ਵੀਅਤਨਾਮ ਸਪੀਡਬੋਟ ਹਾਦਸਾ: 15 ਭਾਰਤੀਆਂ ਦੀਆਂ ਲਾਸ਼ਾਂ ਅੱਜ ਪਹੁੰਚਣਗੀਆਂ ਮੁੰਬਈ

Updated On: 

13 Jul 2026 18:06 PM IST

Vietnam Speedboat Accident: ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਸਪੀਡਬੋਟ ਹਾਦਸੇ ਵਿੱਚ ਜਾਨ ਗੁਆਉਣ ਵਾਲੇ 15 ਭਾਰਤੀ ਸੈਲਾਨੀਆਂ ਦੀਆਂ ਲਾਸ਼ਾਂ ਸੋਮਵਾਰ ਨੂੰ ਭਾਰਤ ਲਿਆਂਦੀਆਂ ਜਾਣਗੀਆਂ। ਭਾਰਤੀ ਦੂਤਾਵਾਸ ਮੁਤਾਬਕ, ਇਹ ਲਾਸ਼ਾਂ ਵੀਅਤਨਾਮ ਏਅਰਲਾਈਨਜ਼ ਦੀ ਫਲਾਈਟ VN979 ਰਾਹੀਂ ਹੋ ਚੀ ਮਿੰਹ ਸਿਟੀ ਤੋਂ ਮੁੰਬਈ ਪਹੁੰਚਣਗੀਆਂ। ਇਸ ਹਾਦਸੇ ਵਿੱਚ 17 ਲੋਕਾਂ ਨੂੰ ਬਚਾ ਲਿਆ ਗਿਆ ਸੀ, ਜਿਨ੍ਹਾਂ ਵਿੱਚੋਂ 16 ਭਾਰਤ ਵਾਪਸ ਆ ਰਹੇ ਹਨ, ਜਦਕਿ ਇੱਕ ਜ਼ਖ਼ਮੀ ਦਾ ਇਲਾਜ ਅਜੇ ਵੀ ਹਸਪਤਾਲ ਵਿੱਚ ਜਾਰੀ ਹੈ।

ਵੀਅਤਨਾਮ ਸਪੀਡਬੋਟ ਹਾਦਸਾ: 15 ਭਾਰਤੀਆਂ ਦੀਆਂ ਲਾਸ਼ਾਂ ਅੱਜ ਪਹੁੰਚਣਗੀਆਂ ਮੁੰਬਈ

ਮ੍ਰਿਤਕਾਂ ਦੀਆਂ ਲਾਸ਼ਾਂ ਭਾਰਤ ਰਵਾਨਾ

ਵੀਅਤਨਾਮ ਦੇ ਫੂ ਕੁਓਕ (Phu Quoc) ਟਾਪੂ ਨੇੜੇ ਸ਼ਨੀਵਾਰ (11 ਜੁਲਾਈ) ਨੂੰ ਇੱਕ ਸਪੀਡਬੋਟ ਪਲਟ ਗਈ ਸੀ। ਇਸ ਦਰਦਨਾਕ ਹਾਦਸੇ ਵਿੱਚ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਤਾਮਿਲਨਾਡੂ ਦੇ 10, ਆਂਧਰਾ ਪ੍ਰਦੇਸ਼ ਦੇ 3 ਅਤੇ ਕੇਰਲ ਦੇ 2 ਲੋਕ ਸ਼ਾਮਲ ਹਨ। ਅੱਜ (ਸੋਮਵਾਰ, 13 ਜੁਲਾਈ) ਨੂੰ ਸੈਲਾਨੀਆਂ ਦੀਆਂ ਲਾਸ਼ਾਂ ਭਾਰਤ ਲਿਆਂਦੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਵੀਅਤਨਾਮ ਸਥਿਤ ਭਾਰਤੀ ਦੂਤਾਵਾਸ ਨੇ ਦਿੱਤੀ ਹੈ।

ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਵੀਅਤਨਾਮ ਏਅਰਲਾਈਨਜ਼ ਦੀ ਫਲਾਈਟ VN979 ਰਾਹੀਂ ਹੋ ਚੀ ਮਿੰਹ ਸਿਟੀ ਤੋਂ ਮੁੰਬਈ ਪਹੁੰਚਣਗੀਆਂ। ਇਹ ਫਲਾਈਟ ਅੱਜ ਸ਼ਾਮ 6 ਵਜੇ ਸਥਾਨਕ ਸਮੇਂ ਅਨੁਸਾਰ ਹੋ ਚੀ ਮਿੰਹ ਸਿਟੀ ਤੋਂ ਰਵਾਨਾ ਹੋਵੇਗੀ ਅਤੇ ਭਾਰਤੀ ਸਮੇਂ ਮੁਤਾਬਕ ਰਾਤ 9:35 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇਗੀ।

ਦੂਤਾਵਾਸ ਨੇ ਸੂਬਾ ਸਰਕਾਰਾਂ ਨੂੰ ਦਿੱਤੀ ਜਾਣਕਾਰੀ

ਦੂਤਾਵਾਸ ਨੇ ਆਪਣੀ ਪੋਸਟ ਵਿੱਚ ਕਿਹਾ, 11 ਜੁਲਾਈ ਨੂੰ ਹੋਏ ਕਿਸ਼ਤੀ ਹਾਦਸੇ ਵਿੱਚ ਦੁੱਖਦਾਈ ਤਰੀਕੇ ਨਾਲ ਜਾਨ ਗੁਆਉਣ ਵਾਲੇ 15 ਭਾਰਤੀ ਨਾਗਰਿਕਾਂ ਦੀਆਂ ਪਾਰਥਿਵ ਦੇਹਾਂ ਅੱਜ ਵੀਅਤਨਾਮ ਏਅਰਲਾਈਨਜ਼ ਦੀ ਫਲਾਈਟ VN979 ਰਾਹੀਂ ਹੋ ਚੀ ਮਿੰਹ ਸਿਟੀ ਤੋਂ ਭਾਰਤ ਭੇਜੀਆਂ ਜਾਣਗੀਆਂ। ਇਸ ਦੇ ਨਾਲ ਹੀ ਦੂਤਾਵਾਸ ਨੇ ਸਬੰਧਤ ਸੂਬਾ ਸਰਕਾਰਾਂ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਭਾਵਿਤ ਪਰਿਵਾਰਾਂ ਨਾਲ ਤਾਲਮੇਲ ਕਰਨ, ਤਾਂ ਜੋ ਪਾਰਥਿਵ ਦੇਹਾਂ ਨੂੰ ਉਨ੍ਹਾਂ ਦੇ ਅੰਤਿਮ ਮੰਜ਼ਿਲ ਤੱਕ ਪਹੁੰਚਾਇਆ ਜਾ ਸਕੇ। ਦੂਤਾਵਾਸ ਨੇ ਕਿਹਾ, ਹਨੋਈ ਸਥਿਤ ਦੂਤਾਵਾਸ ਅਤੇ ਹੋ ਚੀ ਮਿੰਹ ਸਿਟੀ ਸਥਿਤ ਕੌਂਸਲੇਟ ਮ੍ਰਿਤਕਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰਦੇ ਹਨ। ਅਸੀਂ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਉਪਲਬਧ ਹਾਂ।

15 ਭਾਰਤੀਆਂ ਦੀ ਮੌਤ, ਇੱਕ ਦੀ ਹਾਲਤ ਗੰਭੀਰ

ਇਹ ਹਾਦਸਾ ਸ਼ਨੀਵਾਰ ਨੂੰ ਵਾਪਰਿਆ ਸੀ, ਜਦੋਂ 32 ਭਾਰਤੀ ਸੈਲਾਨੀਆਂ ਅਤੇ 4 ਸਥਾਨਕ ਕਰੂ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਸਪੀਡਬੋਟ ਫੂ ਕੁਓਕ ਟਾਪੂ ਤੋਂ ਕਰੀਬ 400 ਮੀਟਰ ਦੀ ਦੂਰੀ ‘ਤੇ ਪਲਟ ਗਈ ਸੀ। ਇਸ ਹਾਦਸੇ ਵਿੱਚ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ 17 ਲੋਕਾਂ ਨੂੰ ਬਚਾ ਲਿਆ ਗਿਆ। ਦੂਤਾਵਾਸ ਨੇ ਦੱਸਿਆ ਕਿ ਇਨ੍ਹਾਂ 17 ਵਿੱਚੋਂ 16 ਜ਼ਖ਼ਮੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਭਾਰਤ ਵਾਪਸ ਆ ਰਹੇ ਹਨ। ਇੱਕ ਜ਼ਖ਼ਮੀ ਦੀ ਹਾਲਤ ਅਜੇ ਵੀ ਗੰਭੀਰ ਹੈ ਅਤੇ ਉਹ ਫੂ ਕੁਓਕ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ।

ਹਿਰਾਸਤ ਵਿੱਚ ਸਪੀਡਬੋਟ ਦਾ ਕੈਪਟਨ

ਮ੍ਰਿਤਕਾਂ ਵਿੱਚ ਤਾਮਿਲਨਾਡੂ ਦੇ 10, ਆਂਧਰਾ ਪ੍ਰਦੇਸ਼ ਦੇ 3 ਅਤੇ ਕੇਰਲ ਦੇ 2 ਸੈਲਾਨੀ ਸ਼ਾਮਲ ਹਨ। ਤਿੰਨਾਂ ਸੂਬਾ ਸਰਕਾਰਾਂ ਨੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਰਿਪੋਰਟ ਮੁਤਾਬਕ, ਸੈਲਾਨੀ ਇੱਕ ਟਾਪੂ ਦੀ ਯਾਤਰਾ ਤੋਂ ਵਾਪਸ ਆ ਰਹੇ ਸਨ, ਜਦੋਂ ਇਹ ਕਿਸ਼ਤੀ ਹਾਦਸਾਗ੍ਰਸਤ ਹੋ ਕੇ ਪਲਟ ਗਈ। ਨੇੜੇ ਮੌਜੂਦ ਹੋਰ ਸੈਲਾਨੀ ਕਿਸ਼ਤੀਆਂ ਅਤੇ ਵੀਅਤਨਾਮੀ ਬਚਾਅ ਏਜੰਸੀਆਂ ਨੇ ਤੁਰੰਤ ਸਰਚ-ਐਂਡ-ਰੇਸਕਿਊ ਆਪਰੇਸ਼ਨ ਸ਼ੁਰੂ ਕੀਤਾ ਅਤੇ ਕਈ ਲੋਕਾਂ ਦੀ ਜਾਨ ਬਚਾਈ। ਇਸ ਹਾਦਸੇ ਤੋਂ ਬਾਅਦ ਵੀਅਤਨਾਮ ਪੁਲਿਸ ਨੇ ਸਪੀਡਬੋਟ ਦੇ ਕੈਪਟਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Source: TV9Hindi.com

Follow Us