‘ਡਰੋ ਨਾ ਮੋਦੀ ਜੀ, ਸਾਹਮਣੇ ਆਓ ਤੇ ਬਹਿਸ ਕਰੋ…’ 24 ਘੰਟੇ ਬੀਤਣ ਮਗਰੋਂ ਰਾਹੁਲ ਗਾਂਧੀ ਨੇ PM ਮੋਦੀ ਨੂੰ ਮੁੜ ਦਿੱਤੀ ਚੁਣੌਤੀ

Updated On: 

03 Nov 2026 20:54 PM IST

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇੱਕ ਵਿਸ਼ੇਸ਼ ਵੀਡੀਓ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਅਹਿਮ ਕੌਮੀ ਤੇ ਕੌਮਾਂਤਰੀ ਮੁੱਦਿਆਂ 'ਤੇ ਸਿੱਧੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਕਰੀਬ 1 ਮਿੰਟ 50 ਸਕਿੰਟ ਦੇ ਇਸ ਵੀਡੀਓ ਸੁਨੇਹੇ ਵਿੱਚ ਕਾਂਗਰਸ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੱਤਿਆਂ 24 ਘੰਟੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ।

ਡਰੋ ਨਾ ਮੋਦੀ ਜੀ, ਸਾਹਮਣੇ ਆਓ ਤੇ ਬਹਿਸ ਕਰੋ... 24 ਘੰਟੇ ਬੀਤਣ ਮਗਰੋਂ ਰਾਹੁਲ ਗਾਂਧੀ ਨੇ PM ਮੋਦੀ ਨੂੰ ਮੁੜ ਦਿੱਤੀ ਚੁਣੌਤੀ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇੱਕ ਵਿਸ਼ੇਸ਼ ਵੀਡੀਓ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਅਹਿਮ ਕੌਮੀ ਤੇ ਕੌਮਾਂਤਰੀ ਮੁੱਦਿਆਂ ‘ਤੇ ਸਿੱਧੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਕਰੀਬ 1 ਮਿੰਟ 50 ਸਕਿੰਟ ਦੇ ਇਸ ਵੀਡੀਓ ਸੁਨੇਹੇ ਵਿੱਚ ਕਾਂਗਰਸ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੱਤਿਆਂ 24 ਘੰਟੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਵਿਰੋਧੀ ਧਿਰ ਨੂੰ ਦੇਸ਼ਧ੍ਰੋਹੀ ਦੱਸਦੀ ਹੈ ਤਾਂ ਪ੍ਰਧਾਨ ਮੰਤਰੀ ਆਪਣੀ ਪਸੰਦ ਦਾ ਕੋਈ ਵੀ ਮੰਚ ਅਤੇ ਸਥਾਨ ਤੈਅ ਕਰਨ, ਉਹ ਆਹਮੋ-ਸਾਹਮਣੇ ਬਹਿਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਰਾਹੁਲ ਗਾਂਧੀ ਨੇ ਵੀਡੀਓ ਰਾਹੀਂ ਸਵਾਲ ਚੁੱਕਦਿਆਂ ਕਿਹਾ ਕਿ ਇਸ ਗੱਲ ਦਾ ਨਿਬੇੜਾ ਹੋਣਾ ਲਾਜ਼ਮੀ ਹੈ ਕਿ ਅਸਲ ਦੇਸ਼ਧ੍ਰੋਹੀ ਕੌਣ ਹੈ ਅਤੇ ਵਿਦੇਸ਼ੀ ਤਾਕਤਾਂ ਨਾਲ ਕਿਸ ਤਰ੍ਹਾਂ ਦੇ ਸਬੰਧ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਡਰਨ ਨਾ, ਸਗੋਂ ਜਲਦ ਤੋਂ ਜਲਦ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਬਹਿਸ ਦੌਰਾਨ ਦੇਸ਼ ਦੇ ਵਿੱਤੀ ਢਾਂਚੇ ਅਤੇ ਅਮਰੀਕੀ ਸਮਝੌਤੇ ਬਾਰੇ ਤਿੱਖੇ ਸਵਾਲ ਪੁੱਛੇ ਜਾਣਗੇ ਕਿ ਇਹ ਸਮਝੌਤਾ ਕਿਉਂ ਅਤੇ ਕਿਵੇਂ ਹੋਇਆ, ਇਸ ਨੂੰ ਇੰਨੀ ਕਾਹਲੀ ਨਾਲ ਕਿਉਂ ਲਾਗੂ ਕੀਤਾ ਗਿਆ, ਅਤੇ ਇਸ ਬਾਰੇ ਕੈਬਨਿਟ ਨੂੰ ਭਰੋਸੇ ਵਿੱਚ ਲਏ ਬਿਨਾਂ ਇਕੱਲਿਆਂ ਹੀ ਫ਼ੈਸਲੇ ਕਿਉਂ ਲਏ ਗਏ।

ਵਿਰੋਧੀ ਧਿਰ ਦੇ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਚਰਚਾ ਦੌਰਾਨ ਅਡਾਨੀ ਮਾਮਲੇ ਨੂੰ ਬੰਦ ਕਰਨ ਦੇ ਕਾਰਨਾਂ, ਐਪਸਟੀਨ ਮਾਮਲੇ ਅਤੇ ਹੋਰ ਕਈ ਅਹਿਮ ਮਸਲਿਆਂ ‘ਤੇ ਖੁੱਲ੍ਹ ਕੇ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ‘ਤੇ ਦੋਸ਼ ਲਗਾ ਰਹੀ ਹੈ ਤਾਂ ਮੈਦਾਨ ਵਿੱਚ ਸਾਹਮਣੇ ਆ ਕੇ ਸਾਰੀ ਸੱਚਾਈ ਜਨਤਾ ਸਾਹਮਣੇ ਰੱਖਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਤਨਜ਼ ਕੱਸਿਆ ਕਿ ਉਨ੍ਹਾਂ ਉੱਪਰ ਪਹਿਲਾਂ ਹੀ ਮਾਣਹਾਨੀ ਦੇ ਲਗਭਗ 45 ਮੁਕੱਦਮੇ ਦਰਜ ਹਨ, ਪਰ ਵਿਦੇਸ਼ੀ ਸਬੰਧਾਂ ਦੇ ਦੋਸ਼ਾਂ ‘ਤੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ; ਜੇਕਰ ਸਰਕਾਰ ਚਾਹੇ ਤਾਂ ਇੱਕ ਹੋਰ ਕੇਸ ਕਰ ਸਕਦੀ ਹੈ ਤਾਂ ਜੋ ਉਸ ਉੱਤੇ ਵੀ ਖੁੱਲ੍ਹ ਕੇ ਬਹਿਸ ਹੋ ਸਕੇ। ਆਪਣੇ ਸੰਬੋਧਨ ਦੇ ਅੰਤ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੀਵਾਲੀ ਦੀਆਂ ਮੁਬਾਰਕਾਂ ਵੀ ਦਿੱਤੀਆਂ।

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪਲਟਵਾਰ

ਦੂਜੇ ਪਾਸੇ, ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਖੇ ਇੱਕ ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਦੇ ਬਿਆਨਾਂ ‘ਤੇ ਤਿੱਖਾ ਹਮਲਾ ਬੋਲਿਆ। ਗ੍ਰਹਿ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਆਗੂ ਇੱਕ ਨਕਲੀ ਸੰਸਦ ਬਣਾ ਕੇ ਦੇਸ਼ ਦੀ ਅਸਲ ਸੰਸਦ ਦਾ ਮਜ਼ਾਕ ਉਡਾ ਰਹੇ ਹਨ ਅਤੇ ਚਰਚਾ ਦਾ ਸਿਰਫ਼ ਦਿਖਾਵਾ ਕਰ ਰਹੇ ਹਨ।

ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਹਰ ਇੱਕ ਮੁੱਦੇ ‘ਤੇ ਗੰਭੀਰ ਚਰਚਾ ਕਰਨ ਲਈ ਤਿਆਰ ਹੈ, ਬਸ਼ਰਤੇ ਵਿਰੋਧੀ ਧਿਰ ਸੰਸਦ ਦੀ ਕਾਰਵਾਈ ਨੂੰ ਨਿਰਵਿਘਨ ਚੱਲਣ ਦੇਵੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਲੋੜ ਪਈ ਤਾਂ ਸਰਕਾਰ ਇਨ੍ਹਾਂ ਮੁੱਦਿਆਂ ‘ਤੇ ਬਹਿਸ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਲਈ ਵੀ ਤਿਆਰ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਵਿੱਚ ਦਮ ਹੈ ਤਾਂ ਉਹ ਦੇਸ਼ ਦੀ ਜਨਤਾ ਸਾਹਮਣੇ ਆ ਕੇ ਗੱਲ ਕਰੇ। ਉਨ੍ਹਾਂ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੱਥ ਵਿੱਚ ਸਿਰਫ਼ ਸੰਵਿਧਾਨ ਦੀ ਕਾਪੀ ਲੈ ਕੇ ਘੁੰਮਣ ਨਾਲ ਕੋਈ ਸੰਵਿਧਾਨ ਦਾ ਹਾਮੀ ਨਹੀਂ ਬਣ ਜਾਂਦਾ, ਸਗੋਂ ਉਸ ਦਾ ਆਚਰਣ ਅਤੇ ਵਿਵਹਾਰ ਵੀ ਸੰਵਿਧਾਨਕ ਮਰਿਆਦਾਵਾਂ ਮੁਤਾਬਕ ਹੋਣਾ ਚਾਹੀਦਾ ਹੈ।

Loading...
Unable to load recommendations.
Follow Us