ਰੂਸ-ਯੂਕਰੇਨ ਜੰਗ ਵਿੱਚ ਜਲੰਧਰ ਦੇ ਨੌਜਵਾਨ ਦੀ ਮੌਤ: ਟ੍ਰੈਵਲ ਏਜੰਟ ਦੀ ਧੋਖਾਧੜੀ ਨਾਲ ਜ਼ਬਰਦਸਤੀ ਰੂਸੀ ਫੌਜ ਵਿੱਚ ਕੀਤਾ ਗਿਆ ਸੀ ਭਰਤੀ
Jalandhar Youth Dies in Russia Ukraine War: ਗੁਰਾਇਆ ਕਸਬੇ ਦਾ ਰਹਿਣ ਵਾਲਾ 30 ਸਾਲਾ ਮਨਦੀਪ ਕੁਮਾਰ ਕੁਝ ਸਮੇਂ ਤੋਂ ਰੂਸ ਵਿੱਚ ਰਹਿ ਰਿਹਾ ਸੀ। ਉਹ ਬਿਹਤਰ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਵਿੱਚ ਉੱਥੇ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਉਸ ਨੂੰ ਨੌਕਰੀ ਦੇ ਝੂਠੇ ਵਾਅਦੇ ਕਰਕੇ ਰੂਸ ਭੇਜਿਆ ਗਿਆ ਸੀ, ਪਰ ਉਸ ਦੇ ਪਹੁੰਚਣ 'ਤੇ ਹਾਲਾਤ ਬਦਲ ਗਏ।
ਰੂਸ-ਯੂਕਰੇਨ ਯੁੱਧ ਵਿੱਚ ਜਲੰਧਰ ਦੇ ਗੁਰਾਇਆ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਉਸ ਨੂੰ ਟਰੈਵਲ ਏਜੰਟਾਂ ਨੇ ਧੋਖਾ ਦੇ ਕੇ ਰੂਸ ਭੇਜ ਦਿੱਤਾ ਸੀ। ਜਿੱਥੇ ਉਸ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ ਸੀ। ਕਈ ਮਹੀਨਿਆਂ ਤੱਕ ਲਾਪਤਾ ਰਹਿਣ ਤੋਂ ਬਾਅਦ, ਉਸ ਦੀ ਲਾਸ਼ ਹੁਣ ਭਾਰਤ ਲਿਆਂਦੀ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਹੈ।
ਗੁਰਾਇਆ ਕਸਬੇ ਦਾ ਰਹਿਣ ਵਾਲਾ 30 ਸਾਲਾ ਮਨਦੀਪ ਕੁਮਾਰ ਕੁਝ ਸਮੇਂ ਤੋਂ ਰੂਸ ਵਿੱਚ ਰਹਿ ਰਿਹਾ ਸੀ। ਉਹ ਬਿਹਤਰ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਵਿੱਚ ਉੱਥੇ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਉਸ ਨੂੰ ਨੌਕਰੀ ਦੇ ਝੂਠੇ ਵਾਅਦੇ ਕਰਕੇ ਰੂਸ ਭੇਜਿਆ ਗਿਆ ਸੀ, ਪਰ ਉਸ ਦੇ ਪਹੁੰਚਣ ‘ਤੇ ਹਾਲਾਤ ਬਦਲ ਗਏ।
ਅਰਮੀਨੀਆ ਵਿੱਚ ਤਿੰਨ ਮਹੀਨੇ ਮਜ਼ਦੂਰੀ
ਜ਼ਿਕਰ ਯੋਗ ਹੈ ਕਿ ਮਨਦੀਪ ਕੁਮਾਰ 17 ਸਤੰਬਰ, 2023 ਨੂੰ ਇੱਕ ਰਿਸ਼ਤੇਦਾਰ ਅਤੇ ਤਿੰਨ ਜਾਣਕਾਰਾਂ ਨਾਲ ਅਰਮੀਨੀਆ ਲਈ ਰਵਾਨਾ ਹੋਇਆ ਸੀ। ਮਨਦੀਪ ਅਤੇ ਉਸ ਦੇ ਸਾਥੀ ਅੰਮ੍ਰਿਤਸਰ ਤੋਂ ਉਡਾਣ ਰਾਹੀਂ ਅਰਮੀਨੀਆ ਪਹੁੰਚੇ। ਉਨ੍ਹਾਂ ਨੇ ਤਿੰਨ ਮਹੀਨੇ ਅਰਮੀਨੀਆ ਵਿੱਚ ਮਜ਼ਦੂਰਾਂ ਵਜੋਂ ਕੰਮ ਕੀਤਾ। ਉਹ 9 ਦਸੰਬਰ, 2023 ਨੂੰ ਰੂਸ ਪਹੁੰਚੇ। ਹਾਲਾਂਕਿ, ਮਨਦੀਪ ਕੁਮਾਰ ਰੂਸ ਵਿੱਚ ਹੀ ਰਿਹਾ, ਜਦੋਂ ਕਿ ਉਸ ਦਾ ਰਿਸ਼ਤੇਦਾਰ ਅਤੇ ਤਿੰਨ ਹੋਰ ਸਾਥੀ ਭਾਰਤ ਵਾਪਸ ਆ ਗਏ।
ਮ੍ਰਿਤਕ ਮਨਦੀਪ ਦੇ ਭਰਾ ਜਗਦੀਪ ਕੁਮਾਰ ਨੇ ਕਿਹਾ ਕਿ ਉਹ ਹੁਣ ਇਸ ਬਾਰੇ ਜਾਣਕਾਰੀ ਲੈਣਗੇ ਕਿ ਉਸ ਦੇ ਭਰਾ ਨੂੰ ਰੂਸੀ ਫੌਜ ਵਿੱਚ ਕਿਵੇਂ ਭਰਤੀ ਕੀਤਾ ਗਿਆ ਸੀ, ਕਿਉਂਕਿ ਉਹ ਦਿਵਿਆਂਗ ਸੀ ਅਤੇ ਦਿਵਿਆਂਗ ਲੋਕ ਫੌਜ ਵਿੱਚ ਸ਼ਾਮਲ ਹੋਣ ਦੇ ਯੋਗ ਨਹੀਂ ਹਨ। ਉਹ ਹੁਣ ਇਸ ਮਾਮਲੇ ਨੂੰ ਵਿਦੇਸ਼ ਮੰਤਰਾਲੇ ਅਤੇ ਰੂਸੀ ਸਰਕਾਰ ਨਾਲ ਜੋੜਨਗੇ, ਅਤੇ ਇੱਕ ਰੂਸੀ ਅਦਾਲਤ ਵਿੱਚ ਮੁਕੱਦਮਾ ਵੀ ਦਾਇਰ ਕਰਨਗੇ।
ਭਰਾ ਨੇ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ
ਮਨਦੀਪ ਦੇ ਲਾਪਤਾ ਹੋਣ ਤੋਂ ਬਾਅਦ, ਉਸਦੇ ਭਰਾ ਜਗਦੀਪ ਨੇ ਉਸ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਜਗਦੀਪ ਨੇ ਰੂਸ ਦੀ ਯਾਤਰਾ ਵੀ ਕੀਤੀ ਅਤੇ ਉੱਥੋਂ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਸ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਉਮੀਦ ਵਿੱਚ ਮਨਦੀਪ ਦਾ ਮਾਮਲਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲ ਵੀ ਉਠਾਇਆ। ਹਾਲਾਂਕਿ, ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਪਰਿਵਾਰ ਨੂੰ ਕੋਈ ਠੋਸ ਜਾਣਕਾਰੀ ਨਹੀਂ ਮਿਲ ਸਕੀ।
ਇਹ ਵੀ ਪੜ੍ਹੋ
ਮਨਦੀਪ ਦੀ ਮੌਤ ਤੋਂ ਬਾਅਦ ਪਰਿਵਾਰ ‘ਚ ਸੋਗ
ਹੁਣ, ਰੂਸੀ ਫੌਜ ਵਿੱਚ ਮਨਦੀਪ ਦੀ ਮੌਤ ਦੀ ਪੁਸ਼ਟੀ ਹੋਣ ਨਾਲ, ਪਰਿਵਾਰ ਡੂੰਘੇ ਸੋਗ ਵਿੱਚ ਹੈ। ਮਨਦੀਪ ਦੀ ਲਾਸ਼ ਨੂੰ ਰੂਸ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ। ਪਹੁੰਚਣ ‘ਤੇ, ਪਰਿਵਾਰਕ ਮੈਂਬਰ ਲਾਸ਼ ਲੈਣ ਲਈ ਹਵਾਈ ਅੱਡੇ ‘ਤੇ ਮੌਜੂਦ ਸਨ।
ਮਨਦੀਪ ਦੇ ਭਰਾ ਜਗਦੀਪ ਨੇ ਕਿਹਾ ਕਿ ਮਨਦੀਪ ਕਈ ਮਹੀਨਿਆਂ ਤੋਂ ਲਾਪਤਾ ਸੀ ਅਤੇ ਪਰਿਵਾਰ ਹਰ ਰੋਜ਼ ਉਸ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਸੀ। ਉਨ੍ਹਾਂ ਕਿਹਾ ਕਿ ਭਾਵੇਂ ਹੁਣ ਲਾਸ਼ ਮਿਲਣ ਨਾਲ ਸੱਚਾਈ ਸਾਹਮਣੇ ਆ ਗਈ ਹੈ, ਪਰ ਇਹ ਪਰਿਵਾਰ ਲਈ ਬਹੁਤ ਦੁਖਦਾਈ ਪਲ ਹੈ। ਪਰਿਵਾਰ ਜਲਦੀ ਹੀ ਮਨਦੀਪ ਦੀ ਲਾਸ਼ ਨੂੰ ਜਲੰਧਰ ਲੈ ਕੇ ਆਵੇਗਾ। ਜਿੱਥੇ ਉਸ ਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।
