Train Accident: ਮਾਲ ਗੱਡੀ ਨਾਲ ਟਕਰਾ ਕੇ ਪਟੜੀ ਤੋਂ ਲੱਥੀ ਕੋਰੋਮੰਡਲ ਐਕਸਪ੍ਰੈਸ, ਡੱਬਿਆਂ 'ਤੇ ਚੜ੍ਹਿਆ ਇੰਜਣ, 50 ਦੀ ਮੌਤ, 350 ਤੋਂ ਵੱਧ ਜਖ਼ਮੀ, ਪੀਐੱਮ ਅਤੇ ਰਾਸਟਰਪਤੀ ਨੇ ਜਤਾਇਆ ਅਫਸੋਸ | train-detail coromandel-express-accident-near balachor-odisha Punjabi news - TV9 Punjabi

Train Accident: ਮਾਲ ਗੱਡੀ ਨਾਲ ਟਕਰਾ ਕੇ ਪਟੜੀ ਤੋਂ ਲੱਥੀ ਕੋਰੋਮੰਡਲ ਐਕਸਪ੍ਰੈਸ, 50 ਦੀ ਮੌਤ, 350 ਤੋਂ ਵੱਧ ਜਖ਼ਮੀ, ਪੀਐੱਮ ਅਤੇ ਰਾਸਟਰਪਤੀ ਨੇ ਜਤਾਇਆ ਅਫਸੋਸ

Updated On: 

02 Jun 2023 22:45 PM

Coromandel Express Train Accident: ਕੋਰੋਮੰਡਲ ਐਕਸਪ੍ਰੈਸ ਦੇ 3 ਸਲੀਪਰ ਕੋਚਾਂ ਨੂੰ ਛੱਡ ਕੇ ਬਾਕੀ ਸਾਰੇ ਡੱਬੇ ਮਾਲ ਗੱਡੀ ਨਾਲ ਟਕਰਾਉਣ ਤੋਂ ਬਾਅਦ ਪਟੜੀ ਤੋਂ ਉਤਰ ਗਏ। ਇਹ ਟਰੇਨ ਚੇਨਈ ਸੈਂਟਰਲ ਤੋਂ ਕੋਲਕਾਤਾ ਦੇ ਸ਼ਾਲੀਮਾਰ ਰੇਲਵੇ ਸਟੇਸ਼ਨ ਤੱਕ ਚੱਲਦੀ ਹੈ।

Follow Us On

ਹਾਵੜਾ ਤੋਂ ਚੇਨਈ ਜਾ ਰਹੀ ਕੋਰੋਮੰਡਲ ਐਕਸਪ੍ਰੈਸ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਸੂਚਨਾ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਉੜੀਸਾ ਦੇ ਬਾਲਾਸੋਰ ਤੋਂ ਕਰੀਬ 40 ਕਿਲੋਮੀਟਰ ਦੂਰ ਹਾਦਸਾਗ੍ਰਸਤ ਹੋ ਗਈ। ਇਹ ਟਰੇਨ ਚੇਨਈ ਸੈਂਟਰਲ ਤੋਂ ਕੋਲਕਾਤਾ ਦੇ ਸ਼ਾਲੀਮਾਰ ਰੇਲਵੇ ਸਟੇਸ਼ਨ ਤੱਕ ਚੱਲਦੀ ਹੈ। ਸ਼ੁੱਕਰਵਾਰ ਸ਼ਾਮ ਨੂੰ ਓਡੀਸ਼ਾ ਦੇ ਬਾਲਾਸੋਰ ਨੇੜੇ ਇਸ ਦੇ ਪਟੜੀ ਤੋਂ ਉਤਰਨ ਦੀ ਸੂਚਨਾ ਮਿਲੀ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਟਰੇਨ ਦੀਆਂ ਤਿੰਨ ਸਲੀਪਰ ਬੋਗੀਆਂ ਨੂੰ ਛੱਡ ਕੇ ਪੂਰੀ ਟਰੇਨ ਪਟੜੀ ਤੋਂ ਉਤਰ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਇਕ ਮਾਲ ਗੱਡੀ ਨਾਲ ਟਕਰਾ ਗਈ ਅਤੇ ਫਿਰ ਪਟੜੀ ਤੋਂ ਉਤਰ ਗਈ।

ਇਸ ਹਾਦਸੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪਟੜੀ ਤੋਂ ਉਤਰਨ ਵਾਲੀਆਂ ਬੋਗੀਆਂ ਦੀ ਗਿਣਤੀ 21 ਦੱਸੀ ਜਾ ਰਹੀ ਹੈ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਯਾਤਰੀ ਦੱਬੇ ਹੋਏ ਹੋ ਸਕਦੇ ਹਨ। ਸਥਾਨਕ ਲੋਕਾਂ ਨੇ ਮਦਦ ਦੇ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਫਿਲਹਾਲ ਇਸ ਹਾਦਸੇ ‘ਚ 50 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ, 350 ਲੋਕਾਂ ਦੇ ਜਖਮੀ ਹੋਣ ਦਾ ਖਦਸ਼ਾ ਹੈ।

ਇੱਕੋ ਲਾਈਨ ‘ਤੇ ਆ ਗਈਆਂ ਦੋਵੇਂ ਟਰੇਨਾਂ

ਖਬਰ ਲਿੱਖੇ ਜਾਣ ਤੱਕ 50 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਹ ਹਾਦਸਾ ਕਿਵੇਂ ਵਾਪਰਿਆ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਭਿਆਨਕ ਹਾਦਸਾ ਦੋਵੇਂ ਟਰੇਨਾਂ ਦੇ ਇੱਕੋ ਲਾਈਨ ‘ਤੇ ਆਉਣ ਕਾਰਨ ਵਾਪਰਿਆ ਹੈ। ਪਤਾ ਲੱਗਾ ਹੈ ਕਿ ਸਿਗਨਲ ਫੇਲ ਹੋਣ ਕਾਰਨ ਦੋਵੇਂ ਟਰੇਨਾਂ ਇੱਕੋ ਟ੍ਰੈਕ ‘ਤੇ ਆ ਗਈਆਂ ਅਤੇ ਟਕਰਾ ਗਈਆਂ।

ਟਰੇਨ ‘ਤੇ ਚੜ੍ਹ ਗਿਆ ਮਾਲ ਗੱਡੀ ਦਾ ਇੰਜਣ

ਇਸ ਟੱਕਰ ‘ਚ ਕੋਰੋਮੰਡਲ ਐਕਸਪ੍ਰੈਸ ਟਰੇਨ ਨੂੰ ਭਾਰੀ ਨੁਕਸਾਨ ਪਹੁੰਚਿਆ। ਲਗਭਗ ਪੂਰੀ ਟਰੇਨ ਪਟੜੀ ਤੋਂ ਉਤਰ ਗਈ। ਇਸ ‘ਚ ਕਈ ਲੋਕ ਫਸ ਗਏ ਹਨ, ਜਿਨ੍ਹਾਂ ਨੂੰ ਸਥਾਨਕ ਲੋਕ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਦੀ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟਰੇਨ ਦਾ ਇੰਜਣ ਮਾਲ ਗੱਡੀ ‘ਤੇ ਚੜ੍ਹ ਗਿਆ।

ODRAF ਅਤੇ ਕੁਲੈਕਟਰ ਨੂੰ ਮੌਕੇ ‘ਤੇ ਪੁੱਜਣ ਦੇ ਨਿਰਦੇਸ਼

ਇਸ ਹਾਦਸੇ ‘ਤੇ ਐਸਆਰਸੀ ਦਾ ਕਹਿਣਾ ਹੈ ਕਿ ਬਹਾਨਾਗਾ ਰੇਲਵੇ ਸਟੇਸ਼ਨ ਨੇੜੇ ਹਾਵੜਾ-ਸ਼ਾਲੀਮਾਰ ਐਕਸਪ੍ਰੈਸ ਰੇਲ ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਸੂਚਨਾ ਮਿਲੀ ਹੈ। SRC ਨੇ ODRAF ਟੀਮ ਨੂੰ ਮੌਕੇ ‘ਤੇ ਰਵਾਨਾ ਕਰ ਦਿੱਤਾ ਹੈ ਤਾਂ ਜੋ ਤੁਰੰਤ ਬਚਾਅ ਕਾਰਜ ਚਲਾਇਆ ਜਾ ਸਕੇ। ਬਾਲਾਸੋਰ ਦੇ ਕੁਲੈਕਟਰ ਨੂੰ ਵੀ ਤੁਰੰਤ ਮੌਕੇ ‘ਤੇ ਪਹੁੰਚ ਕੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਐਮਰਜੈਂਸੀ ਕੰਟਰੋਲ ਨੰਬਰ ਜਾਰੀ

ਹਾਵੜਾ ਤੋਂ ਚੇਨਈ ਜਾ ਰਹੀ ਕੋਰੋਮੰਡਲ ਐਕਸਪ੍ਰੈਸ ਦੇ ਮਾਲ ਗੱਡੀ ਨਾਲ ਟਕਰਾ ਜਾਣ ਕਾਰਨ ਹੁਣ ਤੱਕ 350 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਰੇਲਵੇ ਨੇ ਹਾਦਸੇ ਸਬੰਧੀ ਜਾਣਕਾਰੀ ਲੈਣ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। 033-26382217,89720739325, 9332392339, 8249591559, 7978418322 ਅਤੇ 9903370746 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਮਮਤਾ ਨੇ ਨਵੀਨ ਪਟਨਾਇਕ ਨਾਲ ਕੀਤੀ ਗੱਲ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਰੋਮੰਡਲ ਐਕਸਪ੍ਰੈਸ ਹਾਦਸੇ ਦੀ ਜਾਣਕਾਰੀ ‘ਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਗੱਲ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮਮਤਾ ਬੈਨਰਜੀ ਨੇ ਪਹਿਲਾਂ ਟਵੀਟ ਕਰ ਕਿਹਾ, ਹੁਣੇ ਪਤਾ ਲੱਗਾ ਹੈ ਕਿ ਪੱਛਮੀ ਬੰਗਾਲ ਤੋਂ ਰਵਾਨਾ ਹੋਈ ਸ਼ਾਲੀਮਾਰ-ਕੋਰੋਮੰਡਲ ਐਕਸਪ੍ਰੈਸ ਅੱਜ ਸ਼ਾਮ ਬਾਲਾਸੋਰ ਦੇ ਕੋਲ ਇੱਕ ਮਾਲ ਗੱਡੀ ਨਾਲ ਟਕਰਾ ਗਈ। ਇਸ ਹਾਦਸੇ ‘ਚ ਕਈ ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਹਾਦਸੇ ਵਿੱਚ ਜ਼ਖਮੀਆਂ ਦੀ ਮਦਦ ਲਈ ਸਾਡੀ ਸਰਕਾਰ ਲਗਾਤਾਰ ਓਡੀਸ਼ਾ ਸਰਕਾਰ ਅਤੇ ਦੱਖਣ ਪੂਰਬੀ ਰੇਲਵੇ ਨਾਲ ਸੰਪਰਕ ਵਿੱਚ ਹੈ।

ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਜਤਾਇਆ ਹਾਦਸੇ ਤੇ ਅਫਸੋਸ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇਸ ਰੇਲ ਹਾਦਸੇ ਤੇ ਅਫਸੋਸ ਜਤਾਉਂਦਿਆਂ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਣਾ ਕੀਤੀ ਹੈ। ਨਾਲ ਹੀ ਜਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਵੀ ਰੱਬ ਅੱਗੇ ਅਰਦਾਸ ਕੀਤੀ ਹੈ।

ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ

3NDRF, 4ODRAF, ਕਈ ਅੱਗ ਬੁਝਾਓ ਗੱਡੀਆਂ, 50 ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਆਸਪਾਸ ਦੇ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਪ੍ਰਾਈਵੇਟ ਹਸਪਤਾਲਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version