ਕੱਲ੍ਹ ਲੋਕਸਭਾ ਅੱਜ ਰਾਜਸਭਾ – ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀਆਂ ‘ਤੇ ਲਾਏ ਖਿੱਚ-ਖਿੱਚ ਕੇ ਨਿਸ਼ਾਨੇ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਤਿਹਾਸ ਚੁੱਕ ਕੇ ਦੇਖ ਲਵੋ ਕਿ ਉਹ ਕਿਹੜੀ ਪਾਰਟੀ ਸੀ ਜਿਸ ਨੇ ਧਾਰਾ 356 ਦੀ ਸਭ ਤੋਂ ਵੱਧ ਦੁਰਵਰਤੋਂ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ‘ਚ ਵਿਰੋਧੀ ਧਿਰ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇਖ ਰਿਹਾ ਹੈ ਕਿ ਇੱਕ ਇਕੱਲਾ ਕਿੰਨੇ ਲੋਕਾਂ ‘ਤੇ ਭਾਰੀ ਪੈ ਰਿਹਾ ਹੈ। ਰਾਜ ਸਭਾ ‘ਚ ਆਪਣੇ ਭਾਸ਼ਣ ਦੌਰਾਨ ਪੀਐਮ ਮੋਦੀ ਨੇ ਨਹਿਰੂ ਅਤੇ ਗਾਂਧੀ ਦਾ ਨਾਂ ਲੈ ਕੇ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਕਿਸੇ ਇੱਕ ਪਰਿਵਾਰ ਦਾ ਮਲਕੀਅਤ ਨਹੀਂ ਹੈ।
ਕਾਂਗਰਸ ਦਾ ਦੱਸਿਆ ਇਤਿਹਾਸ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਤਿਹਾਸ ਚੁੱਕ ਕੇ ਦੇਖ ਲਵੋ ਕਿ ਉਹ ਕਿਹੜੀ ਪਾਰਟੀ ਸੀ ਜਿਨ੍ਹਾਂ ਨੇ ਆਰਟੀਕਲ 356 ਦੀ ਸਭ ਤੋਂ ਵੱਧ ਦੁਰਵਰਤੋਂ ਕੀਤੀ। 90 ਵਾਰ ਚੁਣੀਆਂ ਗਈਆਂ ਸਰਕਾਰਾਂ ਨੂੰ ਡੇਗ ਦਿੱਤਾ। ਇੰਦਰਾ ਗਾਂਧੀ ਨੇ ਆਰਟੀਕਲ 356 ਦੀ 50 ਵਾਰ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਪੰਡਿਤ ਨਹਿਰੂ ਨੇ ਕੇਰਲ ਵਿੱਚ ਪਹਿਲੀ ਸਰਕਾਰ ਨੂੰ ਡੇਗ ਦਿੱਤਾ। ਤਾਮਿਲਨਾਡੂ ਵਿੱਚ ਕਰੁਣਾਨਿਧੀ ਦੀ ਸਰਕਾਰ ਇਨ੍ਹਾਂ ਕਾਂਗਰਸੀਆਂ ਨੇ ਹੀ ਢਾਹ ਦਿੱਤੀ ਸੀ।
‘ਨਹੀਂ ਬਣਨ ਦਿੱਤੀ ਭਾਜਪਾ ਅਤੇ ਦੇਵੀ ਲਾਲ ਨੂੰ ਸਰਕਾਰ’
ਪੀਐਮ ਮੋਦੀ ਨੇ ਕਿਹਾ ਕਿ ਐਮਜੀਆਰ ਦੀ ਆਤਮਾ ਜਰੂਰ ਦੇਖਦੀ ਹੋਵੇਗੀ ਕਿ ਤੁਸੀਂ ਅੱਜ ਕਿੱਥੇ ਖੜ੍ਹੇ ਹੋ। ਸ਼ਰਦ ਪਵਾਰ ਜੀ, ਜੋ ਕਿ ਇੱਕ ਨੌਜਵਾਨ ਮੁੱਖ ਮੰਤਰੀ ਸਨ, ਉਨ੍ਹਾਂ ਨੂੰ ਡੇਗ ਦਿੱਤਾ ਗਿਆ। ਐੱਨਟੀਆਰ ਦੀ ਸਰਕਾਰ ਨੂੰ ਉਦੋਂ ਡੇਗ ਦਿੱਤਾ ਗਿਆ ਜਦੋਂ ਉਹ ਇਲਾਜ ਲਈ ਅਮਰੀਕਾ ਗਏ ਸਨ। ਰਾਜ ਭਵਨਾਂ ਨੂੰ ਕਾਂਗਰਸ ਦੇ ਦਫ਼ਤਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ। 2005 ਵਿੱਚ, ਘੱਟ ਗਿਣਤੀ ਕਾਂਗਰਸ ਨੂੰ ਝਾਰਖੰਡ ਵਿੱਚ ਸਰਕਾਰ ਬਣਾਉਣ ਲਈ ਬੁਲਾਇਆ ਗਿਆ। 1982 ਵਿੱਚ ਭਾਜਪਾ ਅਤੇ ਦੇਵੀ ਲਾਲ ਨੂੰ ਸਰਕਾਰ ਨਹੀਂ ਬਣਨ ਦਿੱਤੀ ਗਈ।