ਜਲੰਧਰ ‘ਚ ਮਾਂ ਸਾਹਮਣੇ 12 ਸਾਲਾ ਮਾਸੂਮ ਨੂੰ ਟਰੱਕ ਨੇ ਕੁਚਲਿਆ, ਮੌਕੇ ‘ਤੇ ਹੋਈ ਮੌਤ; ਪੁਲਿਸ ਨੇ ਹਿਰਾਸਤ ‘ਚ ਲਿਆ ਡਰਾਈਵਰ
ਜਲੰਧਰ ਦੇ ਪਠਾਨਕੋਟ ਚੌਕ ਨੇੜੇ ਇੱਕ ਬਹੁਤ ਹੀ ਮੰਦਭਾਗਾ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਇੱਕ 12 ਸਾਲਾ ਮਾਸੂਮ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਘਟਨਾ ਪਠਾਨਕੋਟ ਚੌਕ ਸਥਿਤ ਰਣਵੀਰ ਕਲਾਸਿਕ ਪੈਲੇਸ ਦੇ ਬਿਲਕੁਲ ਸਾਹਮਣੇ ਵਾਪਰੀ। ਮ੍ਰਿਤਕ ਬੱਚੇ ਦੀ ਪਛਾਣ ਵੰਸ਼ ਵਜੋਂ ਹੋਈ ਹੈ, ਜੋ ਕਿ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀ।
ਜਲੰਧਰ ਦੇ ਪਠਾਨਕੋਟ ਚੌਕ ਨੇੜੇ ਇੱਕ ਬਹੁਤ ਹੀ ਮੰਦਭਾਗਾ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਇੱਕ 12 ਸਾਲਾ ਮਾਸੂਮ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਘਟਨਾ ਪਠਾਨਕੋਟ ਚੌਕ ਸਥਿਤ ਰਣਵੀਰ ਕਲਾਸਿਕ ਪੈਲੇਸ ਦੇ ਬਿਲਕੁਲ ਸਾਹਮਣੇ ਵਾਪਰੀ। ਮ੍ਰਿਤਕ ਬੱਚੇ ਦੀ ਪਛਾਣ ਵੰਸ਼ ਵਜੋਂ ਹੋਈ ਹੈ, ਜੋ ਕਿ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਰਿਸ਼ਤੇਦਾਰ ਦੇ ਸਮਾਗਮ ਤੋਂ ਪਰਤਦੇ ਸਮੇਂ ਵਾਪਰਿਆ ਭਾਣਾ
ਜਾਣਕਾਰੀ ਅਨੁਸਾਰ ਵੰਸ਼ ਆਪਣੀ ਮਾਂ ਨਾਲ ਸਕੂਟੀ ‘ਤੇ ਸਵਾਰ ਹੋ ਕੇ ਕਰਤਾਰਪੁਰ ਵਿਖੇ ਇੱਕ ਰਿਸ਼ਤੇਦਾਰ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਵਾਪਸ ਨਵਾਂ ਸ਼ਹਿਰ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਪਠਾਨਕੋਟ ਚੌਕ ਨੇੜੇ ਰਣਵੀਰ ਕਲਾਸਿਕ ਪੈਲੇਸ ਦੇ ਸਾਹਮਣੇ ਪਹੁੰਚੇ ਤਾਂ ਉਨ੍ਹਾਂ ਦੀ ਸਕੂਟੀ ਇੱਕ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿੱਚ ਆ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੰਸ਼ ਦੀ ਮੌਕੇ ‘ਤੇ ਹੀ ਜਾਨ ਚਲੀ ਗਈ।
ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
ਘਟਨਾ ਦੇ ਚਸ਼ਮਦੀਦ ਰਾਹੁਲ ਨਾਮਕ ਵਿਅਕਤੀ ਨੇ ਦੱਸਿਆ ਕਿ ਟਰੱਕ ਅਤੇ ਐਕਟਿਵਾ ਸਵਾਰ ਦੋਵੇਂ ਪਠਾਨਕੋਟ ਚੌਕ ਤੋਂ ਪੀ.ਏ.ਪੀ. (PAP) ਚੌਕ ਵੱਲ ਜਾ ਰਹੇ ਸਨ। ਅਚਾਨਕ ਸਕੂਟੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਸਕੂਟੀ ਸਿੱਧੀ ਟਰੱਕ ਦੇ ਟਾਇਰਾਂ ਦੇ ਹੇਠਾਂ ਆ ਗਈ। ਇਸ ਭਿਆਨਕ ਹਾਦਸੇ ਵਿੱਚ ਬੱਚੇ ਦੀ ਮੌਤ ਹੋ ਗਈ, ਜਦਕਿ ਉਸਦੀ ਮਾਂ ਵਾਲ-ਵਾਲ ਬਚ ਗਈ, ਹਾਲਾਂਕਿ ਇਸ ਘਟਨਾ ਕਾਰਨ ਉਹ ਗਹਿਰੇ ਸਦਮੇ ਵਿੱਚ ਹੈ।
ਪੁਲਿਸ ਵੱਲੋਂ ਟਰੱਕ ਜ਼ਬਤ
ਥਾਣਾ ਅੱਠ ਦੇ ਐੱਸ.ਐੱਚ.ਓ. ਸਹਿਤ ਚੌਧਰੀ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਸੀ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਡਰਾਈਵਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
