ਲੋਕ ਸਭਾ ‘ਚ ਮੁੜ ਹੰਗਾਮਾ, ਕਾਂਗਰਸ ਦੇ ਅਧੀਰ ਰੰਜਨ ਚੌਧਰੀ ਸਮੇਤ 33 ਹੋਰ ਸੰਸਦ ਮੈਂਬਰ ਮੁਅੱਤਲ
ਅੱਜ ਵੀ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਗਿਆ। ਜਿਸ ਤੋਂ ਬਾਅਦ ਸਦਨ 'ਚ ਹੰਗਾਮਾ ਕਰਨ ਵਾਲੇ 34 ਹੋਰ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 13 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਸੋਮਵਾਰ ਨੂੰ ਵੀ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਹੰਗਾਮਾ ਹੋਇਆ। ਹੰਗਾਮੇ ਦੇ ਮੱਦੇਨਜ਼ਰ ਲੋਕ ਸਭਾ ਸਪੀਕਰ ਨੇ 33 ਹੋਰ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸਦਨ ‘ਚ ਲਗਾਤਾਰ ਹੰਗਾਮਾ ਕਰਨ ਅਤੇ ਚੇਅਰ ਦੀ ਗੱਲ ਨਾ ਮੰਨਣ ‘ਤੇ ਸੰਸਦ ਮੈਂਬਰਾਂ ‘ਤੇ ਮੁਅੱਤਲੀ ਦੀ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਸਪੀਕਰ ਨੇ ਵਿਰੋਧੀ ਧਿਰ ਦੇ 13 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਸੀ।
ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਦਾ ਨਾਂ ਵੀ ਉਨ੍ਹਾਂ ਸੰਸਦ ਮੈਂਬਰਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਸਪੀਕਰ ਵੱਲੋਂ ਮੁਅੱਤਲ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਕਾਂਗਰਸ ਅਤੇ ਟੀਐਮਸੀ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹਨ। ਦਯਾਨਿਧੀ ਮਾਰਨ ਅਤੇ ਸੌਗਤਾ ਰਾਏ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਅੱਜ ਮੁਅੱਤਲ ਕੀਤੇ ਕਈ ਸੰਸਦ ਮੈਂਬਰਾਂ ਦੇ ਨਾਂ ਵੀ ਸਾਹਮਣੇ ਆ ਚੁੱਕੇ ਹਨ।
ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਦੇ ਨਾਂ –
ਕਲਿਆਣ ਬੈਨਰਜੀ, ਏ ਰਾਜਾ, ਦਯਾਨਿਧੀ ਮਾਰਨ, ਅਰੂਪ ਪੋਦਾਰ, ਪ੍ਰਸੂਨ ਬੈਨਰਜੀ, ਈਟੀ ਮੁਹੰਮਦ ਬਸ਼ੀਰ, ਜੀ ਸੇਲਵਲਮ, ਅੰਨਾਦੁਰਾਈ ਟੀ ਸੁਮਤੀ, ਅਧੀਰ ਰੰਜਨ ਚੌਧਰੀ, ਕੇ ਨਵਸਕਾਮੀ, ਕੇ ਰਵੀਰਸਵਾਮੀ, ਪ੍ਰੇਮ ਚੰਦਰਨ, ਸ਼ਤਾਬਦੀ ਰਾਏ, ਸੌਗਾਤਾ ਰਾਏ, ਅਸਿਤ ਕੁਮਾਰ, ਕੌਸ਼ਲੇਂਦਰ ਕੁਮਾਰ, ਐਂਟਨੀ ਐਂਟਨੀ ਪੱਲੀ, ਮਾਨਿਕਲਮ ਪ੍ਰਤਿਭਾ ਮੰਡਲ ਕਾਕੋਲੀ ਘੋਸ਼, ਸੁਨੀਲ ਮੰਡਲ, ਕੇ ਮੁਰਲੀਧਰਨ, ਅਮਰ ਸਿੰਘ ਸਮੇਤ ਹੋਰ ਕਈ ਐਮਪੀ ਸ਼ਾਮਲ ਹਨ।
ਦਰਅਸਲ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰ ਸੰਸਦ ਦੀ ਸੁਰੱਖਿਆ ‘ਚ ਹੋਈ ਉਲੰਘਣਾ ਦਾ ਵਿਰੋਧ ਕਰ ਰਹੇ ਸਨ। ਉੱਥੇ ਕਈ ਸੰਸਦ ਮੈਂਬਰ ਤਖਤੀਆਂ ਲੈ ਕੇ ਵਿਰੋਧ ਕਰਨ ਪਹੁੰਚੇ ਸਨ। ਜਿਸਤੋਂ ਬਾਅਦ ਇਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਦੇ ਬਾਕੀ ਰਹਿੰਦੇ ਕਾਰਜਕਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰ ਇਸ ਗੱਲ ‘ਤੇ ਅੜੇ ਹੋਏ ਹਨ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਦੀ ਸੁਰੱਖਿਆ ‘ਚ ਹੋਈ ਉਲੰਘਣਾ ਨੂੰ ਲੈ ਕੇ ਸਦਨ ‘ਚ ਬਿਆਨ ਦੇਣ।
ਪੁਲੀਸ ਰਿਮਾਂਡ ਤੇ ਸੰਨ੍ਹਮਾਰ ਵਿੱਚ ਸ਼ਾਮਲ ਮੁਲਜ਼ਮ
ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਸੰਸਦ ਦੀ ਸੁਰੱਖਿਆ ਲੋਕ ਸਭਾ ਸਪੀਕਰ ਦੇ ਅਧੀਨ ਆਉਂਦੀ ਹੈ। ਸਪੀਕਰ ਨੇ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਇਸ ਲਈ ਇੱਕ ਕਮੇਟੀ ਵੀ ਬਣਾਈ ਗਈ ਹੈ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਵੀ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।