦਾਸ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ 23 ਗਾਵਾਂ ਦਾਨ, 52 ਕਰੋੜ ਤੋਂ ਵੱਧ ਦਾ ਮੁਆਵਜ਼ਾ
ਐਮਐਲਏ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੜ੍ਹਾਂ ਦੌਰਾਨ ਆਏ ਭਿਆਨਕ ਹਾਲਾਤਾਂ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਕਈ ਵਾਰ ਜ਼ਿੰਦਗੀ ਅਤੇ ਮੌਤ ਵਿਚਾਲੇ ਫੈਸਲਾ ਕਰਨਾ ਬਹੁਤ ਔਖਾ ਹੋ ਗਿਆ ਸੀ। ਉਨ੍ਹਾਂ ਇੱਕ ਮਿਸਾਲ ਦਿੰਦਿਆਂ ਕਿਹਾ ਕਿ ਹੜ੍ਹ ਦੇ ਸਮੇਂ ਇੱਕ ਗਰਭਵਤੀ ਮਹਿਲਾ, ਜੋ ਤੇਜ਼ ਪਾਣੀ ਵਿੱਚ ਫਸੀ ਹੋਈ ਸੀ
ਮਿਸ਼ਨ ਚੜਦੀ ਕਲਾ ਦੇ ਤਹਿਤ ਅਜਨਾਲਾ ਅਤੇ ਰਮਦਾਸ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਹਿੰਦੇ ਪੀੜਤ ਪਰਿਵਾਰਾਂ ਲਈ ਇੱਕ ਮਨੁੱਖਤਾ ਭਰਿਆ ਉਪਰਾਲਾ ਕੀਤਾ ਗਿਆ। ਇਸ ਮੌਕੇ ਕਰੀਬ 23 ਗਾਵਾਂ ਹੜ੍ਹ ਪੀੜਤ ਪਰਿਵਾਰਾਂ ਨੂੰ ਦਾਨ ਕੀਤੀਆਂ ਗਈਆਂ, ਤਾਂ ਜੋ ਪ੍ਰਭਾਵਿਤ ਪਰਿਵਾਰ ਮੁੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਆਪਣੇ ਰੁਜ਼ਗਾਰ ਨੂੰ ਦੁਬਾਰਾ ਸਥਾਪਿਤ ਕਰ ਸਕਣ। ਇਸ ਮੌਕੇ ਹਲਕਾ ਸੰਸਥਾ ਦੇ ਆਗੂ ਰਾਕੇਸ਼ ਹਾਂਡਾ ਨੇ ਕਿਹਾ ਕਿ ਗਾਂ ਦਾਨ ਕਰਨ ਦਾ ਮਕਸਦ ਸਿਰਫ ਮਦਦ ਕਰਨਾ ਨਹੀਂ, ਸਗੋਂ ਹੜ੍ਹ ਪੀੜਤ ਪਰਿਵਾਰਾਂ ਨੂੰ ਸਥਾਈ ਰੁਜ਼ਗਾਰ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਇਹ ਗਾਵਾਂ ਸਾਲ ਭਰ ਦੁੱਧ ਦੇਣਗੀਆਂ, ਜਿਸ ਨਾਲ ਪਰਿਵਾਰਾਂ ਨੂੰ ਰੋਜ਼ਾਨਾ ਆਮਦਨ ਮਿਲੇਗੀ ਅਤੇ ਬੱਚਿਆਂ ਦੀ ਪਾਲਣਾ ਵਿੱਚ ਵੀ ਮਦਦ ਮਿਲੇਗੀ।
ਸਮਾਜ ਸੇਵਾ ਦੀ ਕਾਬਿਲ-ਏ-ਤਾਰੀਫ਼ ਮਿਸਾਲ – MLA ਇੰਦਰਬੀਰ ਸਿੰਘ ਨਿਜਰ
ਇਸ ਦੌਰਾਨ ਐਮਐਲਏ ਇੰਦਰਬੀਰ ਸਿੰਘ ਨਿਜਰ ਨੇ ਦਾਨੀ ਸੱਜਣਾਂ ਅਤੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਲੋਕ ਆਪਣੀ ਡਿਊਟੀ ਤੋਂ ਵੱਧ ਕੇ ਸਮਾਜ ਸੇਵਾ ਕਰ ਰਹੇ ਹਨ, ਜੋ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਦੱਸਿਆ ਕਿ ਇਹ ਟੀਮ ਅੰਮ੍ਰਿਤਸਰ ਵਿੱਚ ਗਰਾਊਂਡ ਲੈ ਕੇ ਗਰੀਬ ਅਤੇ ਪਿੰਡਾਂ ਦੇ ਬੱਚਿਆਂ ਨੂੰ ਕ੍ਰਿਕਟ ਸਿਖਾਉਣ ਦੀ ਯੋਜਨਾ ਤੇ ਵੀ ਕੰਮ ਕਰ ਰਹੀ ਹੈ, ਤਾਂ ਜੋ ਭਵਿੱਖ ਵਿੱਚ ਇਥੋਂ ਟੀਮ ਇੰਡੀਆ ਲਈ ਖਿਡਾਰੀ ਤਿਆਰ ਹੋ ਸਕਣ।
ਹੜ੍ਹਾਂ ਦੌਰਾਨ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ MLA ਕੁਲਦੀਪ ਸਿੰਘ ਧਾਲੀਵਾਲ
ਐਮਐਲਏ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੜ੍ਹਾਂ ਦੌਰਾਨ ਆਏ ਭਿਆਨਕ ਹਾਲਾਤਾਂ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਕਈ ਵਾਰ ਜ਼ਿੰਦਗੀ ਅਤੇ ਮੌਤ ਵਿਚਾਲੇ ਫੈਸਲਾ ਕਰਨਾ ਬਹੁਤ ਔਖਾ ਹੋ ਗਿਆ ਸੀ। ਉਨ੍ਹਾਂ ਇੱਕ ਮਿਸਾਲ ਦਿੰਦਿਆਂ ਕਿਹਾ ਕਿ ਹੜ੍ਹ ਦੇ ਸਮੇਂ ਇੱਕ ਗਰਭਵਤੀ ਮਹਿਲਾ, ਜੋ ਤੇਜ਼ ਪਾਣੀ ਵਿੱਚ ਫਸੀ ਹੋਈ ਸੀ, ਨੂੰ ਫੌਜ ਅਤੇ ਪ੍ਰਸ਼ਾਸਨ ਦੀ ਸਾਂਝੀ ਕਾਰਵਾਈ ਨਾਲ ਸੁਰੱਖਿਅਤ ਬਚਾ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਨੇ ਸਿਹਤਮੰਦ ਪੁੱਤਰ ਨੂੰ ਜਨਮ ਦਿੱਤਾ।
ਹੜ੍ਹ ਪੀੜਤਾਂ ਨੂੰ 52 ਕਰੋੜ ਤੋਂ ਵੱਧ ਮੁਆਵਜ਼ਾ
ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਹੁਣ ਤੱਕ 52 ਕਰੋੜ ਰੁਪਏ ਤੋਂ ਵੱਧ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਗਾਂ-ਮੱਝ ਦੇ ਨੁਕਸਾਨ ਤੇ 40 ਹਜ਼ਾਰ ਰੁਪਏ ਪ੍ਰਤੀ ਪਸ਼ੂ ਦੀ ਮਦਦ ਵੀ ਦਿੱਤੀ ਗਈ ਹੈ। ਜਿਨ੍ਹਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਗਾਵਾਂ ਦਿੱਤੀਆਂ ਗਈਆਂ, ਉਨ੍ਹਾਂ ਨੇ ਪੰਜਾਬ ਸਰਕਾਰ, ਐਮਐਲਏ ਕੁਲਦੀਪ ਸਿੰਘ ਧਾਲੀਵਾਲ ਅਤੇ ਸੰਸਥਾ ਦਾ ਧੰਨਵਾਦ ਕੀਤਾ। ਪੀੜਤਾਂ ਨੇ ਕਿਹਾ ਕਿ ਹੜ੍ਹਾਂ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਸੀ, ਪਰ ਹੁਣ ਗਾਵਾਂ ਮਿਲਣ ਨਾਲ ਉਨ੍ਹਾਂ ਦੇ ਰੁਜ਼ਗਾਰ ਵਿੱਚ ਸੁਧਾਰ ਆਵੇਗਾ ਅਤੇ ਪਰਿਵਾਰਕ ਜੀਵਨ ਨੂੰ ਮੁੜ ਪਟੜੀ ਤੇ ਲਿਆਉਣ ਵਿੱਚ ਮਦਦ ਮਿਲੇਗੀ।
