ਵੋਟਰ ਲਿਸਟ ਵਿਵਾਦ: ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਮਾਰਚ, ਰਾਹੁਲ, ਪ੍ਰਿਯੰਕਾ ਸਮੇਤ ਕਈ ਐਮਪੀ ਪੁਲਿਸ ਹਿਰਾਸਤ ‘ਚ

Updated On: 

11 Aug 2025 12:48 PM IST

India Alliance Protest : ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਚੋਣ ਕਮਿਸ਼ਨ 'ਤੇ ਬੇਨਿਯਮੀਆਂ ਦੇ ਗੰਭੀਰ ਆਰੋਪ ਲਗਾਏ ਸਨ। ਇਸ ਤੋਂ ਬਾਅਦ, ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੇ 30 ਮੈਂਬਰੀ ਵਫ਼ਦ ਨੂੰ ਅੱਜ ਮੀਟਿੰਗ ਲਈ ਬੁਲਾਇਆ ਹੈ। ਇਹ ਮੀਟਿੰਗ ਅੱਜ ਦੁਪਹਿਰ 12 ਵਜੇ ਤੈਅ ਕੀਤੀ ਗਈ ਹੈ। ਮੀਟਿੰਗ ਤੋਂ ਪਹਿਲਾਂ ਕਾਂਗਰਸ ਵੱਲੋਂ ਮਾਰਚ ਕੱਢਿਆ ਜਾ ਰਿਹਾ ਹੈ।

ਵੋਟਰ ਲਿਸਟ ਵਿਵਾਦ: ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਮਾਰਚ, ਰਾਹੁਲ, ਪ੍ਰਿਯੰਕਾ ਸਮੇਤ ਕਈ ਐਮਪੀ ਪੁਲਿਸ ਹਿਰਾਸਤ ਚ

ਰਾਹੁਲ, ਪ੍ਰਿਯੰਕਾ ਸਮੇਤ ਕਈ ਐਮਪੀ ਪੁਲਿਸ ਹਿਰਾਸਤ 'ਚ

Follow Us On

ਵੋਟ ਚੋਰੀ ਦੇ ਮਾਮਲੇ ਨੂੰ ਲੈ ਕੇ ਇਨ੍ਹੀਂ ਦਿਨੀਂ ਦੇਸ਼ ਵਿੱਚ ਰਾਜਨੀਤੀ ਗਰਮਾ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੋਟਰ ਸੂਚੀ ਵਿੱਚ ਬੇਨਿਯਮੀਆਂ ਬਾਰੇ ਗੰਭੀਰ ਆਰੋਪ ਲਗਾਏ ਸਨ। ਇਸ ਦੌਰਾਨ, ਪੁਲਿਸ ਨੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਅਖਿਲੇਸ਼ ਯਾਦਵ ਸਮੇਤ ਕਈ ਵਿਰੋਧੀ ਸੰਸਦ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਸੰਸਦ ਮੈਂਬਰਾਂ ਦੇ ਚੋਣ ਕਮਿਸ਼ਨ ਵੱਲ ਮਾਰਚ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਦੇ ਬਾਵਜੂਦ, ਵਿਰੋਧੀ ਸੰਸਦ ਮੈਂਬਰ ਮਾਰਚ ਕੱਢ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ। ਚੋਣ ਕਮਿਸ਼ਨ ਦੇ ਬਾਹਰ ਦਿੱਲੀ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਹਨ। ਬੈਰੀਕੇਡਿੰਗ ਕਰਕੇ ਇਸ ਪ੍ਰਦਰਸ਼ਨ ਨੂੰ ਰੋਕਿਆ ਜਾ ਰਿਹਾ ਹੈ।

ਕਈ ਸੰਸਦ ਮੈਂਬਰ ਬੈਰੀਕੇਡ ‘ਤੇ ਚੜ੍ਹੇ ਅਤੇ ਛਾਲ ਮਾਰ ਦਿੱਤੀ। ਅਖਿਲੇਸ਼ ਯਾਦਵ ਬੈਰੀਕੇਡ ਤੋਂ ਛਾਲ ਮਾਰ ਗਏ। ਟੀਐਮਸੀ ਸੰਸਦ ਮੈਂਬਰ ਸਾਗਰਿਕਾ ਘੋਸ਼ ਅਤੇ ਮਹੂਆ ਮੋਇਤਰਾ ਬੈਰੀਕੇਡ ‘ਤੇ ਚੜ੍ਹ ਗਏ। ਬਾਅਦ ਵਿੱਚ, ਅਖਿਲੇਸ਼ ਯਾਦਵ ਧਰਨੇ ‘ਤੇ ਬੈਠ ਗਏ। ਉਨ੍ਹਾਂ ਕਿਹਾ ਕਿ ਪੁਲਿਸ ਸਾਨੂੰ ਰੋਕ ਰਹੀ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਸਿਰਫ਼ 30 ਨਹੀਂ, ਪੂਰੀ ਵਿਰੋਧੀ ਧਿਰ ਚੋਣ ਕਮਿਸ਼ਨ ਕੋਲ ਜਾਵੇਗੀ। ਇਸ ‘ਤੇ ਅਖਿਲੇਸ਼ ਨੇ ਕਿਹਾ ਕਿ ਜਿਸ ਨੂੰ ਵੀ ਜਾਣ ਦੀ ਇਜਾਜ਼ਤ ਦੇਵੇ ਤਾਂ ਅਸੀਂ ਚੱਲਣ ਲਈ ਤਿਆਰ ਹਾਂ। ਜੇਕਰ ਪੁਲਿਸ ਸਾਨੂੰ ਜਾਣ ਦੀ ਇਜਾਜ਼ਤ ਦਿੰਦੀ ਹੈ, ਤਾਂ ਅਸੀਂ ਚੋਣ ਕਮਿਸ਼ਨ ਕੋਲ ਜਾਣ ਲਈ ਤਿਆਰ ਹਾਂ। ਪੁਲਿਸ ਸਾਨੂੰ ਨਹੀਂ ਜਾਣ ਦੇ ਰਹੀ।

ਅੱਜ ਪਹਿਲਾਂ ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੇ 30 ਮੈਂਬਰੀ ਵਫ਼ਦ ਨੂੰ ਮੀਟਿੰਗ ਲਈ ਬੁਲਾਇਆ ਸੀ। ਚੋਣ ਕਮਿਸ਼ਨ ਨੇ ਦੁਪਹਿਰ 12 ਵਜੇ 30 ਲੋਕਾਂ ਨੂੰ ਮਿਲਣ ਲਈ ਬੁਲਾਇਆ ਸੀ। ਭਾਰਤੀ ਚੋਣ ਕਮਿਸ਼ਨ ਸਕੱਤਰੇਤ ਨੇ ਕਾਂਗਰਸ ਸੰਸਦ ਮੈਂਬਰ ਜੈਰਾਮ ਰਮੇਸ਼ ਨੂੰ ਪੱਤਰ ਲਿਖ ਕੇ ਦੁਪਹਿਰ 12:00 ਵਜੇ ਗੱਲਬਾਤ ਲਈ ਸਮਾਂ ਦਿੱਤਾ ਸੀ। ਜਿਸ ਵਿੱਚ ਲਿੱਖਿਆ ਗਿਆ ਸੀ ਕਿ ਬੇਨਤੀ ਕੀਤੀ ਜਾਂਦੀ ਹੈ ਕਿ ਜਗ੍ਹਾ ਦੀ ਘਾਟ ਕਾਰਨ, ਕਿਰਪਾ ਕਰਕੇ ਵੱਧ ਤੋਂ ਵੱਧ 30 ਵਿਅਕਤੀਆਂ ਦੇ ਨਾਮ ਦੱਸੋ।

ਇਸ ‘ਤੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜਾਂ ਤਾਂ ਸਾਰੇ ਚੋਣ ਕਮਿਸ਼ਨ ਕੋਲ ਜਾਣਗੇ ਜਾਂ ਕੋਈ ਨਹੀਂ ਜਾਵੇਗਾ। ਅਸੀਂ ਵਫ਼ਦ ਨੂੰ ਮਿਲਣ ਲਈ ਨਹੀਂ, ਇਕੱਠੇ ਮੰਗ ਪੱਤਰ ਸੌਂਪਣ ਲਈ ਸਮਾਂ ਮੰਗਿਆ ਸੀ।

ਵੋਟਰ ਸੂਚੀ ਨੂੰ ਲੈ ਕੇ ਜਾਰੀ ਹੈ ਲੜਾਈ

ਵੋਟਰ ਸੂਚੀ ਵਿੱਚ ਬੇਨਿਯਮੀਆਂ ਨੂੰ ਲੈ ਕੇ ਲੜਾਈ ਜਾਰੀ ਹੈ। ਰਾਹੁਲ ਸਮੇਤ ਸਾਰੇ ਵਿਰੋਧੀ ਆਗੂ ਚੋਣ ਕਮਿਸ਼ਨ ‘ਤੇ ਕਈ ਸਵਾਲ ਉਠਾ ਰਹੇ ਹਨ। ਰਾਹੁਲ ਨੇ ਸਿੱਧੇ ਤੌਰ ‘ਤੇ ਚੋਣ ਕਮਿਸ਼ਨ ‘ਤੇ ਵੋਟ ਚੋਰੀ ਦਾ ਆਰੋਪ ਲਗਾਇਆ ਹੈ। ਉਨ੍ਹਾਂ ਨੇ ਕੱਲ੍ਹ ਇਸ ਸੰਬੰਧੀ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਹੈ। ਇਸ ਤਹਿਤ ਰਾਹੁਲ ਨੇ ਇੱਕ ਵੈੱਬਸਾਈਟ ਵੀ ਲਾਂਚ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ।