ਭਾਰਤੀ ਚੋਣਾਂ ਦੀ ਤਰਜ਼ ‘ਤੇ ਬੰਗਲਾਦੇਸ਼ ‘ਚ ਪ੍ਰਚਾਰ, ਖਾਲਿਦਾ ਜ਼ੀਆ ਦੇ ਬੇਟੇ ਤਾਰਿਕ ਰਹਿਮਾਨ ਨੇ ਵੀ ਖੋਲ੍ਹੇ ‘ਮੁਫ਼ਤ’ ਵਾਅਦਿਆਂ ਦੇ ਪਿਟਾਰੇ

Updated On: 

30 Jan 2026 22:59 PM IST

ਬੰਗਲਾਦੇਸ਼ ਵਿੱਚ 12 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਪ੍ਰਚਾਰ ਮੁਹਿੰਮ ਤੇਜ਼ ਹੋ ਗਈ ਹੈ। 17 ਸਾਲਾਂ ਦੇ ਲੰਬੇ ਦੇਸ਼ ਨਿਕਾਲੇ ਤੋਂ ਬਾਅਦ ਵਾਪਸ ਪਰਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੇ ਬੇਟੇ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਚੇਅਰਪਰਸਨ ਤਾਰਿਕ ਰਹਿਮਾਨ ਚੋਣ ਮੈਦਾਨ ਵਿੱਚ ਪੂਰੀ ਤਾਕਤ ਝੋਕ ਰਹੇ ਹਨ।

ਭਾਰਤੀ ਚੋਣਾਂ ਦੀ ਤਰਜ਼ ਤੇ ਬੰਗਲਾਦੇਸ਼ ਚ ਪ੍ਰਚਾਰ, ਖਾਲਿਦਾ ਜ਼ੀਆ ਦੇ ਬੇਟੇ ਤਾਰਿਕ ਰਹਿਮਾਨ ਨੇ ਵੀ ਖੋਲ੍ਹੇ ਮੁਫ਼ਤ ਵਾਅਦਿਆਂ ਦੇ ਪਿਟਾਰੇ

ਭਾਰਤ ਵਾਂਗ ਬੰਗਲਾਦੇਸ਼ ਚੋਣ ਪ੍ਰਚਾਰ, ਤਾਰਿਕ ਰਹਿਮਾਨ ਦੇ ਮੁਫ਼ਤ ਵਾਅਦੇ

Follow Us On

ਬੰਗਲਾਦੇਸ਼ ਵਿੱਚ 12 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਪ੍ਰਚਾਰ ਮੁਹਿੰਮ ਤੇਜ਼ ਹੋ ਗਈ ਹੈ। 17 ਸਾਲਾਂ ਦੇ ਲੰਬੇ ਦੇਸ਼ ਨਿਕਾਲੇ ਤੋਂ ਬਾਅਦ ਵਾਪਸ ਪਰਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੇ ਬੇਟੇ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਚੇਅਰਪਰਸਨ ਤਾਰਿਕ ਰਹਿਮਾਨ ਚੋਣ ਮੈਦਾਨ ਵਿੱਚ ਪੂਰੀ ਤਾਕਤ ਝੋਕ ਰਹੇ ਹਨ।

ਚੋਣ ਪ੍ਰਚਾਰ ਦੌਰਾਨ ਰਹਿਮਾਨ ਨੇ ਵੋਟਰਾਂ ਨਾਲ ਕਈ ਵੱਡੇ ਵਾਅਦੇ ਕੀਤੇ ਹਨ, ਜਿਸ ਵਿੱਚ ਕਿਸਾਨਾਂ ਦੀ ਕਰਜ਼ਾ ਮੁਆਫੀ ਤੋਂ ਲੈ ਕੇ ਪਦਮਾ ਬੈਰਾਜ ਦੀ ਉਸਾਰੀ, ਰੁਜ਼ਗਾਰ ਅਤੇ ਸੁਰੱਖਿਆ ਸ਼ਾਮਲ ਹੈ। ਵਿਦੇਸ਼ ਨੀਤੀ ‘ਤੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਬੀ.ਐੱਨ.ਪੀ. ਦੀ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਦੀ ਪਹਿਲ ਨਾ ਤਾਂ ਦਿੱਲੀ ਹੋਵੇਗੀ ਅਤੇ ਨਾ ਹੀ ਰਾਵਲਪਿੰਡੀ, ਸਗੋਂ ਸਿਰਫ਼ ਬੰਗਲਾਦੇਸ਼ ਅਤੇ ਇੱਥੋਂ ਦੇ ਲੋਕ ਹੋਣਗੇ।

ਕਿਸਾਨਾਂ ਲਈ ਕਰਜ਼ਾ ਮੁਆਫੀ ਅਤੇ ਪਦਮਾ ਬੈਰਾਜ ਦਾ ਵਾਅਦਾ

ਤਾਰਿਕ ਰਹਿਮਾਨ ਨੇ ਐਲਾਨ ਕੀਤਾ ਕਿ ਜੇਕਰ ਬੀ.ਐੱਨ.ਪੀ. ਸੱਤਾ ਵਿੱਚ ਆਉਂਦੀ ਹੈ, ਤਾਂ ਰਾਜਸ਼ਾਹੀ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ 10 ਹਜ਼ਾਰ ਰੁਪਏ ਤੱਕ ਦੇ ਖੇਤੀ ਕਰਜ਼ੇ ਵਿਆਜ ਸਮੇਤ ਮੁਆਫ ਕੀਤੇ ਜਾਣਗੇ। ਉਨ੍ਹਾਂ ਕਿਹਾ, “ਅਸੀਂ ਸਾਰੇ ਹਿਸਾਬ-ਕਿਤਾਬ ਦੀ ਜਾਂਚ ਕਰ ਲਈ ਹੈ। ਜੇਕਰ ਅਸੀਂ ਜਿੱਤਦੇ ਹਾਂ, ਤਾਂ 10 ਹਜ਼ਾਰ ਤੱਕ ਦੇ ਖੇਤੀ ਕਰਜ਼ੇ ਤੁਰੰਤ ਮੁਆਫ ਕਰ ਦਿੱਤੇ ਜਾਣਗੇ।” ਇਸ ਦੇ ਨਾਲ ਹੀ ਉਨ੍ਹਾਂ ਨੇ ਪਦਮਾ ਬੈਰਾਜ ਬਣਾਉਣ ਦਾ ਕੰਮ ਸ਼ੁਰੂ ਕਰਨ ਦਾ ਵੀ ਭਰੋਸਾ ਦਿੱਤਾ, ਜਿਸ ਨਾਲ ਇਲਾਕੇ ਦੇ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ।

ਕੋਲਡ ਸਟੋਰੇਜ, ਆਈਟੀ ਪਾਰਕ ਅਤੇ ਰੁਜ਼ਗਾਰ

ਬੀ.ਐੱਨ.ਪੀ. ਦੇ ਚੋਣ ਮੈਨੀਫੈਸਟੋ ਵਿੱਚ ਕੋਲਡ ਸਟੋਰੇਜ ਬਣਾਉਣ, ਬਾਰਿੰਦ ਮਲਟੀਪਰਪਜ਼ ਡਿਵੈਲਪਮੈਂਟ ਅਥਾਰਟੀ ਅਤੇ ਆਈ.ਟੀ. ਪਾਰਕਾਂ ਨੂੰ ਮੁੜ ਸੁਰਜੀਤ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਰਹਿਮਾਨ ਨੇ ਕਿਹਾ ਕਿ ਪਿਛਲੇ 16 ਸਾਲਾਂ ਵਿੱਚ ਬਾਰਿੰਦ ਪ੍ਰੋਜੈਕਟ ਵਰਗੀਆਂ ਵੱਡੀਆਂ ਯੋਜਨਾਵਾਂ ‘ਤੇ ਕੋਈ ਅਸਲੀ ਕੰਮ ਨਹੀਂ ਹੋਇਆ।

ਉਨ੍ਹਾਂ ਰਾਜਸ਼ਾਹੀ ਅਤੇ ਚਪੈਨਵਾਬਗੰਜ ਵਿੱਚ ਅੰਬਾਂ ਲਈ ਵਿਸ਼ੇਸ਼ ਕੋਲਡ ਸਟੋਰੇਜ ਬਣਾਉਣ ਦਾ ਵਾਅਦਾ ਕੀਤਾ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਦੇ ਬਿਹਤਰ ਭਾਅ ਮਿਲ ਸਕਣ। ਰੁਜ਼ਗਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬੰਦ ਪਏ ਆਈ.ਟੀ. ਪਾਰਕਾਂ ਨੂੰ ਚਾਲੂ ਕਰਕੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਦਿੱਤੀ ਜਾਵੇਗੀ ਅਤੇ ਖੇਤੀ ਅਧਾਰਿਤ ਉਦਯੋਗਾਂ ਨੂੰ ਹੁਲਾਰਾ ਦਿੱਤਾ ਜਾਵੇਗਾ।

ਜਵਾਬਦੇਹ ਸ਼ਾਸਨ ਅਤੇ ਲੋਕਤੰਤਰ ਦੀ ਬਹਾਲੀ

12 ਫਰਵਰੀ ਦੀਆਂ ਚੋਣਾਂ ਨੂੰ ਦੇਸ਼ ਲਈ ਨਿਰਣਾਇਕ ਦੱਸਦਿਆਂ ਤਾਰਿਕ ਰਹਿਮਾਨ ਨੇ ਕਿਹਾ ਕਿ ਇਹ ਦਿਨ ਤੈਅ ਕਰੇਗਾ ਕਿ ਬੰਗਲਾਦੇਸ਼ ਲੋਕਤੰਤਰ ਵੱਲ ਵਧੇਗਾ ਜਾਂ ਕਿਸੇ ਹੋਰ ਦਿਸ਼ਾ ਵਿੱਚ। ਉਨ੍ਹਾਂ ਕਿਹਾ ਕਿ ਅਕਾਊਂਟੇਬਲ ਗਵਰਨੈਂਸ (ਜਵਾਬਦੇਹ ਸ਼ਾਸਨ) ਉਦੋਂ ਹੀ ਸੰਭਵ ਹੈ ਜਦੋਂ ਲੋਕਤੰਤਰ ਦੀ ਨੀਂਹ ਮਜ਼ਬੂਤ ਹੋਵੇ। ਉਨ੍ਹਾਂ ਪਿਛਲੀ ਸਰਕਾਰ ‘ਤੇ ਭ੍ਰਿਸ਼ਟਾਚਾਰ, ਜ਼ੁਲਮ ਅਤੇ ਕਤਲਾਂ ਦੇ ਗੰਭੀਰ ਦੋਸ਼ ਲਾਏ। ਹਾਲ ਹੀ ਦੀ ਸਿਆਸੀ ਹਿੰਸਾ ‘ਤੇ ਉਨ੍ਹਾਂ ਅੰਤਰਿਮ ਸਰਕਾਰ ਨੂੰ ਨਿਰਪੱਖ ਜਾਂਚ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਜਾਂਚ ਵਿੱਚ ਬੀ.ਐੱਨ.ਪੀ. ਦਾ ਕੋਈ ਰੋਲ ਮਿਲਦਾ ਹੈ, ਤਾਂ ਉਹ ਕਾਨੂੰਨ ਮੁਤਾਬਕ ਪੂਰਾ ਸਹਿਯੋਗ ਕਰਨਗੇ।

ਹਿੰਸਾ ਦੇ ਪਰਛਾਵੇਂ ਹੇਠ ਚੋਣਾਂ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ ਵਿੱਚ ਸ਼ੇਖ ਹਸੀਨਾ ਸਰਕਾਰ ਵਿਰੁੱਧ ਹੋਏ ਹਿੰਸਕ ਵਿਦਿਆਰਥੀ ਅੰਦੋਲਨ ਤੋਂ ਬਾਅਦ ਹਸੀਨਾ ਨੂੰ ਦੇਸ਼ ਛੱਡਣਾ ਪਿਆ ਸੀ। ਫਿਲਹਾਲ ਮੁਹੰਮਦ ਯੂਨਸ ਦੀ ਅਗਵਾਈ ਵਿੱਚ ਅੰਤਰਿਮ ਸਰਕਾਰ ਚੱਲ ਰਹੀ ਹੈ, ਪਰ ਹਿੰਸਾ ਅਤੇ ਘੱਟ ਗਿਣਤੀਆਂ ‘ਤੇ ਹਮਲੇ ਜਾਰੀ ਹਨ।

ਸ਼ੇਖ ਹਸੀਨਾ ਦੀ ਪਾਰਟੀ ‘ਅਵਾਮੀ ਲੀਗ’ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਕਾਰਨ ਉਹ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕ ਰਹੀ। ਸ਼ੇਖ ਹਸੀਨਾ ਸਮੇਤ ਕਈ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਹੌਲ ਵਿੱਚ ਬੀ.ਐੱਨ.ਪੀ., ਜਮਾਤ-ਏ-ਇਸਲਾਮੀ ਅਤੇ ਐੱਨ.ਸੀ.ਪੀ. ਮੈਦਾਨ ਵਿੱਚ ਹਨ, ਪਰ ਬੀ.ਐੱਨ.ਪੀ. ਦੀ ਸਥਿਤੀ ਸਭ ਤੋਂ ਮਜ਼ਬੂਤ ਮੰਨੀ ਜਾ ਰਹੀ ਹੈ।

ਤਾਰਿਕ ਰਹਿਮਾਨ ਨੇ ਵੋਟਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੁਝ ਪਾਰਟੀਆਂ ਚੋਰੀ-ਛਿਪੇ ਉਨ੍ਹਾਂ ਲੋਕਾਂ ਨਾਲ ਜੁੜੀਆਂ ਹੋਈਆਂ ਹਨ ਜੋ ਦੇਸ਼ ਛੱਡ ਕੇ ਭੱਜ ਗਏ ਹਨ। ਉਨ੍ਹਾਂ 2008 ਦੀਆਂ ਚੋਣਾਂ ਦਾ ਹਵਾਲਾ ਦਿੰਦਿਆਂ ਵੋਟਰਾਂ ਨੂੰ ਬੈਲਟ ਬਾਕਸਾਂ ਦੀ ਰਾਖੀ ਕਰਨ ਦੀ ਅਪੀਲ ਕੀਤੀ ਤਾਂ ਜੋ ਕੋਈ ਵੀ ਉਨ੍ਹਾਂ ਦੀ ਵੋਟ ਨਾਲ ਹੇਰਾਫੇਰੀ ਨਾ ਕਰ ਸਕੇ।