ਮੁਹੰਮਦ ਅਜ਼ਹਰੂਦੀਨ ‘ਤੇ HCA ‘ਚ ਬੇਨਿਯਮੀਆਂ ਦਾ ਆਰੋਪ, ਅੱਜ ਈਡੀ ਸਾਹਮਣੇ ਨਹੀਂ ਹੋਏ ਪੇਸ਼, ਮੰਗਿਆ ਸਮਾਂ

Updated On: 

03 Oct 2024 12:52 PM

Mohammad Azharuddin: ਮਨੀ ਲਾਂਡਰਿੰਗ ਮਾਮਲੇ 'ਚ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਏਜੰਸੀ ਤੋਂ ਸਮਾਂ ਮੰਗਿਆ ਹੈ। ਅਜ਼ਹਰੂਦੀਨ 'ਤੇ HCA 'ਚ ਬੇਨਿਯਮੀਆਂ ਦਾ ਆਰੋਪ ਹੈ। ਐਸੋਸੀਏਸ਼ਨ ਦੇ 20 ਕਰੋੜ ਰੁਪਏ ਦੇ ਫੰਡਾਂ ਦਾ ਗਬਨ ਕੀਤਾ ਗਿਆ ਹੈ। ਹੁਣ ਈਡੀ ਸਾਬਕਾ ਕ੍ਰਿਕਟਰ ਨੂੰ ਨਵਾਂ ਸੰਮਨ ਜਾਰੀ ਕਰੇਗੀ।

ਮੁਹੰਮਦ ਅਜ਼ਹਰੂਦੀਨ ਤੇ HCA ਚ ਬੇਨਿਯਮੀਆਂ ਦਾ ਆਰੋਪ, ਅੱਜ ਈਡੀ ਸਾਹਮਣੇ ਨਹੀਂ ਹੋਏ ਪੇਸ਼, ਮੰਗਿਆ ਸਮਾਂ

ਮੁਹੰਮਦ ਅਜ਼ਹਰੂਦੀਨ, ਸਾਬਕਾ ਕ੍ਰਿਕਟਰ

Follow Us On

ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਮਨ ਭੇਜਿਆ ਸੀ ਅਤੇ ਉਨ੍ਹਾਂ ਨੇ ਅੱਜ ਹੀ ਪੇਸ਼ ਹੋਣਾ ਸੀ ਪਰ ਅਜ਼ਹਰੂਦੀਨ ਅੱਜ ਈਡੀ ਸਾਹਮਣੇ ਪੇਸ਼ ਨਹੀਂ ਹੋਏ ਹਨ। ਉਨ੍ਹਾਂ ਨੇ ਇਸ ਲਈ ਜਾਂਚ ਏਜੰਸੀ ਤੋਂ ਸਮਾਂ ਮੰਗਿਆ ਹੈ। ਹੁਣ ਈਡੀ ਸਾਬਕਾ ਕ੍ਰਿਕਟਰ ਨੂੰ ਨਵਾਂ ਸੰਮਨ ਜਾਰੀ ਕਰੇਗਾ। ਅਜ਼ਹਰੂਦੀਨ ‘ਤੇ ਹੈਦਰਾਬਾਦ ਕ੍ਰਿਕਟ ਸੰਘ ‘ਚ ਬੇਨਿਯਮੀਆਂ ਦਾ ਦੋਸ਼ ਹੈ। ਜਾਣਕਾਰੀ ਅਨੁਸਾਰ ਐਸੋਸੀਏਸ਼ਨ ਦੇ 20 ਕਰੋੜ ਰੁਪਏ ਦੇ ਫੰਡਾਂ ਦਾ ਗਬਨ ਕੀਤਾ ਗਿਆ ਹੈ।

ਅਜ਼ਹਰੂਦੀਨ ਨੂੰ ਸਤੰਬਰ 2019 ਵਿੱਚ ਹੈਦਰਾਬਾਦ ਕ੍ਰਿਕਟ ਸੰਘ (HCA) ਦਾ ਪ੍ਰਧਾਨ ਚੁਣਿਆ ਗਿਆ ਸੀ। ਉਨ੍ਹਾਂ ਨੂੰ ਜੂਨ 2021 ਵਿੱਚ ਆਪਣਾ ਅਹੁਦਾ ਛੱਡਣਾ ਪਿਆ ਸੀ। ਫੰਡਾਂ ਦੀ ਦੁਰਵਰਤੋਂ ਦੇ ਆਰੋਪਾਂ ਤਹਿਤ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਗਈ ਸੀ। ਈਡੀ ਨੇ ਹੈਦਰਾਬਾਦ ਕ੍ਰਿਕਟ ਸੰਘ ਦੇ ਅਧਿਕਾਰੀਆਂ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਈਡੀ ਨੇ ਤੇਲੰਗਾਨਾ ‘ਚ 9 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ ਅਤੇ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਡਿਜੀਟਲ ਉਪਕਰਨ ਬਰਾਮਦ ਕੀਤੇ ਸਨ।

ਸਟੇਡੀਅਮ ਦੇ ਨਿਰਮਾਣ ਵਿੱਚ ਵਿੱਤੀ ਬੇਨਿਯਮੀਆਂ ਦੇ ਆਰੋਪ

ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਦੇ ਅਨੁਸਾਰ, ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਰਾਜੀਵ ਗਾਂਧੀ ਕ੍ਰਿਕਟ ਸਟੇਡੀਅਮ ਦੇ ਨਿਰਮਾਣ ਵਿੱਚ ਵਿੱਤੀ ਬੇਨਿਯਮੀਆਂ ਕੀਤੀਆਂ ਹਨ। ਉਨ੍ਹਾਂ ਨੇ ਪ੍ਰਾਈਵੇਟ ਕੰਪਨੀਆਂ ਨੂੰ ਉੱਚੀਆਂ ਦਰਾਂ ‘ਤੇ ਠੇਕੇ ਦਿੱਤੇ ਅਤੇ ਐਸੋਸੀਏਸ਼ਨ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਇਆ। ਈਡੀ ਨੇ ਇਸ ਮਾਮਲੇ ਵਿੱਚ ਤਿੰਨ ਐਫਆਈਆਰ ਦਰਜ ਕੀਤੀਆਂ ਹਨ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਅਜ਼ਹਰੂਦੀਨ 2009 ‘ਚ ਕਾਂਗਰਸ ਦੀ ਟਿਕਟ ‘ਤੇ ਮੁਰਾਦਾਬਾਦ, ਯੂਪੀ ਤੋਂ ਸੰਸਦ ਮੈਂਬਰ ਰਹੇ ਹਨ। ਉਨ੍ਹਾਂ ਨੇ ਰਾਜਸਥਾਨ ਤੋਂ 2014 ਦੀ ਲੋਕ ਸਭਾ ਚੋਣ ਲੜੀ ਸੀ ਪਰ ਚੋਣ ਹਾਰ ਗਏ ਸਨ। 2018 ਵਿੱਚ, ਉਨ੍ਹਾਂ ਨੂੰ ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

ਮਜ਼ਬੂਤ ​​ਬੱਲੇਬਾਜ਼ ਅਤੇ ਸਫਲ ਕਪਤਾਨ, ਅਜਿਹਾ ਸੀ ਉਨ੍ਹਾਂ ਦਾ ਕਰੀਅਰ

ਮੁਹੰਮਦ ਅਜ਼ਹਰੂਦੀਨ ਟੀਮ ਇੰਡੀਆ ਦੇ ਮਜ਼ਬੂਤ ​​ਬੱਲੇਬਾਜ਼ ਰਹੇ ਹਨ। ਉਹ ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣੇ ਜਾਂਦੇ ਹਨ। ਸਾਲ 2000 ਵਿੱਚ ਮੈਚ ਫਿਕਸਿੰਗ ਵਿੱਚ ਉਨ੍ਹਾਂ ਦਾ ਨਾਮ ਆਉਣ ਤੋਂ ਬਾਅਦ ਉਨ੍ਹਾਂਦਾ ਕ੍ਰਿਕਟ ਕਰੀਅਰ ਖਤਮ ਹੋ ਗਿਆ ਸੀ। ਉਨ੍ਹਾਂਨੇ ਭਾਰਤ ਲਈ 99 ਟੈਸਟ ਅਤੇ 334 ਇੱਕ-ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ ਹਨ। ਅਜ਼ਹਰ ਨੇ 99 ਟੈਸਟ ਮੈਚਾਂ ਵਿੱਚ 45.03 ਦੀ ਔਸਤ ਨਾਲ 6215 ਦੌੜਾਂ ਬਣਾਈਆਂ ਹਨ, ਜਿਸ ਵਿੱਚ 22 ਸੈਂਕੜੇ ਅਤੇ 21 ਅਰਧ ਸੈਂਕੜੇ ਸ਼ਾਮਲ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਰੋਜ਼ਾ ਅੰਤਰਰਾਸ਼ਟਰੀ ਵਿੱਚ 9378 ਦੌੜਾਂ ਬਣਾਈਆਂ ਹਨ, ਜਿਸ ਵਿੱਚ 7 ​​ਸੈਂਕੜੇ ਅਤੇ 58 ਅਰਧ ਸੈਂਕੜੇ ਸ਼ਾਮਲ ਹਨ।