ਗਲੋਬਲ ਫਿਨਟੈੱਕ ਫ਼ੈਸਟ ‘ਚ ਤੇਲ ਸੰਕਟ ਤੋਂ ਲੈ ਕੇ UPI ਅਤੇ GDP ਤੱਕ, ਜਾਣੋ ਕੀ ਬੋਲੇ PM ਮੋਦੀ

Updated On: 

08 Sep 2026 23:08 PM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਮੁੰਬਈ ਵਿਖੇ ਆਯੋਜਿਤ 'ਗਲੋਬਲ ਫਿਨਟੈੱਕ ਫ਼ੈਸਟ 2026' ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਹਰ ਕੋਈ ਮੌਜੂਦਾ ਕੌਮਾਂਤਰੀ ਹਾਲਾਤਾਂ ਤੋਂ ਭਲੀ-ਭਾਂਤ ਜਾਣੂ ਹੈ। ਸਮੁੱਚਾ ਵਿਸ਼ਵ ਇਸ ਵੇਲੇ ਆਪਸੀ ਟਕਰਾਅ ਅਤੇ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਲੰਘ ਰਿਹਾ ਹੈ।

ਗਲੋਬਲ ਫਿਨਟੈੱਕ ਫ਼ੈਸਟ ਚ ਤੇਲ ਸੰਕਟ ਤੋਂ ਲੈ ਕੇ UPI ਅਤੇ GDP ਤੱਕ, ਜਾਣੋ ਕੀ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਮੁੰਬਈ ਵਿਖੇ ਆਯੋਜਿਤ ‘ਗਲੋਬਲ ਫਿਨਟੈੱਕ ਫ਼ੈਸਟ 2026’ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਹਰ ਕੋਈ ਮੌਜੂਦਾ ਕੌਮਾਂਤਰੀ ਹਾਲਾਤਾਂ ਤੋਂ ਭਲੀ-ਭਾਂਤ ਜਾਣੂ ਹੈ। ਸਮੁੱਚਾ ਵਿਸ਼ਵ ਇਸ ਵੇਲੇ ਆਪਸੀ ਟਕਰਾਅ ਅਤੇ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਕੱਚੇ ਤੇਲ ਨੂੰ ਲੈ ਕੇ ਸੰਸਾਰ ਪੱਧਰ ‘ਤੇ ਖਿੱਚੋਤਾਣ ਜਾਰੀ ਹੈ ਅਤੇ ਅਪ੍ਰੈਲ ਤੋਂ ਜੂਨ ਵਾਲੀ ਤਿਮਾਹੀ ਆਰਥਿਕ ਲਿਹਾਜ਼ ਤੋਂ ਬੇਹੱਦ ਚੁਣੌਤੀਪੂਰਨ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਗੰਭੀਰ ਸੰਕਟ ਦੇ ਬਾਵਜੂਦ ਜਦੋਂ ਭਾਰਤ ਦੀ ਜੀਡੀਪੀ (ਕੁੱਲ ਘਰੇਲੂ ਉਤਪਾਦ) 7.8 ਫ਼ੀਸਦੀ ਦੀ ਦਰ ਨਾਲ ਅੱਗੇ ਵਧਦੀ ਹੈ, ਤਾਂ ਇਹ ਪੂਰੀ ਦੁਨੀਆ ਅੰਦਰ ਇੱਕ ਨਵਾਂ ਵਿਸ਼ਵਾਸ ਅਤੇ ਭਰੋਸਾ ਪੈਦਾ ਕਰਦੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਇਨ੍ਹਾਂ ਗੁੰਝਲਦਾਰ ਹਾਲਾਤਾਂ ਦੌਰਾਨ ਵੀ ਭਾਰਤ ਦੀ ਅੰਤਰਰਾਸ਼ਟਰੀ ਪੱਧਰ ‘ਤੇ ਸਾਖ਼ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ‘ਵਿਕਸਿਤ ਭਾਰਤ’ ਦਾ ਸੁਪਨਾ ਹਕੀਕਤ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ, “ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਇੱਥੇ ਇੱਕ ਹੋਰ ‘ਹੈਟ੍ਰਿਕ’ ਬਣੀ ਹੈ। ਇੱਕ ਹੈਟ੍ਰਿਕ ਸਾਲ 2024 ਵਿੱਚ ਤੀਜੀ ਵਾਰ ਸਰਕਾਰ ਬਣਾਉਣ ਨਾਲ ਲੱਗੀ ਸੀ, ਅਤੇ ਦੂਜੀ ਹੈਟ੍ਰਿਕ ਤੁਹਾਡੇ ਸਾਰਿਆਂ ਵਿਚਾਲੇ ਮੇਰੀ ਲਗਾਤਾਰ ਮੌਜੂਦਗੀ ਨਾਲ ਜੁੜੀ ਹੋਈ ਹੈ। ਗਲੋਬਲ ਫਿਨਟੈੱਕ ਫ਼ੈਸਟ ਵਿੱਚ ਇਹ ਮੇਰਾ ਲਗਾਤਾਰ ਤੀਜਾ ਸਾਲ ਹੈ। ਇਹ ਹੈਟ੍ਰਿਕ ਸਪੱਸ਼ਟ ਕਰਦੀ ਹੈ ਕਿ ‘ਵਿਕਸਿਤ ਭਾਰਤ’ ਦੇ ਨਿਰਮਾਣ ਲਈ ਤੁਹਾਡੀ ਭੂਮਿਕਾ ਕਿੰਨੀ ਅਹਿਮ ਹੈ ਅਤੇ ਤੁਹਾਡਾ ਕੰਮ ਦੇਸ਼ ਲਈ ਕਿੰਨਾ ਜ਼ਰੂਰੀ ਹੈ।”

‘ਵਿਕਸਿਤ ਭਾਰਤ’ ਦੇ ਭਵਿੱਖ ‘ਤੇ ਹੋਰ ਮਜ਼ਬੂਤ ਹੋਇਆ ਵਿਸ਼ਵਾਸ

ਪ੍ਰਧਾਨ ਮੰਤਰੀ ਨੇ ਸੰਮੇਲਨ ਵਿੱਚ ਸ਼ਾਮਲ ਡੈਲੀਗੇਟਾਂ ਦੀ ਊਰਜਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਵੀ ਉਹ ਇਸ ਮੰਚ ‘ਤੇ ਆਉਂਦੇ ਹਨ, ਤਾਂ ਉਨ੍ਹਾਂ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਨੌਜਵਾਨ ਚਿਹਰੇ ਨਜ਼ਰ ਆਉਂਦੇ ਹਨ ਅਤੇ ਇੱਕ ਨਵੀਂ ਊਰਜਾ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਸੰਭਾਵਨਾਵਾਂ ਦਾ ਦਾਇਰਾ ਲਗਾਤਾਰ ਫੈਲ ਰਿਹਾ ਹੈ। ਨੌਜਵਾਨਾਂ ਵਿੱਚ ਜੋਖ਼ਮ ਲੈਣ ਦੀ ਸਮਰੱਥਾ ਵਧੀ ਹੈ ਅਤੇ ਸੁਪਨੇ ਹੋਰ ਵੱਡੇ ਹੁੰਦੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਦੇਸ਼ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਭਵਿੱਖ ਪ੍ਰਤੀ ਉਨ੍ਹਾਂ ਦਾ ਭਰੋਸਾ ਦਿਨ-ਬ-ਦਿਨ ਹੋਰ ਪੱਕਾ ਹੁੰਦਾ ਜਾ ਰਿਹਾ ਹੈ।

UPI ਫਿਨਟੈੱਕ ਖੇਤਰ ਦੀ ਸਭ ਤੋਂ ਵੱਡੀ ਪ੍ਰਾਪਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀਆਈ ਨੂੰ ਦੇਸ਼ ਦੇ ਫਿਨਟੈੱਕ ਸੈਕਟਰ ਦੀ ਸਭ ਤੋਂ ਕਾਮਯਾਬ ਅਤੇ ਇਨਕਲਾਬੀ ਮਿਸਾਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਬੇਮਿਸਾਲ ਕਾਮਯਾਬੀ ਹੈ ਜਿਸ ਦੀ ਸ਼ਲਾਘਾ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਵੀ ਖੁੱਲ੍ਹ ਕੇ ਕੀਤੀ ਹੈ। ਇਸ ਡਿਜੀਟਲ ਪਲੇਟਫਾਰਮ ਨੇ ਕਰੋੜਾਂ ਲੋਕਾਂ ਨੂੰ ਰਸਮੀ ਬੈਂਕਿੰਗ ਪ੍ਰਣਾਲੀ ਨਾਲ ਸਫ਼ਲਤਾਪੂਰਵਕ ਜੋੜਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਹੁਣ ਸਿਰਫ਼ ਦੂਜਿਆਂ ਦੇ ਬਣਾਏ ਨਿਯਮਾਂ ‘ਤੇ ਚੱਲਣ ਵਾਲਾ ਦੇਸ਼ ਨਹੀਂ ਰਿਹਾ, ਸਗੋਂ ਆਪਣੇ ਨਿਯਮ ਅਤੇ ਮਿਆਰ ਖ਼ੁਦ ਤੈਅ ਕਰ ਰਿਹਾ ਹੈ।

ਫਿਨਟੈੱਕ ਨੇ ਬਦਲ ਦਿੱਤਾ ਭਾਰਤੀ ਵਿੱਤੀ ਢਾਂਚਾ

ਇਸ ਤੋਂ ਪਹਿਲਾਂ ਗਲੋਬਲ ਫਿਨਟੈੱਕ ਫ਼ੈਸਟ 2026 ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਫਿਨਟੈੱਕ ਨੇ ਭਾਰਤ ਦੇ ਵਿੱਤੀ ਸੰਸਾਰ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੀ ਹੈ। ਇਸ ਤਕਨੀਕ ਨੇ ਬੈਂਕਿੰਗ ਸੇਵਾਵਾਂ ਨੂੰ ਬੈਂਕ ਸ਼ਾਖਾਵਾਂ ਦੀਆਂ ਚਾਰ-ਦੀਵਾਰੀਆਂ ਵਿੱਚੋਂ ਬਾਹਰ ਕੱਢ ਕੇ ਸਿੱਧਾ ਹਰੇਕ ਨਾਗਰਿਕ ਦੇ ਹੱਥਾਂ ਤੱਕ ਪਹੁੰਚਾ ਦਿੱਤਾ ਹੈ। ਅੱਜ ਚਾਹੇ ਕੋਈ ਛੋਟੇ ਸ਼ਹਿਰ ਦਾ ਦੁਕਾਨਦਾਰ ਹੋਵੇ, ਦੂਰ-ਦੁਰਾਡੇ ਪਿੰਡ ਵਿੱਚ ਬੈਠਾ ਕਿਸਾਨ ਹੋਵੇ ਜਾਂ ਫਿਰ ਕਿਸੇ ਮਹਾਨਗਰ ਦਾ ਨੌਜਵਾਨ ਪੇਸ਼ੇਵਰ (ਪ੍ਰੋਫ਼ੈਸ਼ਨਲ), ਸਾਰੇ ਹੀ ਯੂਪੀਆਈ, ਆਧਾਰ-ਅਧਾਰਤ ਭੁਗਤਾਨ ਪ੍ਰਣਾਲੀ (AePS) ਅਤੇ ਜਨ-ਧਨ ਈਕੋਸਿਸਟਮ ਰਾਹੀਂ ਬੇਹੱਦ ਆਸਾਨੀ ਨਾਲ ਲੈਣ-ਦੇਣ, ਬੱਚਤ ਅਤੇ ਕਰਜ਼ੇ ਦੀਆਂ ਸਹੂਲਤਾਂ ਹਾਸਲ ਕਰ ਰਹੇ ਹਨ।

ਕਰੋੜਾਂ ਨਾਗਰਿਕਾਂ ਦੇ ਜੀਵਨ ਦੀ ਰੋਜ਼ਾਨਾ ਹਕੀਕਤ ਬਣਿਆ ਵਿੱਤੀ ਸਮਾਵੇਸ਼ਨ

ਆਰਬੀਆਈ ਗਵਰਨਰ ਸੰਜੇ ਮਲਹੋਤਰਾ ਨੇ ਅੱਗੇ ਕਿਹਾ ਕਿ ਇਹ ਤਬਦੀਲੀ ਵਿੱਤੀ ਸਮਾਵੇਸ਼ਨ ਦੀ ਅਸਲ ਤਸਵੀਰ ਨੂੰ ਪੇਸ਼ ਕਰਦੀ ਹੈ। ਇਹ ਹੁਣ ਸਿਰਫ਼ ਕਿਸੇ ਸਰਕਾਰੀ ਪਾਲਿਸੀ ਜਾਂ ਦਸਤਾਵੇਜ਼ੀ ਟੀਚੇ ਤੱਕ ਸੀਮਤ ਨਹੀਂ ਹੈ, ਸਗੋਂ ਕਰੋੜਾਂ ਭਾਰਤੀਆਂ ਦੀ ਰੋਜ਼ਾਨਾ ਜ਼ਿੰਦਗੀ ਦੀ ਹਕੀਕਤ ਬਣ ਚੁੱਕੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵੱਡੀ ਪ੍ਰਾਪਤੀ ਸਿਰਫ਼ ਫਿਨਟੈੱਕ ਦੇ ਸਿਰ ‘ਤੇ ਸੰਭਵ ਹੋਈ ਹੈ, ਜਿਸ ਨੇ ਦੇਸ਼ ਦੀ ਵਿਸ਼ਾਲ ਅਤੇ ਵੰਨ-ਸੁਵੰਨੀ ਆਬਾਦੀ ਨੂੰ ਤੇਜ਼ ਰਫ਼ਤਾਰ ਅਤੇ ਬਹੁਤ ਘੱਟ ਲਾਗਤ ‘ਤੇ ਰਸਮੀ ਵਿੱਤੀ ਢਾਂਚੇ ਦੇ ਘੇਰੇ ਵਿੱਚ ਲਿਆ ਕੇ ਖੜ੍ਹਾ ਕੀਤਾ ਹੈ।

Loading...
Unable to load recommendations.
Follow Us