ਪੱਥਰਬਾਜ਼ੀ ਅਤੇ ਅੱਗਜ਼ਨੀ ਸੰਭਲ ਵਿੱਚ ਸ਼ਾਹੀ ਮਸਜਿਦ ਦੇ ਸਰਵੇਖਣ ਨੂੰ ਲੈ ਕੇ ਹੰਗਾਮਾ
ਸੰਭਲ ਦੀ ਜਾਮਾ ਮਸਜਿਦ ਬਾਰੇ ਹਿੰਦੂ ਪੱਖ ਦਾਅਵਾ ਕਰ ਰਿਹਾ ਹੈ ਕਿ ਇਹ ਹਰੀਹਰ ਮੰਦਰ ਹੈ। ਹਿੰਦੂ ਪੱਖ ਨੇ ਇਸ ਸਬੰਧੀ ਅਦਾਲਤ ਤੱਕ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਸਰਵੇਖਣ ਦਾ ਹੁਕਮ ਦਿੱਤਾ ਸੀ। ਅੱਜ ਸਰਵੇਖਣ ਦੌਰਾਨ ਭੀੜ ਨੇ ਹੰਗਾਮਾ ਕੀਤਾ ਅਤੇ ਪੁਲੀਸ ਤੇ ਪਥਰਾਅ ਵੀ ਕੀਤਾ।
ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਸੰਭਲ ਦੀ ਸ਼ਾਹੀ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਭੀੜ ਨੇ ਪੁਲਿਸ ਟੀਮ ‘ਤੇ ਪਥਰਾਅ ਕੀਤਾ। ਇਸ ਦੌਰਾਨ ਸੜਕ ‘ਤੇ ਜਾਮ ਲਗਾ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਭਜਾ ਦਿੱਤਾ। ਡੀਐਮ ਅਤੇ ਐਸਪੀ ਸਮੇਤ 5 ਥਾਣਿਆਂ ਦੀ ਪੁਲਿਸ ਮੌਕੇ ‘ਤੇ ਮੌਜੂਦ ਰਹੀ। ਉਨ੍ਹਾਂ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਪੁਲੀਸ ਨੇ ਮੌਕੇ ਤੋਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਸੰਭਲ ਦੀ ਸ਼ਾਹੀ ਜਾਮਾ ਮਸਜਿਦ ਬਾਰੇ ਹਿੰਦੂ ਪੱਖ ਦਾਅਵਾ ਕਰ ਰਿਹਾ ਹੈ ਕਿ ਇਹ ਹਰੀਹਰ ਮੰਦਰ ਹੈ। ਇਸ ਸਬੰਧੀ ਅੱਜ ਸਵੇਰੇ 7.30 ਵਜੇ ਤੋਂ ਸਰਵੇਖਣ ਕੀਤਾ ਜਾ ਰਿਹਾ ਸੀ। ਅਦਾਲਤ ਦੇ ਹੁਕਮਾਂ ਤੇ ਐਡਵੋਕੇਟ ਅਤੇ ਕਮਿਸ਼ਨਰ ਸਰਵੇ ਲਈ ਪੁੱਜੇ ਸਨ। ਇਸ ਦੌਰਾਨ ਸ਼ਾਹੀ ਜਾਮਾ ਮਸਜਿਦ ਦੇ ਬਾਹਰ ਭੀੜ ਇਕੱਠੀ ਹੋਣ ਲੱਗੀ ਅਤੇ ਸਰਵੇ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੇ ਪੁਲਿਸ ਟੀਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਥਰਾਅ ਸ਼ੁਰੂ ਕਰ ਦਿੱਤਾ। ਹਾਲਾਂਕਿ ਮਸਜਿਦ ਦੇ ਸਰਵੇ ਦਾ ਕੰਮ ਪੂਰਾ ਹੋ ਚੁੱਕਾ ਹੈ।
‘ਅਫਵਾਹਾਂ ‘ਤੇ ਧਿਆਨ ਨਾ ਦਿਓ…’, ਪੁਲਿਸ ਵੱਲੋਂ ਸ਼ਾਂਤੀ ਦੀ ਅਪੀਲ
ਇਸ ਦੇ ਨਾਲ ਹੀ ਪਥਰਾਅ ਦੀ ਘਟਨਾ ਤੋਂ ਬਾਅਦ ਪੁਲਿਸ ਇਲਾਕੇ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੀ ਨਜ਼ਰ ਆਈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਾਂਤੀ ਬਣਾਈ ਰੱਖੋ ਅਤੇ ਕਿਸੇ ਵੀ ਅਫਵਾਹ ‘ਤੇ ਧਿਆਨ ਨਾ ਦਿਓ। ਇਕ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵੀਡੀਓ ਫੁਟੇਜ ਦੇ ਆਧਾਰ ‘ਤੇ ਪੱਥਰਬਾਜ਼ੀ ਦੀ ਘਟਨਾ ‘ਚ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਪਥਰਾਅ ਦੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਕੁਝ ਲੋਕ ਪੁਲਿਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਥਰਾਅ ਕਰਦੇ ਨਜ਼ਰ ਆ ਰਹੇ ਹਨ। ਜਿਸ ਇਲਾਕੇ ‘ਚ ਪਥਰਾਅ ਹੋਇਆ, ਉੱਥੇ ਸੜਕ ‘ਤੇ ਕਈ ਲੋਕਾਂ ਦੀਆਂ ਚੱਪਲਾਂ ਮਿਲੀਆਂ। ਇਸ ਘਟਨਾ ਤੋਂ ਬਾਅਦ ਬਾਜ਼ਾਰ ਬੰਦ ਨਜ਼ਰ ਆਏ। ਇਲਾਕੇ ਦੀਆਂ ਦੁਕਾਨਾਂ ਬੰਦ ਦੇਖੀਆਂ ਗਈਆਂ।
ਅਦਾਲਤ ਨੇ ਦਿੱਤੇ ਸਨ ਸਰਵੇਖਣ ਦੇ ਹੁਕਮ
ਹਿੰਦੂ ਪੱਖ ਵੱਲੋਂ ਅਦਾਲਤ ਵਿੱਚ ਸੰਭਲ ਜ਼ਿਲ੍ਹੇ ਦੀ ਜਾਮਾ ਮਸਜਿਦ ਨੂੰ ਹਰੀਹਰ ਮੰਦਰ ਵਜੋਂ ਦਾਅਵਾ ਕੀਤੇ ਜਾਣ ਮਗਰੋਂ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਦਿਆਂ ਇਸ ਦੇ ਸਰਵੇਖਣ ਦਾ ਹੁਕਮ ਦਿੱਤਾ ਸੀ। 19 ਨਵੰਬਰ ਨੂੰ ਰਾਤ ਨੂੰ ਮਸਜਿਦ ਦਾ ਸਰਵੇਖਣ ਕੀਤਾ ਗਿਆ। ਅੱਜ ਫਿਰ 24 ਨਵੰਬਰ ਨੂੰ ਸਰਵੇ ਕਰਨ ਵਾਲੀ ਟੀਮ ਸ਼ਾਹੀ ਜਾਮਾ ਮਸਜਿਦ ਪਹੁੰਚੀ ਸੀ। ਹਾਲਾਂਕਿ ਮਸਜਿਦ ਕਮੇਟੀ ਨੇ ਸਰਵੇ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ ਅਤੇ ਦੋਵਾਂ ਧਿਰਾਂ ਦੀ ਹਾਜ਼ਰੀ ਵਿੱਚ ਮਸਜਿਦ ਦਾ ਸਰਵੇ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ