Water in School: ਤਲਵੰਡੀ ਸਾਬੋ ‘ਚ ਨਹਿਰ ਵਿਚ ਪਿਆ ਪਾੜ, ਸਕੂਲ ਵਿਚ ਪਾਣੀ ਭਰਿਆ
Punjab News: ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਨੂੰ ਜਲਦੀ ਬੰਦ ਕਰਨ ਦੀ ਮੰਗ ਕੀਤੀ ਹੈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਨਹਿਰੀ ਪਾਣੀ ਨੂੰ ਪਿੱਛੇ ਤੋਂ ਰੋਕਿਆ ਜਾਵੇ। ਨਹਿਰੀ ਪਾਣੀ ਦੇ ਵਹਾਅ ਕਾਰਨ ਸਕੂਲ ਦੀ ਚਾਰਦੀਵਾਰੀ ਢਹਿ ਗਈ।
ਤਲਵੰਡੀ ਸਾਬੋ 'ਚ ਨਹਿਰ ਵਿਚ ਪਿਆ ਪਾੜ, ਸਕੂਲ ਵਿਚ ਪਾਣੀ ਭਰਿਆ। 20 feet breach in river of Talwandi Sabo
ਬਠਿੰਡਾ ਨਿਊਜ : ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆ ਨੇੜਿਓਂ ਲੰਘਦੀ ਕੋਟਲਾ ਰਜਵਾਹੇ ਵਿਚ ਕਰੀਬ 20 ਫੁੱਟ ਦਾ ਪਾੜ ਪੈ ਗਿਆ ਨਹਿਰ ਵਿੱਚ ਪਾੜ ਪੈਣ ਕਾਰਨ ਨੇੜਲੇ ਸਕੂਲ ਕੇਂਦਰੀ ਜਵਾਹਰ ਨਵੋਦਿਆ ਵਿਦਿਆਲਿਆ ਪਾਣੀ ਵਿੱਚ ਡੁੱਬ ਗਿਆ ਹੈ। ਜੇਕਰ ਇਸ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਪੂਰਾ ਪਿੰਡ ਪਾਣੀ ਦੀ ਮਾਰ ਹੇਠ ਆ ਸਕਦਾ ਹੈ। ਪਿੰਡ ਦੇ ਲੋਕ ਆਪਣੇ ਪੱਧਰ ਤੇ ਨਹਿਰੀ ਪਾਣੀ ਨੂੰ ਰੋਕਣ ਲਈ ਯਤਨਸ਼ੀਲ ਹਨ। ਕੋਈ ਵੀ ਪ੍ਰਸ਼ਾਸਨਿਕ ਜਾਂ ਨਹਿਰੀ ਅਧਿਕਾਰੀ ਮੌਕੇ ਤੇ ਨਾ ਪੁੱਜਣ ਕਾਰਨ ਪਿੰਡ ਵਾਸੀਆਂ ਚ ਰੋਸ ਹੈ।
ਸਕੂਲ ਵਿੱਚ ਪੜ੍ਹਾਈ ਤੇ ਪੈ ਰਿਹਾ ਅਸਰ
ਸਕੂਲ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਹੈ। ਸਕੂਲੀ ਬੱਚਿਆਂ ਨੂੰ ਹੋਸਟਲ ਤੋਂ ਬਾਹਰ ਕੱਢ ਕੇ ਕਲਾਸ ਰੂਮਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ। ਸਕੂਲ ਦੇ ਕਮਰਿਆਂ ਵਿੱਚ ਪਾਣੀ ਭਰ ਗਿਆ ਹੈ। ਤਲਵੰਡੀ ਸਾਬੋ ਕੋਲੋਂ ਲੰਘਦੀ ਕੋਟਲਾ ਬ੍ਰਾਂਚ ਪਹਿਲਾਂ ਵੀ ਸੁਰਖੀਆਂ ਵਿਚ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਬਰਸਾਤਾਂ ਵਿਚ ਤਾਂ ਰਜਵਾਹੇ ਵਿਚ ਪਾੜ ਪੈਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ । ਇਸ ਰਜਵਾਹੇ ਵਿਚ ਬਰਸਾਤਾਂ ਦੌਰਾਨ ਅਕਸਰ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉਪਰ ਚਲਾ ਜਾਂਦਾ ਹੈ ਜਿਸ ਕਾਰਨ ਇਸ ਰਜਵਾਹੇ ਦੇ ਨਾਲ ਲਗਦੇ ਪਿੰਡ ਦੇ ਲੋਕਾਂ ਦੇ ਸਾਹ ਸੂਤੇ ਜਾਂਦੇ ਹਨ।
ਕਿਸਾਨਾਂ ਦੇ ਖੇਤਾਂ ਲਈ ਜੀਵਨ ਰੇਖਾ ਦਾ ਕੰਮ ਕਰਦਾ ਹੈ ਰਜਵਾਹਾ
ਭਾਵੇਂ ਇਹ ਰਜਵਾਹਾ ਤਲਵੰਡੀ ਸਾਬੋ ਦੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਲਈ ਜੀਵਨ ਰੇਖਾ ਦਾ ਕੰਮ ਕਰਦਾ ਹੈ ਪਰ ਭਾਰੀ ਮੀਂਹ ਕਾਰਨ ਇਸ ਵਿਚ ਪਾੜ ਪੈਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦੀ ਹੈ ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਵੀ ਨਹਿਰੀ ਪਾਣੀ ਪਿੱਛੋ ਬੰਦ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਲੋਕਾਂ ਨੂੰ ਆਪ ਮੁਹਾਰੇ ਹੀ ਰਜਵਾਹੇ ਵਿਚ ਪਏ ਪਾੜ ਪੂਰਨੇ ਪੈਂਦੇ ਹਨ ਅਤੇ ਫਸਲਾਂ ਦਾ ਨੁਕਸਾਨ ਵੀ ਝੱਲਣਾ ਪੈਂਦਾ ਹੈ।