HM-CM Got Threat: ਖਾਲਿਸਤਾਨੀ ਸਮਰਥਕ ਪੰਨੂ ਨੇ ਅਮਿਤ ਸ਼ਾਹ ਅਤੇ ਭਗਵੰਤ ਮਾਨ ਨੂੰ ਦਿੱਤੀ ਧਮਕੀ
Khalasitani supporter : ਪੰਨੂ ਨੇ ਸੂਬੇ ਦੇ ਨੌਜਵਾਨਾਂ ਨੂੰ 15 ਅਤੇ 16 ਮਾਰਚ ਨੂੰ ਜੀ-20 ਵਿੱਚ ਸ਼ਾਮਿਲ ਹੋਣ ਵਾਲੇ ਡੈਲੀਗੇਟਾਂ ਤੱਕ ਖਾਲਿਸਤਾਨ ਦਾ ਸੁਨੇਹਾ ਪਹੁੰਚਾਉਣ ਲਈ ਇਕੱਠੇ ਹੋਣ ਲਈ ਵੀ ਕਿਹਾ ਹੈ।
ਪੰਜਾਬ ਨਿਊਜ: ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਅੱਪਲੋਡ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀਆਂ ਦਿੱਤੀਆਂ ਹਨ। ਪੰਨੂ ਨੇ ਸ਼ਨੀਵਾਰ ਸਵੇਰੇ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ਤੇ ਜੀ-20 ਦੇਸ਼ਾਂ ਦੇ ਨੁਮਾਇੰਦਿਆਂ ਦਾ ਸਵਾਗਤ ਕਰਨ ਲਈ ਰੱਖੇ ਗਏ ਪ੍ਰੋਗਰਾਮ ਵਿੱਚ ਖਾਲਿਸਤਾਨ ਦੀ ਹਮਾਇਤ ਵਾਲੇ ਨਾਅਰੇ ਵੀ ਲਿਖਵਾਏ।
ਪੰਜਾਬ ਦੇ ਨੌਜਵਾਨਾਂ ਨੂੰ ਇਕੱਠੇ ਹੋਣ ਲਈ ਕਿਹਾ
ਜਾਰੀ ਕੀਤੀ ਵੀਡੀਓ ਵਿਚ ਗੁਰਪਤਵੰਤ ਪੰਨੂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੇ ਪੰਜਾਬ ਦੇ ਸੈਂਕੜੇ ਘਰਾਂ ਵਿੱਚ ਪੁਲਿਸ ਭੇਜੀ ਅਤੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ। ਔਰਤਾਂ ਨਾਲ ਬਦਸਲੂਕੀ ਕੀਤੀ ਗਈ। ਉਸ ਨੇ ਕਿਹਾ ਕਿ ਹੁਣ ਪੰਜਾਬ ਦਾ ਹਰ ਘਰ ਬਾਰੂਦ ਬਣ ਗਿਆ ਹੈ। ਇਹ ਬਾਰੂਦ ਉਦੋਂ ਹੀ ਫਟਣਗੇ ਜਦੋਂ ਉਹ ਚਾਹੇਗਾ। ਇਸ ਵਿੱਚ ਗ੍ਰਹਿ ਮੰਤਰੀ ਸ਼ਾਹ ਅਤੇ ਸੀਐਮ ਮਾਨ ਦੀ ਸਿਆਸੀ ਮੌਤ ਹੋਵੇਗੀ। ਪੰਨੂ ਨੇ ਕਿਹਾ ਕਿ ਸ਼ੰਭੂ ਸਰਹੱਦ ‘ਤੇ ਲਿਖਿਆ ਨਾਅਰਾ ਭਾਰਤ ਲਈ ਸੰਦੇਸ਼ ਹੈ। ਹੁਣ ਪੰਜਾਬ ਅਤੇ ਹਰਿਆਣਾ ਭਾਰਤ ਦਾ ਨਹੀਂ, ਖਾਲਿਸਤਾਨ ਦਾ ਹਿੱਸਾ ਹਨ। ਪੰਨੂ ਨੇ ਸੂਬੇ ਦੇ ਨੌਜਵਾਨਾਂ ਨੂੰ 15 ਅਤੇ 16 ਮਾਰਚ ਨੂੰ ਜੀ-20 ਵਿੱਚ ਹੋਣ ਵਾਲੀ ਡੈਲੀਗੇਟਾਂ ਦੀ ਮੀਟਿੰਗ ਵਿੱਚ ਖਾਲਿਸਤਾਨ ਦਾ ਸੁਨੇਹਾ ਪਹੁੰਚਾਉਣ ਲਈ ਵੀ ਕਿਹਾ ਹੈ।
ਸੁਰੱਖਿਆ ਬਲਾਂ ਨੇ ਪੰਜਾਬ ਵਿੱਚ ਸੰਭਾਲਿਆ ਮੋਰਚਾ
ਪੰਨੂ ਦੀ ਧਮਕੀ ਤੋਂ ਪਹਿਲਾਂ ਹੀ ਪੰਜਾਬ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਸੁਰੱਖਿਆ ਦੇ ਮੱਦੇਨਜ਼ਰ ਬੀਤੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਮੁਲਾਕਾਤ ਵਿਚ ਸਰਹੱਦ ਪ੍ਰਬੰਧਨ ਸੇਵਾਵਾਂ ਨੂੰ ਵਧਾਉਣ ਲਈ ਰਾਸ਼ਟਰੀ ਸੁਰੱਖਿਆ ਅਤੇ ਤਕਨਾਲੋਜੀ ਐਕਟ ਬਾਰੇ ਚਰਚਾ ਅਤੇ ਬੁਨਿਆਦੀ ਢਾਂਚੇ ਦੇ ਮੁੱਦਿਆਂ ਸਮੇਤ ਹੋਰ ਮਾਮਲਿਆਂ ‘ਤੇ ਚਰਚਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਸੁਰੱਖਿਆ ਬਲਾਂ ਦੀਆਂ 10 ਹੋਰ ਕੰਪਨੀਆਂ ਮੁਹੱਈਆ ਕਰਵਾਈਆਂ ਜਾਣਗੀਆਂ।ਮੀਟਿੰਗ ਵਿਚ ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਜਿਸ ਤੋਂ ਬਾਅਦ 17 ਮਾਰਚ ਤੱਕ ਪੰਜਾਬ ਵਿੱਚ ਕੇਂਦਰੀ ਹਥਿਆਰ ਬੰਦ ਬਲ ਤਾਇਨਾਤ ਹੋ ਜਾਣਗੇ।
ਮੁੱਖ ਮੰਤਰੀ ਨੂੰ ਪਹਿਲਾਂ ਵੀ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਬੀਤੇ ਸਮੇਂ ਅੰਦਰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ 26 ਜਨਵਰੀ 2023 ਨੂੰ ਵੀ ਗਣਤੰਤਰ ਦਿਵਸ ਤੋਂ ਐਨ ਪਹਿਲਾਂ ਬਠਿੰਡਾ ਵਿਚ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ ਅਤੇ ਪੰਨੂ ਵੱਲੋਂ ਮੁੱਖ ਮੰਤਰੀ ਨੂੰ ਮਾਰਨ ਦੀ ਦਿੱਤੀ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਪੰਨੂ ਨੇ ਬਠਿੰਡਾ ਦੇ ਲੋਕਾਂ ਨੂੰ ਵੀ ਗਣਤੰਤਰ ਦਿਵਸ ਮੌਕੇ ਸਟੇਡੀਅਮ ਨਾ ਜਾਣ ਦੀ ਗੱਲ ਕਹੀ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ