ਕੈਨੇਡਾ ‘ਚ ਮੋਗਾ ਦੇ ਨੌਜਵਾਨ ਦੀ ਮੌਤ ਤਾਂ ਸ਼ੱਕੀ ਹਾਲਤ ਵਿੱਚ ਮਿਲੀਆਂ ਜਗਰਾਓਂ ਦੇ ਕਪਲ ਦੀਆਂ ਲਾਸ਼ਾਂ, ਜਾਂਚ ਜਾਰੀ
Canada News: ਕੈਨੇਡਾ ਤੋਂ ਪੰਜਾਬ ਲਈ ਦੋ ਮੰਦਭਾਗੀਆਂ ਖਬਰਾਂ ਆਈਆਂ ਹਨ। ਇੱਕ ਪਾਸੇ ਜਿੱਥੇ ਮੋਗਾ ਦੇ 25 ਸਾਲਾ ਨੌਜਵਾਨ ਸੁਖਜਿੰਦਰ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਤਾਂ ਉੱਥੇ ਹੀ ਇੱਕ ਪੰਜਾਬੀ ਜੋੜੇ ਦੀਆਂ ਲਾਸ਼ਾਂ ਵੀ ਸ਼ੱਕੀ ਹਾਲਤ ਵਿੱਚ ਮਿਲੀਆਂ ਹਨ। ਇਨ੍ਹਾਂ ਤਿੰਨਾਂ ਦੀ ਮੌਤ ਦੀ ਖ਼ਬਰ ਜਦੋਂ ਪੰਜਾਬ ਵਿੱਚ ਉਨ੍ਹਾਂ ਦੇ ਘਰਾਂ ਵਿੱਚ ਪਹੁੰਚੀ ਤਾਂ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਕੈਨੇਡਾ ਤੋਂ ਆਈਆਂ ਮੰਦਭਾਗੀਆਂ ਖਬਰਾਂ
ਮੋਗਾ ਦੇ ਪਿੰਡ ਤੱਖਣਬੱਧ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਸੁਖਜਿੰਦਰ ਸਿੰਘ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ। ਸੁਖਜਿੰਦਰ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ। ਤਿੰਨ ਦਿਨ ਪਹਿਲਾਂ ਹੀ ਉਸਨੂੰ ਵਰਕ ਪਰਮਿਟ ਮਿਲਿਆ ਸੀ ਅਤੇ 5 ਫਰਵਰੀ ਨੂੰ ਉਹ ਘਰ ਵਾਪਸ ਆਉਣ ਵਾਲਾ ਸੀ। ਉਸਦਾ ਪਰਿਵਾਰ ਵਰਕ ਪਰਮਿਟ ਮਿਲਣ ਦਾ ਜਸ਼ਨ ਮਨਾ ਰਿਹਾ ਸੀ। ਸੁਖਜਿੰਦਰ ਨੇ ਆਪਣੀ ਮਾਂ ਨੂੰ ਫ਼ੋਨ ‘ਤੇ ਦੱਸਿਆ ਸੀ ਕਿ ਉਹ 5 ਫਰਵਰੀ ਨੂੰ ਇੰਡੀਆ ਆ ਕੇ ਪਰਿਵਾਰ ਨੂੰ ਸਰਪ੍ਰਾਈਜ ਦੇਵੇਗਾ, ਪਰ ਅਚਾਨਕ ਆਈ ਖ਼ਬਰ ਨੇ ਇਸ ਖੁਸ਼ੀ ਨੂੰ ਸੋਗ ਵਿੱਚ ਬਦਲ ਦਿੱਤਾ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ, ਸੁਖਜਿੰਦਰ ਦੇ ਪਿਤਾ ਸਾਬਕਾ ਫੌਜੀ ਹਨ। ਉਨ੍ਹਾਂ ਨੇ ਆਪਣੇ ਦੋਵਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੁਆਈ। ਨੌਕਰੀ ਨਾ ਮਿਲਣ ‘ਤੇ, ਸੁਖਜਿੰਦਰ ਅਤੇ ਉਸਦੇ ਵੱਡੇ ਭਰਾ ਨੇ ਇੱਕ ਡੇਅਰੀ ਫਾਰਮ ਸ਼ੁਰੂ ਕੀਤਾ। ਸੁਖਜਿੰਦਰ ਨੇ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਜਾਣ ਦਾ ਫੈਸਲਾ ਕੀਤਾ। ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਘਟਨਾ ਨੇ ਨਾ ਸਿਰਫ਼ ਪਰਿਵਾਰ ਸਗੋਂ ਪੂਰੇ ਪਿੰਡ ਨੂੰ ਸਦਮੇ ਵਿੱਚ ਪਾ ਦਿੱਤਾ ਹੈ।
ਕੈਲਗਰੀ ਵਿੱਚ ਪੰਜਾਬੀ ਜੋੜੇ ਦੀਆਂ ਮਿਲੀਆਂ ਲਾਸ਼ਾਂ
ਕੈਨੇਡਾ ਦੇ ਕੈਲਗਰੀ ਵਿੱਚ ਇੱਕ ਪੰਜਾਬੀ ਜੋੜੇ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਉੱਤਰ-ਪੂਰਬੀ ਕੈਲਗਰੀ ਦੇ ਰੈੱਡਸਟੋਨ ਖੇਤਰ ਵਿੱਚ ਰਹਿਣ ਵਾਲੇ ਏਕਮਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ, ਜੈਸਮੀਨ ਕੌਰ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕ ਜੋੜਾ, ਮੂਲ ਰੂਪ ਵਿੱਚ ਪੰਜਾਬ ਦੇ ਜਗਰਾਉਂ ਖੇਤਰ ਦੇ ਚੌਕੀਮਾਨ ਪਿੰਡ ਦਾ ਰਹਿਣ ਵਾਲਾ ਸੀ ਅਤੇ ਇਸ ਵੇਲ੍ਹੇ ਉਹ ਕੈਨੇਡਾ ਦੇ ਰੈੱਡਸਟੋਨ ਨੇੜੇ ਰਹਿ ਰਹੇ ਸਨ। ਇਸ ਘਟਨਾ ਨਾਲ ਸਥਾਨਕ ਪੰਜਾਬੀ ਭਾਈਚਾਰੇ ਵਿੱਚ ਸੌਗ ਦੀ ਲਹਿਰ ਦੌੜ ਗਈ ਹੈ।
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ
ਕੈਲਗਰੀ ਪੁਲਿਸ ਸਰਵਿਸ ਨੇ ਮਾਮਲੇ ਨੂੰ ਸ਼ੱਕੀ ਕਰਾਰ ਦਿੰਦਿਆ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਣਕਾਰੀ ਦੇ ਆਧਾਰ ‘ਤੇ, ਪੁਲਿਸ ਸੰਭਾਵਿਤ ਅਪਰਾਧਿਕ ਪਹਿਲੂ ਤੋਂ ਇਨਕਾਰ ਨਹੀਂ ਕਰ ਰਹੀ ਹੈ ਅਤੇ ਇੱਕ ਆਰੋਪੀ ਨੂੰ ਹਿਰਾਸਤ ਵਿੱਚ ਵੀ ਲਿਆ ਹੈ ਪੁਲਿਸ ਦੀ ਮੰਨੀਏ ਤਾਂ ਦੋਵਾਂ ਨੂੰ ਗੋਲੀ ਮਾਰੀ ਗਈ ਹੈ।, ਹਾਲਾਂਕਿ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਗੁਆਂਢੀਆਂ ਅਤੇ ਸਥਾਨਕ ਨਿਵਾਸੀਆਂ ਨੇ ਇਸ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਇਸਨੂੰ ਬਹੁਤ ਹੀ ਹੈਰਾਨ ਕਰਨ ਵਾਲਾ ਦੱਸਿਆ ਹੈ। ਕੈਲਗਰੀ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਵੀ ਜਾਣਕਾਰੀ ਹੈ ਤਾਂ ਉਹ ਉਨ੍ਹਾਂ ਨਾਲ 403-266-1234 ‘ਤੇ ਸੰਪਰਕ ਕਰਨ। ਜਿਹੜੇ ਲੋਕ ਆਪਣਾ ਨਾਮ ਗੁਪਤ ਰੱਖਣਾ ਚਾਹੁੰਦੇ ਹਨ, ਉਹ ਕ੍ਰਾਈਮ ਸਟਾਪਰਜ਼ ਨੂੰ 1-800-222-8477 ‘ਤੇ ਜਾਣਕਾਰੀ ਦੇ ਸਕਦੇ ਹਨ।
