MIG-21 Crash: ਹਨੂੰਮਾਨਗੜ੍ਹ ‘ਚ ਘਰ ਦੀ ਛੱਤ ‘ਤੇ ਡਿੱਗਿਆ ਮਿਗ-21, 4 ਪਿੰਡ ਵਾਸੀਆਂ ਦੀ ਮੌਤ; ਪਾਇਲਟ ਸੁਰੱਖਿਅਤ

Updated On: 

08 May 2023 12:15 PM IST

MiG-21 crash in Hanumangarh: ਪੰਜਾਬ ਦੇ ਫਿਰੋਜ਼ਪੁਰ ਜਿਲ੍ਹੇ ਨਾਲ ਲਗਦੇ ਰਾਜਸਥਾਨ ਦੇ ਹਨੂੰਮਾਨਗੜ੍ਹ 'ਚ ਫੌਜ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਬਹਿਲੋਲ ਨਗਰ ਵਿੱਚ ਵਾਪਰਿਆ। ਹਾਦਸੇ ਵਿੱਚ ਪਾਇਲਟ ਨੇ ਸਮੇਂ ਸਿਰ ਜਹਾਜ਼ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੀ ਜਾਨ ਬਚ ਗਈ।

Follow Us On
ਹਨੂੰਮਾਨਗੜ੍ਹ ਨਿਊਜ: ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਫੌਜ ਦਾ ਲੜਾਕੂ ਜਹਾਜ਼ ਮਿਗ-21 (MiG-21 crash in Hanumangarh) ਹਾਦਸਾਗ੍ਰਸਤ ਹੋ ਗਿਆ ਹੈ । ਇਹ ਘਟਨਾ ਸੋਮਵਾਰ ਸਵੇਰੇ ਬਹਿਲੋਲ ਨਗਰ ‘ਚ ਵਾਪਰੀ । ਜਹਾਜ਼ ਨੂੰ ਉਡਾਉਣ ਵਾਲੇ ਪਾਇਲਟ ਨੇ ਮਿਗ-21 ਤੋਂ ਸਮੇਂ ਸਿਰ ਛਾਲ ਮਾਰ ਦਿੱਤੀ ਅਤੇ ਉਸ ਦੀ ਜਾਨ ਬਚ ਗਈ। ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਇਸ ਹਾਦਸੇ ‘ਚ 4 ਪਿੰਡ ਵਾਸੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚੋਂ 3 ਔਰਤਾਂ ਅਤੇ ਇਕ ਪੁਰਸ਼ ਹੈ। ਇਹ ਹਾਦਸਾ ਅੱਜ ਸਵੇਰੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਏਅਰਫੋਰਸ ਦਾ ਇਹ ਜਹਾਜ਼ ਸੂਰਤਗੜ੍ਹ ਤੋਂ ਆ ਰਿਹਾ ਸੀ। ਜਹਾਜ਼ ‘ਚ ਬੈਠੇ ਪਾਇਲਟ ਨੂੰ ਲੱਗਣ ਲੱਗਾ ਕਿ ਮਿਗ ਹੁਣ ਹਾਦਸੇ ਦਾ ਸ਼ਿਕਾਰ ਹੋ ਜਾਵੇਗਾ, ਇਸ ਲਈ ਉਹ ਪੈਰਾਸ਼ੂਟ ਦੀ ਮਦਦ ਨਾਲ ਜਹਾਜ਼ ਤੋਂ ਬਾਹਰ ਨਿਕਲ ਗਿਆ। ਜਾਣਕਾਰੀ ਮੁਤਾਬਕ ਪਾਇਲਟਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

ਹਾਦਸਾ ਕਿਵੇਂ ਹੋਇਆ? ਜਾਂਚ ਕਰੇਗੀ ਹਵਾਈ ਸੈਨਾ

ਭਾਰਤੀ ਹਵਾਈ ਸੈਨਾ ਨੇ ਵੀ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਹਵਾਈ ਸੈਨਾ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇ ਮਿਗ 21 ਜਹਾਜ਼ ਨੇ ਸੋਮਵਾਰ ਸਵੇਰੇ ਸੂਰਤਗੜ੍ਹ ਤੋਂ ਰੁਟੀਨ ਉਡਾਣ ਲਈ ਉਡਾਣ ਭਰੀ ਸੀ। ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਸੈਨਾ ਵੱਲੋਂ ਦੱਸਿਆ ਗਿਆ ਕਿ ਇਸ ਹਾਦਸੇ ਵਿੱਚ ਪਾਇਲਟ ਸੁਰੱਖਿਅਤ ਹੈ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫੌਜ ਨੇ ਹਾਦਸੇ ਦੀ ਜਾਂਚ ਲਈ ਟੀਮ ਬਣਾਈ ਹੈ।

ਮੌਕੇ ‘ਤੇ ਪਿੰਡ ਵਾਸੀਆਂ ਦੀ ਭੀੜ ਜੁਟੀ

ਹਾਦਸੇ ਵਿੱਚ ਮਿਗ-21 ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦੇ ਨਾਲ ਹੀ ਮੌਕੇ ‘ਤੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਜਹਾਜ਼ ਦੇ ਮਲਬੇ ‘ਚੋਂ ਧੂੰਆਂ ਨਿਕਲ ਰਿਹਾ ਹੈ। ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਐਸਪੀ ਸੁਧੀਰ ਚੌਧਰੀ ਨੇ ਕਿਹਾ ਹੈ ਕਿ ਬਹਿਲੋਲਨਗਰ ਜ਼ਿਲੇ ‘ਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਕੁਝ ਪਿੰਡ ਵਾਸੀਆਂ ਦੀ ਮੌਤ ਹੋਣ ਦੀ ਖਬਰ ਹੈ। ਜਹਾਜ਼ ਕਰੈਸ਼ ਹੋ ਕੇ ਪਿੰਡ ਵਾਸੀਆਂ ਦੇ ਘਰ ‘ਤੇ ਡਿੱਗ ਗਿਆ ਸੀ। ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ।

ਜੰਮੂ-ਕਸ਼ਮੀਰ ‘ਚ ਹਾਦਸਾਗ੍ਰਸਤ ਹੋਇਆ ਸੀ ਫੌਜ ਦਾ ਹੈਲੀਕਾਪਟਰ

ਚਾਰ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਇਹ ਹਾਦਸਾ ਮੜਵਾ ਇਲਾਕੇ ‘ਚ ਪੈਂਦੇ ਮਚਨਾ ਦੇ ਜੰਗਲਾਂ ‘ਚ ਵਾਪਰਿਆ। ਦੱਸਿਆ ਗਿਆ ਸੀ ਕਿ ਤਕਨੀਕੀ ਖਰਾਬੀ ਕਾਰਨ ਫੌਜ ਦਾ ਹੈਲੀਕਾਪਟਰ ਐਮਰਜੈਂਸੀ ਲੈਂਡਿੰਗ ਦੌਰਾਨ ਕਰੈਸ਼ ਹੋ ਗਿਆ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ