ਸੋਨੀਆ ਗਾਂਧੀ ‘ਤੇ ਵੰਦੇ ਮਾਤਰਮ ਰੋਕਣ ਦੇ ਆਰੋਪ, ਕਾਂਗਰਸ ਦੀ ਸਫ਼ਾਈ- ਇਲਜ਼ਾਮ ਗ਼ਲਤ, ਨਵੇਂ ਕਾਨੂੰਨ ਮੁਤਾਬਕ ਗਾਇਆ ਗਿਆ

Published: 

15 Aug 2026 14:14 PM IST

ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦਿੱਲੀ ਸਥਿਤ ਕਾਂਗਰਸ ਹੈੱਡਕੁਆਰਟਰ (AICC) ਵਿਖੇ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੌਰਾਨ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ ਗਾਇਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (BJP) ਅਤੇ ਕਾਂਗਰਸ ਵਿਚਾਲੇ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਨੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ ਸਮਾਗਮ ਦੌਰਾਨ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਪੂਰਾ 'ਵੰਦੇ ਮਾਤਰਮ' ਗਾਏ ਜਾਣ 'ਤੇ ਸਵਾਲ ਖੜ੍ਹੇ ਕੀਤੇ ਅਤੇ ਇਸ ਨੂੰ ਅੱਧ ਵਿਚਾਲੇ ਰੋਕਣ ਦੀ ਕੋਸ਼ਿਸ਼ ਕੀਤੀ।

ਸੋਨੀਆ ਗਾਂਧੀ ਤੇ ਵੰਦੇ ਮਾਤਰਮ ਰੋਕਣ ਦੇ ਆਰੋਪ, ਕਾਂਗਰਸ ਦੀ ਸਫ਼ਾਈ- ਇਲਜ਼ਾਮ ਗ਼ਲਤ, ਨਵੇਂ ਕਾਨੂੰਨ ਮੁਤਾਬਕ ਗਾਇਆ ਗਿਆ

ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਦਿੱਲੀ ਸਥਿਤ ਕਾਂਗਰਸ ਹੈੱਡਕੁਆਰਟਰ (AICC) ਵਿਖੇ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੌਰਾਨ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਗਾਇਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (BJP) ਅਤੇ ਕਾਂਗਰਸ ਵਿਚਾਲੇ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਨੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ ਸਮਾਗਮ ਦੌਰਾਨ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਪੂਰਾ ‘ਵੰਦੇ ਮਾਤਰਮ’ ਗਾਏ ਜਾਣ ‘ਤੇ ਸਵਾਲ ਖੜ੍ਹੇ ਕੀਤੇ ਅਤੇ ਇਸ ਨੂੰ ਅੱਧ ਵਿਚਾਲੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਸਿਆਸੀ ਹਮਲੇ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਵੱਲੋਂ ਇਸ ਮਾਮਲੇ ‘ਤੇ ਸਪੱਸ਼ਟੀਕਰਨ ਜਾਰੀ ਕਰਦਿਆਂ ਭਾਜਪਾ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦੇ ਕੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ।

ਸੋਨੀਆ ਗਾਂਧੀ ਨੇ ਗੀਤ ਨਹੀਂ ਰੋਕਿਆ: ਜੈਰਾਮ ਰਮੇਸ਼

ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਭਾਜਪਾ ਦੇ ਆਰੋਪਾਂ ਨੂੰ ਝੂਠਾ ਕਰਾਰ ਦਿੰਦਿਆਂ ਸਥਿਤੀ ਸਪੱਸ਼ਟ ਕੀਤੀ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ ਰਾਸ਼ਟਰੀ ਗੀਤ ਦੇ ਗਾਇਨ ਨੂੰ ਰੋਕਣ ਲਈ ਕੁਝ ਨਹੀਂ ਕਿਹਾ ਸੀ, ਬਲਕਿ ਉਹ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਲਈ ਕੁਰਸੀ ਮੰਗਵਾਉਣ ਦੀ ਗੱਲ ਕਰ ਰਹੇ ਸਨ, ਕਿਉਂਕਿ ਖੜਗੇ ਕਾਫ਼ੀ ਦੇਰ ਤੋਂ ਲਗਾਤਾਰ ਖੜ੍ਹੇ ਸਨ।

ਜੈਰਾਮ ਰਮੇਸ਼ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵੀਡੀਓ ਦੇ ਇੱਕ ਛੋਟੇ ਹਿੱਸੇ ਨੂੰ ਤੋੜ-ਮਰੋੜ ਕੇ ਗ਼ਲਤ ਸੰਦਰਭ ਵਿੱਚ ਵਾਇਰਲ ਕੀਤਾ ਗਿਆ ਹੈ ਅਤੇ ਭਾਜਪਾ ਵੱਲੋਂ ਇਸ ਨੂੰ ਝੂਠੇ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਮਾਰੋਹ ਦੌਰਾਨ ਨਵੇਂ ਕਾਨੂੰਨ ਅਤੇ ਨਿਰਧਾਰਤ ਪ੍ਰੋਟੋਕੋਲ ਮੁਤਾਬਕ ਪੂਰਾ ‘ਵੰਦੇ ਮਾਤਰਮ’ ਗਾਇਆ ਗਿਆ ਅਤੇ ਕਿਸੇ ਵੱਲੋਂ ਵੀ ਇਸ ਵਿੱਚ ਕੋਈ ਰੁਕਾਵਟ ਨਹੀਂ ਪਾਈ ਗਈ। ਉਨ੍ਹਾਂ ਕਿਹਾ ਕਿ ਪ੍ਰੋਟੋਕੋਲ ਅਨੁਸਾਰ ਹੀ ਪੂਰਾ ਪ੍ਰੋਗਰਾਮ ਨੇਪਰੇ ਚੜ੍ਹਿਆ ਹੈ, ਇਸ ਲਈ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ‘ਤੇ ਅਜਿਹੇ ਦੋਸ਼ ਲਾਉਣਾ ਸਰਾਸਰ ਗ਼ਲਤ ਅਤੇ ਮੰਦਭਾਗਾ ਹੈ।

ਕੀ ਹੈ ‘ਵੰਦੇ ਮਾਤਰਮ’ ਨੂੰ ਲੈ ਕੇ ਬਣਿਆ ਨਵਾਂ ਕਾਨੂੰਨ?

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ‘ਪ੍ਰੀਵੈਂਸ਼ਨ ਆਫ਼ ਇਨਸਲਟ ਟੂ ਨੈਸ਼ਨਲ ਆਨਰ (ਅਮੈਂਡਮੈਂਟ) ਬਿੱਲ 2026’ ਪਾਸ ਕਰਵਾਇਆ ਗਿਆ ਸੀ। ਇਹ ਬਿੱਲ 29 ਜੁਲਾਈ ਨੂੰ ਰਾਜ ਸਭਾ ਅਤੇ 30 ਜੁਲਾਈ ਨੂੰ ਲੋਕ ਸਭਾ ਵਿੱਚ ਪਾਸ ਹੋਇਆ ਸੀ, ਜਿਸ ਤੋਂ ਬਾਅਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਮਨਜ਼ੂਰੀ ਮਿਲਣ ਨਾਲ ਇਸ ਨੇ ਕਾਨੂੰਨ ਦਾ ਰੂਪ ਧਾਰਨ ਕਰ ਲਿਆ।

ਇਸ ਨਵੇਂ ਕਾਨੂੰਨ ਤਹਿਤ ‘ਵੰਦੇ ਮਾਤਰਮ’ ਨੂੰ ਰਾਸ਼ਟਰੀ ਸਨਮਾਨ ਨਾਲ ਜੁੜੇ ਕਾਨੂੰਨ ਅਧੀਨ ਵਿਸ਼ੇਸ਼ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਨਵੀਆਂ ਵਿਵਸਥਾਵਾਂ ਅਨੁਸਾਰ, ‘ਵੰਦੇ ਮਾਤਰਮ’ ਦੇ ਗਾਇਨ ਦਾ ਜਾਣਬੁੱਝ ਕੇ ਅਪਮਾਨ ਕਰਨਾ ਜਾਂ ਇਸ ਦੇ ਗਾਇਨ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪੈਦਾ ਕਰਨਾ ਕਾਨੂੰਨੀ ਤੌਰ ‘ਤੇ ਸਜ਼ਾਯੋਗ ਅਪਰਾਧ ਬਣਾ ਦਿੱਤਾ ਗਿਆ ਹੈ। ਇਸ ਕਦਮ ਰਾਹੀਂ ਰਾਸ਼ਟਰੀ ਗੀਤ ਨੂੰ ਕਾਨੂੰਨੀ ਸੁਰੱਖਿਆ ਦੇ ਮਾਮਲੇ ਵਿੱਚ ਰਾਸ਼ਟਰੀ ਗਾਨ (ਜਨ ਗਨ ਮਨ) ਦੇ ਬਰਾਬਰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਪੂਰਾ ‘ਵੰਦੇ ਮਾਤਰਮ’ ਗਾਉਣਾ ਕਿਉਂ ਬਣਿਆ ਚਰਚਾ ਦਾ ਵਿਸ਼ਾ?

ਕੇਂਦਰ ਸਰਕਾਰ ਨੇ ‘ਵੰਦੇ ਮਾਤਰਮ’ ਦੇ ਗਾਇਨ ਸਬੰਧੀ ਇੱਕ ਨਵਾਂ ਪ੍ਰੋਟੋਕੋਲ ਵੀ ਜਾਰੀ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ, ਅਧਿਕਾਰਤ ਸਰਕਾਰੀ ਪ੍ਰੋਗਰਾਮਾਂ ਅਤੇ ਸਕੂਲਾਂ ਵਿੱਚ ਹੁਣ ਰਾਸ਼ਟਰੀ ਗੀਤ ਦੇ ਸਿਰਫ਼ ਸ਼ੁਰੂਆਤੀ ਦੋ ਛੰਦਾਂ ਦੀ ਬਜਾਏ ਸਾਰੇ 6 ਛੰਦਾਂ ਵਾਲਾ ਪੂਰਾ ਸੰਸਕਰਣ ਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਅਧੀਨ ਕੁਝ ਰਸਮੀ ਸਰਕਾਰੀ ਸਮਾਗਮਾਂ ਦੌਰਾਨ ਨਿਰਧਾਰਤ ਪ੍ਰੋਟੋਕੋਲ ਦੇ ਮੁਤਾਬਕ ‘ਵੰਦੇ ਮਾਤਰਮ’ ਨੂੰ ਰਾਸ਼ਟਰੀ ਗਾਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਜਾਉਣ ਅਤੇ ਗਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।

ਸ਼ਸ਼ੀ ਥਰੂਰ ਨੇ ਵੀ ਲਾਜ਼ਮੀ ਗਾਇਨ ‘ਤੇ ਚੁੱਕੇ ਸੀ ਸਵਾਲ

ਰਾਸ਼ਟਰੀ ਗੀਤ ਦੇ ਨਿਯਮਾਂ ਵਿੱਚ ਹੋਇਆ ਇਹ ਬਦਲਾਅ ਇਸ ਸਮੇਂ ਗਰਮਾ-ਗਰਮ ਸਿਆਸੀ ਬਹਿਸ ਦਾ ਕੇਂਦਰ ਬਣਿਆ ਹੋਇਆ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੀ ਪੂਰੇ ‘ਵੰਦੇ ਮਾਤਰਮ’ ਨੂੰ ਲਾਜ਼ਮੀ ਤੌਰ ‘ਤੇ ਗਾਏ ਜਾਣ ਦੇ ਫ਼ੈਸਲੇ ‘ਤੇ ਸਵਾਲ ਖੜ੍ਹੇ ਕੀਤੇ ਸਨ। ਥਰੂਰ ਨੇ ਦਲੀਲ ਦਿੱਤੀ ਸੀ ਕਿ ਕਿਸੇ ਵੀ ਗੀਤ ਪ੍ਰਤੀ ਸਤਿਕਾਰ ਸਿਰਫ਼ ਕਾਨੂੰਨ ਬਣਾ ਕੇ ਪੈਦਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਲੰਬੇ ਚੱਲਣ ਵਾਲੇ ਸਮਾਗਮਾਂ ਵਿੱਚ ਲੋਕਾਂ ਲਈ ਕਾਫ਼ੀ ਦੇਰ ਤੱਕ ਖੜ੍ਹੇ ਰਹਿਣਾ ਅਮਲੀ ਤੌਰ ‘ਤੇ ਕਈ ਦਿੱਕਤਾਂ ਪੈਦਾ ਕਰ ਸਕਦਾ ਹੈ।

Loading...
Unable to load recommendations.
Follow Us