ਪਠਾਨਕੋਟ ਏਅਰਬੇਸ ‘ਤੇ ਹਮਲੇ ਦੀ ਕੋਸ਼ਿਸ਼, ਉੜੀ ਦੇ ਨਾਗਰਿਕ ਇਲਾਕਿਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਪਾਕਿਸਤਾਨ ਵੱਲੋਂ ਲਗਾਤਾਰ ਸਰਹੱਦ ਪਾਰ ਤੋਂ ਹੋ ਰਹੇ ਹਮਲਿਆਂ ਤੋਂ ਬਾਅਦ ਭਾਰਤ ਨੇ ਸਖ਼ਤ ਕਾਰਵਾਈ ਕੀਤੀ ਹੈ। ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨੀ ਡਰੋਨ ਹਮਲਿਆਂ ਦਾ ਜਵਾਬ ਦਿੱਤਾ ਅਤੇ ਕਈ ਡਰੋਨਾਂ ਨੂੰ ਡੇਗ ਦਿੱਤਾ। ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਭਾਰੀ ਗੋਲਾਬਾਰੀ ਹੋਈ, ਜਿਸ ਕਾਰਨ ਕਈ ਥਾਵਾਂ 'ਤੇ ਬਿਜਲੀ ਬੰਦ ਹੋ ਗਈ ਅਤੇ ਸ੍ਰੀਨਗਰ ਹਵਾਈ ਅੱਡਾ ਵੀ ਬੰਦ ਕਰ ਦਿੱਤਾ ਗਿਆ।
ਪਠਾਨਕੋਟ ਏਅਰਬੇਸ 'ਤੇ ਹਮਲੇ ਦੀ ਕੋਸ਼ਿਸ਼, ਪਾਕਿਸਤਾਨ ਦੀ ਨਾਪਾਕ ਹਰਕਤ
ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਪੀਓਕੇ ਵਿੱਚ ਅੱਤਵਾਦੀ ਕੈਂਪਾਂ ‘ਤੇ ਭਾਰਤ ਦੀ ਸਟੀਕ ਕਾਰਵਾਈ ਤੋਂ ਬਾਅਦ, ਪਾਕਿਸਤਾਨ ਲਗਾਤਾਰ ਭੜਕਾਊ ਕਾਰਵਾਈਆਂ ਕਰ ਰਿਹਾ ਹੈ ਅਤੇ ਆਪਣੀਆਂ ਕਾਰਵਾਈਆਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਵੀਰਵਾਰ ਰਾਤ ਨੂੰ, 300 ਤੋਂ 400 ਤੁਰਕੀ ਦੇ ਬਣੇ ਡਰੋਨਾਂ ਦੀ ਵਰਤੋਂ ਕਰਕੇ ਭਾਰਤ ਵਿਰੁੱਧ 36 ਥਾਵਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਭਾਰਤੀ ਹਵਾਈ ਸੈਨਾ ਨੇ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ।
ਹਾਲਾਂਕਿ ਸ਼ੁੱਕਰਵਾਰ ਨੂੰ ਪਾਕਿਸਤਾਨ ਨੇ ਇੱਕ ਵਾਰ ਫਿਰ ਡਰੋਨ ਅਤੇ ਗੋਲਾਬਾਰੀ ਦੀ ਵਰਤੋਂ ਕਰਨ ਦੀ ਹਿੰਮਤ ਕੀਤੀ, ਪਰ ਭਾਰਤੀ ਹਥਿਆਰਬੰਦ ਬਲਾਂ ਨੇ ਤੁਰੰਤ ਕਾਰਵਾਈ ਕਰਦਿਆਂ ਜੰਮੂ, ਸਾਂਬਾ ਅਤੇ ਪਠਾਨਕੋਟ ਵਿੱਚ ਪਾਕਿਸਤਾਨੀ ਡਰੋਨਾਂ ਨੂੰ ਡੇਗ ਦਿੱਤਾ। ਇਸ ਦੌਰਾਨ ਪਠਾਨਕੋਟ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫੌਜ ਨੇ ਇਸ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਅਤੇ ਇਸ ਵਾਰ ਉੜੀ ਵਿੱਚ ਨਾਗਰਿਕ ਖੇਤਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਾਜੌਰੀ ਵਿੱਚ ਜੰਗਬੰਦੀ ਦੀ ਉਲੰਘਣਾ
ਸ਼ੁੱਕਰਵਾਰ ਸ਼ਾਮ ਨੂੰ ਜੰਮੂ ਸ਼ਹਿਰ ਵਿੱਚ ਕਈ ਧਮਾਕੇ ਸੁਣੇ ਗਏ, ਜਿਸ ਤੋਂ ਬਾਅਦ ਹਵਾਈ ਹਮਲੇ ਦੇ ਸਾਇਰਨ ਵੱਜੇ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਧਮਾਕੇ ਸਰਹੱਦ ਪਾਰ ਤੋਂ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦਾ ਨਤੀਜਾ ਸਨ। ਇਸ ਦੌਰਾਨ, ਪਾਕਿਸਤਾਨ ਨੇ ਰਾਜੌਰੀ ਸੈਕਟਰ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸ ਦਾ ਭਾਰਤੀ ਫੌਜ ਨੇ ਸਖ਼ਤ ਅਤੇ ਪ੍ਰਭਾਵਸ਼ਾਲੀ ਜਵਾਬ ਦਿੱਤਾ।
ਤਣਾਅ ਕਾਰਨ ਕਈ ਜ਼ਿਲ੍ਹਿਆਂ ਵਿੱਚ ਬਲੈਕਆਊਟ
ਵਧਦੇ ਤਣਾਅ ਦੇ ਮੱਦੇਨਜ਼ਰ, ਜੰਮੂ, ਕਠੂਆ, ਸਾਂਬਾ, ਊਧਮਪੁਰ, ਰਾਜੌਰੀ ਅਤੇ ਪੁੰਛ ਵਰਗੇ ਸਰਹੱਦੀ ਜ਼ਿਲ੍ਹਿਆਂ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਡਰੋਨ ਇੱਕ ਵਾਰ ਫਿਰ ਸਾਂਬਾ ਸੈਕਟਰ ਵਿੱਚ ਦੇਖੇ ਗਏ, ਜਿਨ੍ਹਾਂ ਨੂੰ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਤੁਰੰਤ ਬੇਅਸਰ ਕਰ ਦਿੱਤਾ।
ਇਹ ਵੀ ਪੜ੍ਹੋ
ਸੁਰੱਖਿਆ ਕਾਰਨਾਂ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਹਵਾਈ ਸੈਨਾ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਇਹ ਹੁਕਮ ਜਾਰੀ ਕੀਤਾ ਤੇ ਲੋਕਾਂ ਨੂੰ ਆਪਣੇ ਘਰ ਨਾ ਛੱਡਣ ਦੀ ਸਲਾਹ ਦਿੱਤੀ।
ਸ੍ਰੀਨਗਰ ਹਵਾਈ ਅੱਡਾ 14 ਮਈ ਤੱਕ ਬੰਦ
ਪਾਕਿਸਤਾਨ ਵੱਲੋਂ ਲਗਾਤਾਰ ਹਮਲਿਆਂ ਅਤੇ ਸਰਹੱਦ ‘ਤੇ ਤਣਾਅ ਦੇ ਕਾਰਨ, ਸ਼੍ਰੀਨਗਰ ਹਵਾਈ ਅੱਡਾ 14 ਮਈ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜੰਮੂ ਅਤੇ ਬਾਰਾਮੂਲਾ ਵਰਗੇ ਪ੍ਰਮੁੱਖ ਇਲਾਕਿਆਂ ਵਿੱਚ ਵੀ ਬਲੈਕਆਊਟ ਲਾਗੂ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ, “ਜਿੱਥੇ ਮੈਂ ਹਾਂ, ਉੱਥੋਂ ਰੁਕ-ਰੁਕ ਕੇ ਧਮਾਕਿਆਂ ਅਤੇ ਭਾਰੀ ਤੋਪਖਾਨੇ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਉੜੀ, ਪੁੰਛ ਅਤੇ ਕੁਪਵਾੜਾ ਵਿੱਚ ਭਾਰੀ ਗੋਲਾਬਾਰੀ ਹੋ ਰਹੀ ਹੈ।”