Rahul Gandhi Disqualified: ਮਾਣਹਾਨੀ ਮਾਮਲੇ ‘ਚ ਰਾਹੁਲ ਗਾਂਧੀ ਨੂੰ ਵੱਡਾ ਝਟਕਾ, ਸੰਸਦ ਦੀ ਮੈਂਬਰਸ਼ਿਪ ਰੱਦ, ਹੁਣ ਲੋਕ ਸਭਾ ‘ਚ ਨਹੀਂ ਆਉਣਗੇ ਨਜ਼ਰ
Rahul Gandhi ਦੀ ਸੰਸਦ ਦੀ ਮੈਂਬਰਸ਼ਿਪ ਰੱਦ ਹੋ ਗਈ। ਉਨ੍ਹਾਂ ਨੂੰ ਕੱਲ੍ਹ ਮਾਣਹਾਨੀ ਦੇ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਰਾਹੁਲ ਵਾਇਨਾਡ ਤੋਂ ਸੰਸਦ ਮੈਂਬਰ ਸਨ। ਪਾਰਟੀ ਨੇ ਇਸ ਕਦਮ ਨੂੰ ਲੋਕਤੰਤਰ ਲਈ ਖ਼ਤਰਾ ਦੱਸਿਆ ਹੈ।
ਕਾਂਗਰਸ ਸਾਂਸਦ ਰਾਹੁਲ ਗਾਂਧੀ (Rahul Gandhi) ਨੂੰ ਸ਼ੁੱਕਰਵਾਰ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੀ ਸੰਸਦ ਮੈਂਬਰੀ ਰੱਦ ਕਰ ਦਿੱਤੀ ਗਈ ਹੈ। ਉਹ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਸਨ। ਕਾਂਗਰਸ ਨੇਤਾ ਸ਼ਸ਼ੀ ਥਰੂਰ (Shashi Tharoor) ਨੇ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਜਾਉਣ ਨੂੰ ਦੇਸ਼ ਦੇ ਲੋਕਤੰਤਰ ਲਈ ਅਸ਼ੁਭ ਸੰਕੇਤ ਕਰਾਰ ਦਿੱਤਾ ਹੈ। ਸ਼ਸ਼ੀ ਥਰੂਰ ਨੇ ਟਵੀਟ ਕੀਤਾ ਹੈ ਕਿ ਅਦਾਲਤ ਦੇ ਫੈਸਲੇ ਦੇ 24 ਘੰਟਿਆਂ ਦੇ ਅੰਦਰ, ਮੈਂ ਇਸਦੀ ਰਫਤਾਰ ਤੋਂ ਹੈਰਾਨ ਹਾਂ। ਇਹ ਸਾਡੇ ਲੋਕਤੰਤਰ ਲਈ ਅਸ਼ੁਭ ਸੰਕੇਤ ਹੈ।
ਕਾਂਗਰਸ ਪ੍ਰਧਾਨ ਖੜਗੇ ਦਾ ਬੀਜੇਪੀ ਤੇ ਹਮਲਾ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਇਹ ਕਿਸੇ ਸਮਾਜ ਨਾਲ ਸਬੰਧਤ ਨਹੀਂ ਹੈ ਕਿ ਜੋ ਲੋਕ ਪੈਸੇ ਲੈ ਕੇ ਭੱਜੇ, ਜਿਵੇਂ ਕਿ ਲਲਿਤ ਮੋਦੀ, ਨੀਰਵ ਮੋਦੀ ਅਤੇ ਵਿਜੇ ਮਾਲਿਆ, ਕੀ ਉਹ ਪਿਛੜੇ ਸਮਾਜ ਤੋਂ ਸਨ? ਇਹ ਲੋਕ ਅਜਿਹੀ ਭਾਵਨਾ ਪੈਦਾ ਕਰ ਰਹੇ ਹਨ ਕਿ ਰਾਹੁਲ ਗਾਂਧੀ ਨੇ ਪਛੜੇ ਸਮਾਜ ਦੀ ਗੱਲ ਕੀਤੀ ਹੈ।
PM ਮੋਦੀ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ – ਸੂਰਜੇਵਾਲਾ
ਪਾਰਟੀ ਨੇਤਾ ਰਣਦੀਪ ਸਿੰਘ ਸੂਰਜੇਵਾਲਾ ਨੇ ਟਵੀਟ ਕੀਤਾ ਹੈ ਕਿ ਪੀਐਮ ਮੋਦੀ ਅਤੇ ਸੱਤਾਧਾਰੀ ਗਰੋਹ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ। ਜੇਕਰ ਬੈਂਕ ਨੂੰ ਲੁੱਟਣ ਵਾਲੇ ਭਗੌੜਿਆਂ ਅਤੇ ਪ੍ਰਧਾਨ ਮੰਤਰੀ ਦੇ ਦੋਸਤਾਂ ਤੋਂ ਸਵਾਲ ਪੁੱਛਣਾ ਅਪਰਾਧ ਹੈ, ਤਾਂ ਹਰ ਭਾਰਤੀ ਵਾਰ-ਵਾਰ ਇਹ ਅਪਰਾਧ ਕਰੇਗਾ। ਹੁਣ ਦੇਸ਼ ਦੇ ਪੈਸੇ ਦੀ ਚੋਰੀ ਨਹੀਂ, ਚੋਰਾਂ ਦਾ ਨਾਮ ਲੈਣਾ ਗੁਨਾਹ ਹੈ। ਨਾ ਰਾਹੁਲ ਗਾਂਧੀ ਡਰਣਗੇ, ਨਾ ਕਾਂਗਰਸ ਝੁਕੇਗੀ।
ਕਾਂਗਰਸ ਨੇ ਟਵੀਟ ਕਰਕੇ ਕਿਹਾ ਕਿ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ। ਉਹ ਤੁਹਾਡੇ ਅਤੇ ਇਸ ਦੇਸ਼ ਲਈ ਸੜਕ ਤੋਂ ਸੰਸਦ ਤੱਕ ਲਗਾਤਾਰ ਲੜ ਰਹੇ ਹਨ, ਲੋਕਤੰਤਰ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਹਰ ਸਾਜ਼ਿਸ਼ ਦੇ ਬਾਵਜੂਦ ਉਹ ਇਸ ਲੜਾਈ ਨੂੰ ਹਰ ਕੀਮਤ ‘ਤੇ ਜਾਰੀ ਰੱਖਣਗੇ ਅਤੇ ਇਸ ਮਾਮਲੇ ‘ਚ ਨਿਆਂਪੂਰਨ ਕਾਰਵਾਈ ਕਰਨਗੇ। ਲੜਾਈ ਜਾਰੀ ਹੈ।
ਜੈਰਾਮ ਰਮੇਸ਼ ਨੇ ਲੋਕਤੰਤਰ ਲਈ ਕਿਹਾ ਓਮ ਸ਼ਾਂਤੀ
ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਅਸੀਂ ਇਸ ਲੜਾਈ ਨੂੰ ਕਾਨੂੰਨੀ ਅਤੇ ਸਿਆਸੀ ਤੌਰ ‘ਤੇ ਲੜਾਂਗੇ। ਅਸੀਂ ਡਰਾਂਗੇ ਜਾਂ ਚੁੱਪ ਨਹੀਂ ਹੋਵਾਂਗੇ। ਪ੍ਰਧਾਨ ਮੰਤਰੀ ਨਾਲ ਜੁੜੇ ਅਡਾਨੀ ਮਹਾਮੇਗਾ ਘੁਟਾਲੇ ਵਿੱਚ ਜੇਪੀਸੀ ਦੀ ਬਜਾਏ ਰਾਹੁਲ ਗਾਂਧੀ ਨੂੰ ਅਯੋਗ ਕਰਾਰ ਦਿੱਤਾ ਗਿਆ। ਭਾਰਤੀ ਲੋਕਤੰਤਰ ਲਈ ਓਮ ਸ਼ਾਂਤੀ।
ਇਹ ਵੀ ਪੜ੍ਹੋ
ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਸਪੀਕਰ ਕੋਲ ਅਜਿਹੀ ਸਥਿਤੀ ਵਿੱਚ ਕਿਸੇ ਵੀ ਸੰਸਦ ਮੈਂਬਰ ਨੂੰ ਅਯੋਗ ਠਹਿਰਾਉਣ ਦਾ ਅਧਿਕਾਰ ਹੈ। ਸੂਰਤ ਜ਼ਿਲ੍ਹਾ ਅਦਾਲਤ ਦੇ ਫੈਸਲੇ ਤੋਂ ਬਾਅਦ ਇਹ ਫੈਸਲਾ ਲੈਣਾ ਬਹੁਤ ਜ਼ਰੂਰੀ ਸੀ, ਸਪੀਕਰ ਨੇ ਸਹੀ ਫੈਸਲਾ ਲਿਆ ਹੈ।
ਵਿਦੇਸ਼ਾਂ ‘ਚ ਵੀ ਦੇਸ਼ ਨੂੰ ਬਦਨਾਮ ਕੀਤਾ- ਕੇਂਦਰੀ ਮੰਤਰੀ ਭੂਪੇਂਦਰ ਯਾਦਵ
ਕੇਂਦਰੀ ਮੰਤਰੀ ਭੂਪੇਂਦਰ ਯਾਦਵ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਪੂਰੇ ਭਾਈਚਾਰੇ ਨੂੰ ਚੋਰ ਕਿਵੇਂ ਕਹਿ ਸਕਦੇ ਹਨ? ਬੋਲਣ ਦੀ ਆਜ਼ਾਦੀ ਦਾ ਮਤਲਬ ਕਿਸੇ ਭਾਈਚਾਰੇ ਨੂੰ ਬਦਨਾਮ ਕਰਨਾ ਜਾਂ ਅਪਮਾਨ ਕਰਨਾ ਨਹੀਂ ਹੈ। ਉਨ੍ਹਾਂ ਨੇ ਓਬੀਸੀ ਭਾਈਚਾਰੇ ਨੂੰ ਗਾਲ੍ਹਾਂ ਦਿੱਤੀਆਂ ਹਨ, ਉਸਦੀ ਆਲੋਚਨਾ ਨਹੀਂ ਕੀਤੀ। ਉਹ ਆਪਣੀ ਟਿੱਪਣੀ ਲਈ ਮੁਆਫੀ ਵੀ ਨਹੀਂ ਮੰਗ ਰਹੇ ਹਨ। ਵਿਦੇਸ਼ਾਂ ਵਿੱਚ ਵੀ ਦੇਸ਼ ਨੂੰ ਬਦਨਾਮ ਕੀਤਾ।
ਇੱਕ ਦਿਨ ਪਹਿਲਾਂ, ਗੁਜਰਾਤ ਦੀ ਸੂਰਤ ਅਦਾਲਤ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਬਿਆਨ ਲਈ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ, ਅਤੇ ਇਸ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣ ਲਈ 30 ਦਿਨਾਂ ਦਾ ਸਮਾਂ ਵੀ ਦਿੱਤਾ ਸੀ। ਮਾਮਲਾ 2019 ਦਾ ਹੈ, ਜਦੋਂ ਲੋਕ ਸਭਾ ਚੋਣਾਂ ਦੌਰਾਨ ਕਰਨਾਟਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਵੇਂ ਹੋ ਸਕਦਾ ਹੈ। ਰਾਹੁਲ ਗਾਂਧੀ ਖ਼ਿਲਾਫ਼ ਇਹ ਮਾਮਲਾ ਗੁਜਰਾਤ ਵਿੱਚ ਭਾਜਪਾ ਆਗੂ ਪੂਰਨੇਸ਼ ਮੋਦੀ ਨੇ ਚੁੱਕਿਆ ਸੀ।